Breaking News
Home / ਰੈਗੂਲਰ ਕਾਲਮ / ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ 13ਵਾਂ ਇੰਟਰਨੈਸ਼ਨਲ ਸੈਮੀਨਾਰ ਆਯੋਜਿਤ

ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ 13ਵਾਂ ਇੰਟਰਨੈਸ਼ਨਲ ਸੈਮੀਨਾਰ ਆਯੋਜਿਤ

ਬਰੈਂਪਟਨ/ਬਿਊਰੋ ਨਿਊਜ਼
ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ 13ਵਾਂ ਇੰਟਰਨੈਸ਼ਨਲ ਸੈਮੀਨਾਰ ਸਥਾਨਕ ਪੀਅਰਸਨ ਕਨਵੈਨਸ਼ਨ ਸੈਂਟਰ ਬਰੈਂਪਟਨ ਵਿਖੇ ਆਪਣੇ ਡੂੰਘੇ ਪ੍ਰਭਾਵ ਛੱਡਦਿਆਂ, ਨਵੇਂ ਸੰਦੇਸ਼ ਅਤੇ ਪ੍ਰੇਰਨਾ ਦਿੰਦਿਆਂ ਸੰਪੰਨ ਹੋਇਆ। ‘ਸਿੱਖ ਪਰਿਪੇਖ ‘ਚ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰਾ’ ਵਿਸ਼ੇ ‘ਤੇ ਹੋਏ ਇਸ ਸੈਮੀਨਾਰ ਦਾ ਉਦਘਾਟਨ ਕੈਨੇਡਾ ਦੀ ਮੈਂਬਰ ਪਾਰਲੀਮੈਂਟ ਬੀਬੀ ਕਮਲ ਖਹਿਰਾ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਆਫ਼ ਉਨਟਾਰੀਓ ਬੀਬੀ ਹਰਿੰਦਰ ਮੱਲ੍ਹੀ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਆਫ ਉਨਟਾਰੀਓ ਵਿੱਕ ਢਿੱਲੋਂ ਅਤੇ ਬਰੈਂਪਟਨ ਸ਼ਹਿਰ ਦੇ ਕੌਂਸਲਰ ਸਰਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਸਾਂਝੇ ਤੌਰ ‘ਤੇ ਪ੍ਰੋਫੈਸਰ ਮੁਖ਼ਤਾਰ ਅਹਿਮਦ ਚੀਮਾ, ਅਹਿਮਦੀਆ ਮੁਸਲਿਮ ਯੂਨੀਵਰਸਿਟੀ, ਅਬਦੁਲ ਹਲੀਮ ਤਈਅਬ ਅਤੇ ਅਰਸ਼ਦ ਮਹਿਮੂਦ, ਅਹਿਮਦੀਆ ਮੁਸਲਿਮ ਜਮਾਤ, ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਕੈਨੇਡਾ ਵੱਖ ਵੱਖ ਸ਼ਹਿਰਾਂ ਤੋਂ ਆਏ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਸਰੋਤਿਆਂ ਦੀ ਹਾਜ਼ਰੀ ਵਿੱਚ ਰਿਬਨ ਕੱਟ ਕੇ ਕੀਤਾ।
ਆਪਣੇ ਉਦਘਾਟਨ ਭਾਸ਼ਣ ‘ਚ ਬੋਲਦਿਆਂ ਬੀਬੀ ਕਮਲ ਖਹਿਰਾ ਨੇ ਕਿਹਾ ਕਿ ‘ਕੈਨੇਡੀਅਨ ਚਾਰਟਰ ਆਫ਼ ਰਾਈਟਸ’ ਮੂਲ ਰੂਪ ‘ਚ ਸਿੱਖ ਸਿਧਾਂਤ ਹੀ ਹਨ ਜੋ ਕਿ ਸਾਨੂੰ ਆਪਸੀ ਪਿਆਰ ਮੁਹੱਬਤ, ਸਮਾਜਿਕ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਸ਼ਾਂਤੀ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਪ੍ਰੀਮੀਅਰ (ਮੁੱਖ ਮੰਤਰੀ) ਕੈਥਲੀਨ ਵਿਨ ਦਾ ਸੁਨੇਹਾ ਪੜ੍ਹਕੇ ਸੁਣਾਇਆ। ਵਿੱਕ ਢਿੱਲੋ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ‘ਚ ਦਰਜ ‘ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਦਾ ਸੰਦੇਸ਼’ ਸਮੁੱਚੀ ਲੋਕਾਈ ਨੂੰ ਇੱਕ ਲੜੀ ‘ਚ ਪਰੋਣ ਦੇ ਲਾਇਕ ਹੈ ਅਤੇ ਸਾਨੂੰ ਸਿੱਖੀ ਦੇ ਇਸ ਮਹਾਨ ਸਿਧਾਂਤ ਦਾ ਪ੍ਰਚਾਰ ਅਤੇ ਪਸਾਰ ਸਾਰੀ ਦੁਨੀਆਂ ‘ਚ ਕਰਨਾ ਚਾਹੀਦਾ ਹੈ। ਗੁਰਪ੍ਰੀਤ ਸਿੰਘ ਢਿੱਲੋਂ ਨੇ ਵੀ ਸੈਮੀਨਾਰ ਦੇ ਪ੍ਰਬੰਧਕਾਂ ਨੂੰ ਇੱਕ ਪ੍ਰੇਰਣਾਮਈ ਵਿਸ਼ੇ ਤੇ ਸੈਮੀਨਾਰ ਕਰਨ ਲਈ ਜਿੱਥੇ ਵਧਾਈ ਦਿੱਤੀ ਉੱਥੇ ਧੰਨਵਾਦ ਵੀ ਕੀਤਾ। ਇਹਨਾਂ ਉੱਘੀਆਂ ਸਖ਼ਸ਼ੀਅਤਾਂ ਦੀ ਹਾਜ਼ਰੀ ‘ਚ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ 7ਵਾਂ ਇੰਟਰਨੈਸ਼ਨਲ ਸ਼੍ਰੋਮਣੀ ਸੇਵਾ ਐਵਾਰਡ ਡਾਕਟਰ ਇੰਦਰਜੀਤ ਕੌਰ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਦਿੱਤਾ ਗਿਆ।
ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੋਸਾਇਟੀ ਦੇ ਚੇਅਰਮੈਨ ਡਾਕਟਰ ਕੁਲਜੀਤ ਸਿੰਘ ਜੰਜੂਆ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸਮਾਗਮ ਦੇ ਵਿਸ਼ੇ ਦੀ ਮਹੱਤਤਾ ਅਤੇ ਇਸ ਵਿਚਾਰ ਗੋਸ਼ਟੀ ਦੇ ਆਯੋਜਨ ਵਿੱਚ ਸ਼ਾਮਿਲ ਹੋਏ ਵਿਸ਼ਾ ਮਾਹਰਾਂ, ਵਿਸ਼ੇਸ਼ ਮਹਿਮਾਨਾਂ ਅਤੇ ਦੂਰੋਂ ਦੂਰੋਂ ਆਏ ਸਰੋਤਿਆਂ ਦਾ ਸਵਾਗਤ ਕੀਤਾ।ઠ
ਸੈਮੀਨਾਰ ਦੇ ਦੂਜੇ ਸ਼ੈਸ਼ਨ ਦੀ ਸ਼ੁਰੂਆਤ, ਡਾਕਟਰ ਦਵਿੰਦਰ ਪਾਲ ਸਿੰਘ, ਸੈਂਟਰ ਫ਼ਾਰ ਅੰਡਰਸਟੈਂਡਿਗ ਸਿੱਖਇਜ਼ਮ (ਮਿਸੀਸਾਗਾ) ਦੇ ਖੋਜ ਪੱਤਰ ਨਾਲ ਹੋਈ ਜਿਹਨਾਂ ਨੇ ਸਲਾਇਡ ਸ਼ੋਅ ਰਾਹੀਂ ਵਿਸ਼ਵ-ਸ਼ਾਂਤੀ ਮਨੁੱਖੀ ਭਾਈਚਾਰੇ ਲਈ ਲੋੜੀਂਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਤੋਂ ਬਿਨਾਂ ਕੋਈ ਧਰਮ, ਸਮਾਜ, ਦੇਸ਼ ਤਰੱਕੀ ਨਹੀਂ ਕਰ ਸਕਦਾ। ਸੈਮੀਨਾਰ ਦੇ ਦੂਜੇ ਬੁਲਾਰੇ ਡਾਕਟਰ ਗੁਰਦੇਵ ਸਿੰਘ ਸੰਘਾ (ਕਿਚਨਰ) ਨੇ ‘ਮਿਲ ਬੈਠ ਕੇ ਚਲਣ ਲਈ ਸਿੱਖਾਂ ਦੀ ਭੂਮਿਕਾ’ ਵਿਸ਼ੇ ‘ਤੇ ਆਪਣਾ ਖੋਜ ਪੱਤਰ ਪੜ੍ਹਿਆ। ਤੀਜੇ ਵਕਤਾ ਡਾਕਟਰ ਦਵਿੰਦਰ ਸਿੰਘ (ਹੈਮਿਲਟਨ) ਨੇ ‘ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰਾ – ਸਿੱਖ ਪਰਿਪੇਖ’ ਵਿਸ਼ੇ ‘ਤੇ ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਅੰਗਰੇਜ਼ ਵਿਦਵਾਨਾਂ ਦੇ ਵਿਸ਼ਵ-ਸ਼ਾਂਤੀ ਦੇ ਸੰਦਰਭ ‘ਚ ਗੁਰਬਾਣੀ ਸੰਦੇਸ਼ਾਂ ਦੇ ਹਵਾਲੇ ਸਾਂਝੇ ਕੀਤੇ। ਚੌਥੇ ਬੁਲਾਰੇ ਡਾਕਟਰ ਬਲਵਿੰਦਰਜੀਤ ਕੌਰ ਭੱਟੀ, ਮੁਖੀ ਪੰਜਾਬ ਇਤਿਹਾਸਿਕ ਸਟੱਡੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਅੱਜ ਜਦੋਂ ਕਿ ਸਮੁੱਚਾ ਵਿਸ਼ਵ ਆਪੋ ਆਪਣੇ ਦੇਸ਼ਾਂ ਤੇ ਕੌਮਾਂ ਦੀ ਖੁਸ਼ਹਾਲੀ ਦੀ ਸੋਚ ਕਾਰਨ ਆਪਸੀ ਅੰਤਰ-ਵਿਰੋਧਾਂ ਦਾ ਸ਼ਿਕਾਰ ਹੋਣ ਕਾਰਨ ਤਬਾਹੀ ਦੇ ਕੰਢੇ ‘ਤੇ ਖੜ੍ਹਾ ਹੈ ਤਾਂ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਪਿਆਰੇ ਤੇ ਸਾਂਝ ਸੁਰ ਵਾਲੇ ਸੰਦੇਸ਼ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਨੂੰ ਠੀਕ ਪ੍ਰਸੰਗ ਵਿਚ ਵਿਸ਼ਵ-ਪੱਧਰ ‘ਤੇ ਪ੍ਰਸਾਰਨ, ਸੰਚਾਰਨ ਅਤੇ ਅਪਣਾਉਣ ਦੀ ਤਾਂ ਜੋ ਮਾਨਵਚੇਤਨਾ ਵਿਚ ਸਹਿਨਸ਼ੀਲਤਾ, ਇਕਸੁਰਤਾ ਤੇ ਅਮਨ-ਸ਼ਾਂਤੀ ਦੀ ਭਾਵਨਾ ਪੈਦਾ ਹੋ ਸਕੇ। ਪੰਜਵੇਂ ਬੁਲਾਰੇ ਡਾਕਟਰ ਜਸਬੀਰ ਕੌਰ, ਪ੍ਰੋਫੈਸਰ ਪੰਜਾਬੀ ਭਾਸ਼ਾ ਵਿਸਥਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਇੱਕੋ-ਇੱਕ ਅਜਿਹਾ ਬ੍ਰਹਿਮੰਡੀ ਧਰਮ ਗ੍ਰੰਥ ਹੈ ਜਿਹੜਾ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ’ ਅਤੇ ‘ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਓ’ ਦੇ ਮਾਨਵ ਕਲਿਆਣਕਾਰੀ ਸੰਦੇਸ਼ ਦਿੰਦਿਆਂ ਸਮੁੱਚੀ ਮਨੁੱਖਤਾ ਲਈ ਚਿੰਤਾ ਕਰਦਾ ਹੈ। ਛੇਵੇਂ ਬੁਲਾਰੇ ਡਾਕਟਰ ਗੁਰਨਾਮ ਕੌਰ, ਸਾਬਕਾ ਮੁਖੀ-ਸ਼੍ਰੀ ਗੁਰੂ ਗਰੰਥ ਸਾਹਿਬ ਸਟੱਡੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਸਿੱਖ ਜਦੋਂ ਵੀ ਗੁਰਦੁਆਰੇ ਵਿਚ, ਸੰਗਤ ਵਿਚ ਜਾਂ ਵਿਅਕਤੀਗਤ ਰੂਪ ਵਿਚ ਅਰਦਾਸ ਕਰਦਾ ਹੈ ਤਾਂ ਅਖ਼ੀਰ ਵਿਚ ਗੁਰੂ ਅੱਗੇ ਨਤਮਸਤਕ ਹੋਣ ਤੋਂ ਪਹਿਲਾਂ ਅਕਾਲ ਪੁਰਖ ਤੋਂ ਨਾਮ ਦਾ ਦਾਨ, ਚੜ੍ਹਦੀ ਕਲਾ ਦਾ ਦਾਨ ਅਤੇ ਸਰਬੱਤ ਦਾ ਭਲਾ ਮੰਗਦਾ ਹੈ। ਇਹ ਸਿੱਖ ਚਿੰਤਨ ਦੀ ਖੂਬੀ ਹੈ ਕਿ ਨਿਜ ਦੇ ਸਵਾਰਥ ਨੂੰ ਛੱਡ ਕੇ ਉਹ ਸਰਬ ਲੁਕਾਈ ਦਾ ਭਲਾ ਮੰਗਦਾ ਹੈ। ਸੱਤਵੇਂ ਬੁਲਾਰੇ ਡਾਕਟਰ ਸਈਦ ਵਸੀਮ ਗਰਦੇਜ਼ੀ, ਮੁਖੀ ਪੰਜਾਬੀ ਵਿਭਾਗ, ਜ਼ਿਮੀਦਾਰਾ ਕਾਲਿਜ ਗੁਜਰਾਤ (ਪਾਕਿਸਤਾਨ) ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਧਾਰ ਬਣਾ ਕੇ ਵਿਸ਼ਵ ਸ਼ਾਂਤੀ ਲਈ ਆਪਣੇ ਵਿਚਾਰ ਪੇਸ਼ ਕੀਤੇ।ઠਅੱਠਵੇਂ ਬੁਲਾਰੇ ਡਾਕਟਰ ਅਮਰ ਜਯੋਤੀ (ਇੰਗਲੈਂਡ) ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਅਧਿਆਤਮਕ ਖੇਤਰ ਦੇ ਨਾਲ-ਨਾਲ ਲੋਕ ਜੀਵਨ-ਮਾਰਗ ਦਾ ਵਡਮੁੱਲਾ ਖ਼ਜ਼ਾਨਾ ਹੈ। ਵਿਸ਼ਵ-ਪੱਧਰ ‘ਤੇ ਫੈਲੀ ਅਸ਼ਾਂਤੀ ਨੂੰ ਸੁਲਝਾਉਣ ਲਈ ਇਸ ਪਾਵਨ ਗ੍ਰੰਥ ਵਿਚਲੀ ਬਾਣੀ ਨੂੰ ਠੀਕ ਪ੍ਰਸੰਗ ਵਿਚ ਸਮਝਣ ਅਤੇ ਸਮਝਾਉਣ ਦੀ ਲੋੜ ਹੈ।

ਨੌਵੇਂ ਬੁਲਾਰੇ ਸਰਦਾਰ ਰਣਬੀਰ ਸਿੰਘ ਪਰਹਾਰ (ਮਾਰਖ਼ਮ) ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਇੱਕੋ-ਇੱਕ ਅਜਿਹਾ ਬ੍ਰਹਿਮੰਡੀ ਧਰਮ ਗ੍ਰੰਥ ਹੈ ਜਿਹੜਾ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ’ ਦਾ ਸੰਦੇਸ਼ ਦਿੰਦਾ ਹੈ ਅਤੇ ਵਿਸ਼ਵ-ਸ਼ਾਂਤੀ ਦੀ ਪ੍ਰੋੜਤਾ ਕਰਦਾ ਹੈ। ਦਸਵੇਂ ਬੁਲਾਰੇ ਸ਼੍ਰੀਮਤੀ ਅਤਿੰਦਰ ਸੰਧੂ, ਐਡੀਟਰ ‘ਏਕਮ’ (ਅਮ੍ਰਿਤਸਰ) ਨੇ ਕਿਹਾ ਕਿ ਸਮੁੱਚੀ ਗੁਰਬਾਣੀ ਜਾਤ, ਨਸਲ, ਦੇਸ਼ ਜਾਂ ਮਜ਼ਹਬ ઠਨੂੰ ਕੋਈ ਮਹੱਤਵ ਨਹੀਂ ਦਿੰਦੀ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਦਿੰਦੀ ਹੈ। ਡਾਕਟਰ ਦਵਿੰਦਰ ਸਿੰਘ ਚਾਹਲ ਜਿਹਨਾਂ ਨੇ ਆਪਣਾ ਖੋਜ ਪੱਤਰ ‘ਸਿੱਖ ਪਰਿਪੇਖ ‘ਚ ਵਿਸ਼ਵ ਸ਼ਾਂਤੀ’ ਪੜ੍ਹਨਾ ਸੀ ਕਿਸੇ ਕਾਰਨ ਕਰਕੇ ਸਮਾਗਮ ‘ਚ ਸ਼ਿਰਕਤ ਨਹੀਂ ਕਰ ਸਕੇ। ਇਸ ਸੈਮੀਨਾਰ ‘ਚ ਡਾਕਟਰ ਕੰਵਲਜੀਤ ਕੌਰ ਢਿੱਲੋਂ, ਡਾਕਟਰ ਜਗਦੀਸ਼ ਕੌਰ, ਡਾਕਟਰ ਸਤਿੰਦਰ ਕੌਰ ਕਾਹਲੋਂ, ਡਾਕਟਰ ਪ੍ਰਿਤਪਾਲ ਕੌਰ ਚਾਹਲ, ਕਮਿਊਨਿਟੀ ਲੀਡਰ ਮਾਰਟਿਨ ਸਿੰਘ, ਡਾਕਟਰ ਮਿਨਾਕਸ਼ੀ ਸ਼ਰਮਾ, ਸਮਾਜ ਸੇਵੀ ਹਰਭਜਨ ਸਿੰਘ ਬਰਾੜ, ਸਮਾਜ ਸੇਵੀ ਸੁੱਖੀ ਬਾਠ, ਕਮਿਊਨਿਟੀ ਲੀਡਰ ਪਰਮਜੀਤ ਸਿੰਘ ਬਿਰਦੀ ਅਤੇ ਅੰਕਲ ਦੁੱਗਲ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਸੈਮੀਨਾਰ ਦੀ ਪ੍ਰਧਾਨਗੀ ਪੰਜਾਬ, ਭਾਰਤ ਤੋਂ ਉਚੇਚੇ ਤੌਰ ‘ਤੇ ਪਹੁੰਚੇ ਡਾਕਟਰ ਪਰਮਵੀਰ ਸਿੰਘ ਜੋ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਦੇ ਮੁਖੀ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ, ਨੇ ਕੀਤੀ।  ਆਪਣੇ ਧੰਨਵਾਦੀ ਭਾਸ਼ਣ ‘ਚ ਸੋਸਾਇਟੀ ਦੇ ਕੋਆਰਡੀਨੇਟਰ ਸਰਦਾਰ ਜਸਬੀਰ ਸਿੰਘ ਬੋਪਾਰਾਏ ਨੇ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਮਾਲਕ ਸਰਦਾਰ ਮਹਿੰਦਰ ਸਿੰਘ ਮਿਨਹਾਸ ਦਾ ਖਾਸ ਧੰਨਵਾਦ ਕਰਨ ਉਪਰੰਤ ਸੈਮੀਨਾਰ ‘ਚ ਸ਼ਾਮਿਲ ਹੋਏ ਵਿਸ਼ਾ ਮਾਹਰਾਂ, ਵਿਸ਼ੇਸ਼ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਸਰਦਾਰ ਪਿਆਰਾ ਸਿੰਘ ਕੁੱਦੋਵਾਲ ਨੇ ਇਸ ਵਿਚਾਰ ਗੋਸ਼ਟੀ ਦੇ ਸੂਰਤਧਾਰ ਦੀ ਭੂਮਿਕਾ ਬਾਖ਼ੂਬੀ ਨਿਭਾਈ ਅਤੇ ਆਪਣੀਆਂ ਸਟੀਕ ਟਿੱਪਣੀਆਂ ਨਾਲ ਸਭ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ। ਅਣਥੱਕ ਸੇਵਕ ਸਰਦਾਰ ਸੰਜੀਵ ਸਿੰਘ ਭੱਟੀ ਨੇ ਫੋਟੋਗਰਾਫ਼ੀ ਦੀ ਸੇਵਾ ਕੀਤੀ। ਇਸ ਵਿਚਾਰ ਗੋਸ਼ਟੀ ‘ਚ ਸਾਈਂ ਮੀਆਂ ਮੀਰ ਫਾਊਂਡੇਸ਼ਨ, ਅੰਮ੍ਰਿਤਸਰ ਤੋਂ ਹਰਭਜਨ ਬਰਾੜ, ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਬਲਵਿੰਦਰ ਸਿੰਘ ਸਰਪੰਚ ਦੌਨ ਕਲਾਂ, ਪੰਜਾਬ ਭਵਨ ਸਰੀ-ਬੀ.ਸੀ. (ਕੈਨੇਡਾ) ਤੋਂ ਸੁੱਖੀ ਬਾਠ ਅਤੇ ਕੁਲਵਿੰਦਰ ਚਾਂਦ, ਪੰਜਾਬੀ ਭਵਨ-ਬਰੈਂਪਟਨ ਤੋ ਵਿਪਨਦੀਪ ਸਿੰਘ ਮਰੋਕ, ਅਦਾਰਾ ਸੰਵਾਦ ਤੋਂ ਸੁਖਿੰਦਰ, ਮਨੁੱਖੀ ਅਧਿਕਾਰ ਸੁਰੱਖਿਆ ਸੰਸਥਾ ਤੋਂ ਦੀਪਇੰਦਰ ਸਿੰਘ ਲੂੰਬਾ, ਯੂਨਾਈਟਿਡ ਸਿੱਖਜ਼ ਤੋਂ ਰਣਬੀਰ ਸਿੰਘ ਗਿੱਲ, ਗਲੋਬਲ ਪੰਜਾਬ ਫਾਊਂਡੇਸ਼ਨ ਤੋਂ ਕੁਲਵਿੰਦਰ ਸੈਣੀ, ਔਰਤਾਂ ਦੀ ਸੰਸਥਾ ‘ਦਿਸ਼ਾ’ ਤੋਂ ਡਾਕਟਰ ਕੰਵਲਜੀਤ ਕੌਰ, ਸੁਰਜੀਤ ਅਤੇ ਕੰਵਲਜੀਤ ਨੱਤ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਤੋਂ ਤਲਵਿੰਦਰ ਸਿੰਘ ਮੰਡ ਅਤੇ ਪਰਮਜੀਤ ਗਿੱਲ, ਕਲਮਾਂ ਦਾ ਕਾਫ਼ਲਾ ਤੋਂ ਭੁਪਿੰਦਰ ਦੂਲੇ, ਗਜ਼ਲ, ਗੀਤ ਅਤੇ ਸ਼ਾਇਰੀ ਤੋਂ ਰਿੰਟੂ ਭਾਟੀਆ, ਪਿੰਗਲਵਾੜਾ ਸੋਸਾਇਟੀ ਤੋਂ ਅਬਿਨਾਸ਼ ਕੌਰ ਕੰਗ, ਨਾਮਧਾਰੀ ਸਿੱਖ ਸੰਗਤ ਤੋਂ ਹਰਦਿਆਲ ਸਿੰਘ ਝੀਤਾ ਤੇ ਸਾਥੀ, ਚੇਤਨਾ ਮੰਚ ਤੋਂ ਨਾਹਰ ਔਜਲਾ, ਯੌਰਕ ਰਿਜ਼ਨਲ ਪੋਲੀਸ ਤੋਂ ਗੁਰਦੀਪ ਪਨੈਇਚ, ਪੱਤਰਕਾਰ ਜਸਵੀਰ ਸ਼ਮੀਲ ਤੋਂ ਇਲਾਵਾ ਡਾਕਟਰ ਅਮੀਆਂ ਕੁੰਵਰ, ਡਾਕਟਰ ਅਕਵਿੰਦਰ ਕੌਰ ਤਨਵੀ, ਡਾਕਟਰ ਗੁਰਮਿੰਦਰ ਸਿੱਧੂ, ਡਾਕਟਰ ਬਲਦੇਵ ਸਿੰਘ ਖਹਿਰਾ ਨੇ ਵਿਸ਼ੇਸ਼ ਤੌਰ ‘ਤੇ ਆਪਣੀ ਹਾਜ਼ਰੀ ਲੁਆਈ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …