Breaking News
Home / ਕੈਨੇਡਾ / ਗੁਰੂ ਨਾਨਕ ਅਕੈਡਮੀ ਰੈਕਸਡੇਲ ਗੁਰੂਘਰ ਵੱਲੋਂ ਗੁਰਮਤਿ ਕੈਂਪ ਦਾ ਆਯੋਜਨ

ਗੁਰੂ ਨਾਨਕ ਅਕੈਡਮੀ ਰੈਕਸਡੇਲ ਗੁਰੂਘਰ ਵੱਲੋਂ ਗੁਰਮਤਿ ਕੈਂਪ ਦਾ ਆਯੋਜਨ

ਰੈਕਸਡੇਲ/ਬਿਊਰੋ ਨਿਊਜ਼ : ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਵਿਖੇ ਚੱਲ ਰਹੀ ਗੁਰੂ ਨਾਨਕ ਅਕੈਡਮੀ ਵੱਲੋਂ ਲੰਘੀ 2 ਜੁਲਾਈ ਤੋਂ 13 ਜੁਲਾਈ ਤੱਕ ਸ਼ਾਨਦਾਰ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ 125 ਦੇ ਲੱਗਭੱਗ 4 ਸਾਲ ਤੋਂ 12 ਸਾਲ ਦੇ ਬੱਚਿਆਂ ਅਤੇ ਵਾਲੰਟੀਅਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਵਿਚ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ, ਗੁਰਬਾਣੀ ਕੀਰਤਨ, ਤਬਲਾ ਵਜਾਉਣ, ਦਸਤਾਰ ਸਜਾਉਣ ਅਤੇ ਗਤਕਾ ਸਿਖਾਉਣ ਦਾ ਉਪਰਾਲਾ ਕੀਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਉਹ ਸਿੱਖੀ ਸਰੂਪ ਅਤੇ ਅਨੁਸਾਸ਼ਨ ਵਿਚ ਰਹਿ ਕੇ ਜੀਵਨ ਦੇ ਹਰ ਖ਼ੇਤਰ ਵਿਚ ਅੱਗੇ ਵਧ ਸਕਦੇ ਹਨ।
ਇਸ ਬਾਰਾਂ-ਦਿਨਾਂ ਕੈਂਪ ਵਿਚ ਵਿਦਿਆਰਥੀਆਂ ਨੂੰ ਗੁਰਸਿੱਖ ਡਾਕਟਰਾਂ, ਵਕੀਲਾਂ, ਕਾਲਜ ਪ੍ਰੋਫ਼ੈਸਰਾਂ, ਸਕੂਲ-ਟਰੱਸਟੀਆਂ, ਪੁਲਿਸ ਅਫ਼ਸਰਾਂ ਤੇ ਫ਼ਾਇਰ ਅਫ਼ਸਰਾਂ ਨੇ ਸੰਬੋਧਨ ਕੀਤਾ ਅਤੇ ਜੀਵਨ ਵਿਚ ਅਨੁਸਾਸ਼ਨ, ਡਰੱਡ-ਅਵੇਅਰਨੈੱਸ ਤੇ ਹੋਰ ਖ਼ੇਤਰਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੇ ਆਖ਼ਰੀ ਦਿਨ ਖਡੂਰ ਸਾਹਿਬ ਤੋਂ ਆਏ ਬਾਬਾ ਸੇਵਾ ਸਿੰਘ ਨੇ ਬੱਚਿਆਂ ਨੂੰ ਟਰਾਫ਼ੀਆਂ ਤੇ ਹੋਰ ਇਨਾਮ ਵੰਡੇ ਅਤੇ ਉਨ੍ਹਾਂ ਨੂੰ ਰੁੱਖਾਂ ਦੀ ਮਹੱਤਤਾ ਅਤੇ ਇਨ੍ਹਾਂ ਦੀ ਲੋੜ ਬਾਰੇ ਦੱਸਿਆ। ਗੁਰਮਤਿ ਅਤੇ ਸਿੱਖ ਇਤਿਹਾਸ ਬਾਰੇ ਲਏ ਗਏ ਇਮਤਿਹਾਨ ਵਿਚ ਵਧੀਆ ਅੰਕ ਲੈਣ ਵਾਲਿਆਂ ਨੂੰ ਸਪੈਸ਼ਲ ਇਨਾਮ ਦਿੱਤੇ ਗਏ ਜਿਨ੍ਹਾਂ ਵਿਚ ਲੜਕਿਆਂ ਲਈ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਐਵਾਰਡ ਅਤੇ ਲੜਕੀਆਂ ਲਈ ਬੇਬੇ ਨਾਨਕੀ, ਬੀਬੀ ਭਾਨੀ, ਮਾਤਾ ਸਾਹਿਬ ਕੌਰ ਅਤੇ ਬੀਬੀ ਭਾਗ ਕੌਰ ਐਵਾਰਡ ਸ਼ਾਮਲ ਸਨ।
ਕੈਂਪ ਦੀ ਸਮਾਪਤੀ ‘ਤੇ ਇਸ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਅਕੈਡਮੀ ਦੀ ਪ੍ਰਿੰਸੀਪਲ ਕੰਵਲਪ੍ਰੀਤ ਕੌਰ ਨੇ ਇਕ-ਇਕ ਫੁੱਲਾਂ ਦਾ ਗ਼ੁਲਦਸਤਾ ਤੋਹਫ਼ੇ ਵਜੋਂ ਦਿੱਤਾ ਤਾਂ ਜੋ ਬੱਚੇ ਵਾਤਾਵਰਣ ਦੀ ਸਾਂਭ-ਸੰਭਾਲ ਨਾਲ ਜੁੜੇ ਰਹਿਣ। ਇਨਾਮ-ਵੰਡ ਸਮਾਗ਼ਮ ‘ਤੇ ਬਰੈਂਪਟਨ-ਵੈੱਸਟ ਤੋਂ ਐੱਮ.ਪੀ.ਪੀ. ਪ੍ਰਭਮੀਤ ਸਰਕਾਰੀਆ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਦਿਓਲ, ਕਮੇਟੀ ਮੈਂਬਰ ਮੇਜਰ ਸਿੰਘ, ਡਾਇਰੈਕਟਰ ਬਲਵੰਤ ਸਿੰਘ, ਦਸ਼ਮੇਸ਼ ਸੋਸਾਇਟੀ ਤੋਂ ਪ੍ਰਿੰ. ਗੁਰਦੇਵ ਸਿੰਘ ਧਾਲੀਵਾਲ, ਪ੍ਰਿੰ. ਕੰਵਲਪ੍ਰੀਤ ਕੌਰ, ਅਧਿਆਪਕਾਂ ਬਲਵਿੰਦਰ ਕੌਰ, ਗੁਰਮੇਲ ਸਿੰਘ ਢਿੱਲੋਂ ਅਤੇ ਸੁਖਵਿੰਦਰ ਕੌਰ ਨੇ ਬੱਚਿਆਂ ਨੂੰ ਇਨਾਮ ਵੰਡਣ ਵਿਚ ਆਪਣਾ ਯੋਗਦਾਨ ਪਾਇਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …