![](https://parvasinewspaper.com/wp-content/uploads/2020/09/2020_1image_09_40_088956612randhawa00-ll-300x168.jpg)
ਸੁਖਜਿੰਦਰ ਰੰਧਾਵਾ ਨੇ ਕਿਹਾ – ਕਿਸਾਨਾਂ ਨਾਲ ਹੋਇਆ ਧੋਖਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਭਰ ਵਿਚ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਭਲਕੇ 25 ਸਤੰਬਰ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। ਸਮੂਹ ਕਿਸਾਨ ਅਤੇ ਕਿਰਤੀ ਵਰਗ ਦੀਆਂ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਪ੍ਰਾਪਰਟੀ ਦੇ ਐਫੀਡੇਵਿਟ ਪੇਸ਼ ਕੀਤੇ ਹਨ। ਰੰਧਾਵਾ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਧੋਖਾ ਹੋਇਆ ਹੈ ਕਿਉਂਕਿ ਬਿਨਾ ਵੋਟਿੰਗ ਦੇ ਕਿਸਾਨ ਵਿਰੋਧੀ ਬਿੱਲ ਪਾਸ ਕਰ ਦਿੱਤੇ ਗਏ ਹਨ। ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਵਿਅਕਤੀਆਂ ਨੇ ਖੇਤੀ ਨਾਲ ਜੁੜੇ ਬਿੱਲ ਬਣਾਏ ਹਨ ਜੋ ਖ਼ੁਦ ਕਿਸਾਨ ਨਹੀਂ ਹਨ। ਰੰਧਾਵਾ ਨੇ ਐਫੀਡੇਵਿਟ ਦੁਆਰਾ ਆਪਣੀ ਗੱਲ ਰੱਖਦੇ ਹੋਏ ਕਿਹਾ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਕੋਲ 1 ਵਿੱਘਾ ਵੀ ਜ਼ਮੀਨ ਨਹੀਂ ਹੈ। ਰੰਧਾਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਖੇਤੀ ਵਾਲੀ ਬਿਲਕੁੱਲ ਵੀ ਜ਼ਮੀਨ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਵਿਅਕਤੀਆਂ ਨੇ ਕਿਸਾਨੀ ਨਾਲ ਸਬੰਧੀ ਬਿੱਲ ਬਣਾਏ ਹਨ ਜਿਨ੍ਹਾਂ ਨੂੰ ਕਿਸਾਨੀ ਦੇ ਬਾਰੇ ਕੁੱਝ ਪਤਾ ਨਹੀਂ ਹੈ।