ਕਾਂਗਰਸੀ ਆਗੂ ਦੀਆਂ ਬੱਸਾਂ ਦੇ ਰੂਟ ਵੀ ਬਾਦਲਾਂ ਵਲੋਂ ਖਰੀਦੇ ਜਾਣ ਦੇ ਚਰਚੇ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਨੇ ਬਾਦਲਾਂ ਦੀਆਂ ਬੱਸਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਨੇ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ ਟਰਾਂਸਪੋਰਟ ਕਾਰੋਬਾਰ ਨੂੰ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਲਈ ‘ਸ਼ਾਰਕ ਮੱਛੀ’ ਦੱਸਦੇ ਹੋਏ ਕੈਪਟਨ ਸਰਕਾਰ ਨੂੰ ਘੇਰਿਆ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਅਮਨ ਅਰੋੜਾ ਨੇ ਕਿਹਾ ਕਿ ‘ਸ਼ਾਰਕ ਮੱਛੀ’ ਦਾ ਰੂਪ ਧਾਰਨ ਕਰ ਚੁੱਕੀਆਂ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਵੱਲੋਂ ਅਕਾਲੀ-ਭਾਜਪਾ ਸਰਕਾਰ ਮੌਕੇ ਮਚਾਈ ਗਈ ਅੱਤ ਸਮਝ ਆਉਂਦੀ ਹੈ। ਪਰ ਕੈਪਟਨ ਦੀ ਕਾਂਗਰਸ ਸਰਕਾਰ ਦੌਰਾਨ ਵੀ ਬਾਦਲ ਪਰਿਵਾਰ ਦਾ ਟਰਾਂਸਪੋਰਟ ਕਾਰੋਬਾਰ ਉਸੇ ‘ਸਟਾਈਲ ਤੇ ਸਪੀਡ’ ਨਾਲ ਕਿਵੇਂ ਵਧੀ ਜਾ ਰਿਹਾ ਹੈ? ਚੇਤੇ ਰਹੇ ਕਿ ਇਕ ਕਾਂਗਰਸੀ ਆਗੂ ਦੀਆਂ ਬੱਸਾਂ ਦੇ ਰੂਟ ਵੀ ਬਾਦਲਾਂ ਦੀਆਂ ਕੰਪਨੀਆਂ ਵਲੋਂ ਖਰੀਦੇ ਜਾਣ ਦੇ ਚਰਚੇ ਹਨ।

