0.2 C
Toronto
Wednesday, December 3, 2025
spot_img
Homeਪੰਜਾਬਪੰਜਾਬ 'ਚ ਗਰਮੀ ਦਾ ਕਹਿਰ, ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ

ਪੰਜਾਬ ‘ਚ ਗਰਮੀ ਦਾ ਕਹਿਰ, ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ

ਬਿਜਲੀ ਦੀ ਮੰਗ 16249 ਮੈਗਾਵਾਟ ‘ਤੇ ਪੁੱਜੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਸੂਬੇ ‘ਚ ਤਾਪਮਾਨ 47 ਡਿਗਰੀ ਤੋਂ ਪਾਰ ਚਲਾ ਗਿਆ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਹੈ। ਉਧਰ ਗਰਮੀ ਵਧਣ ਦੇ ਨਾਲ ਹੀ ਸੂਬੇ ‘ਚ ਬਿਜਲੀ ਦੀ ਮੰਗ ਬਹੁਤ ਵਧ ਗਈ ਹੈ। ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ 66 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ, ਜਿੱਥੇ ਬਿਜਲੀ ਦੀ ਮੰਗ 16,249 ਮੈਗਾਵਾਟ ‘ਤੇ ਪਹੁੰਚ ਗਈ ਹੈ ਅਤੇ ਇਹ ਅੱਜ ਤੱਕ ਦੀ ਸਭ ਤੋਂ ਵੱਧ ਮੰਗ ਹੈ। ਇਸ ਵਾਰ ਅਤਿ ਦੀ ਗਰਮੀ ਪੈਣ ਕਰਕੇ ਬਿਜਲੀ ਦੀ ਮੰਗ ਨੇ ਵੀ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ਵਿੱਚ ਕਈ ਥਾਵਾਂ ‘ਤੇ ਬਿਜਲੀ ਦੇ ਕੱਟ ਵੀ ਲਗਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਟ ਨਹੀਂ ਲੱਗ ਰਹੇ ਅਤੇ ਸੂਬੇ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਹੋ ਰਹੀ ਹੈ।
ਪੰਜ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਕਾਰਜਸ਼ੀਲ
ਚੰਡੀਗੜ੍ਹ/ਬਿਊਰੋ ਨਿਊਜ਼ : ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ‘ਚ ਸਰਕਾਰੀ ਖੇਤਰ ਦੇ ਤਿੰਨ ਅਤੇ ਨਿੱਜੀ ਖੇਤਰ ਦੇ ਦੋ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਕਾਰਜਸ਼ੀਲ ਹਨ।
ਇਸ ਦੌਰਾਨ ਰੋਪੜ ਥਰਮਲ ਪਲਾਂਟ ਦੇ ਚਾਰੋਂ ਯੂਨਿਟ ਚੱਲ ਰਹੇ ਹਨ, ਜਿੱਥੋਂ ਲਗਪਗ 680 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ।
ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੋਂ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਹਨ, ਜਿਥੋਂ ਕ੍ਰਮਵਾਰ ਲਗਪਗ 825 ਮੈਗਾਵਾਟ ਅਤੇ 500 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਦੂਜੇ ਪਾਸੇ ਨਿੱਜੀ ਖੇਤਰ ਦੇ ਥਰਮਲ ਪਲਾਂਟਾ ਵਿੱਚੋਂ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਕਾਰਜਸ਼ੀਲ ਹਨ, ਜਿੱਥੇ 1250 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਹੋ ਰਹੀ ਹੈ।
ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋਂ ਯੂਨਿਟ ਚੱਲ ਰਹੇ ਹਨ ਤੇ ਇੱਥੋਂ ਲਗਪਗ 1850 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ।
ਪੰਜਾਬ ‘ਚ ਬਿਜਲੀ ਸਪਲਾਈ ਨਿਰਵਿਘਨ ਜਾਰੀ : ਈਟੀਓ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ‘ਚ ਬਿਜਲੀ ਦੀ ਰਿਕਾਰਡ ਮੰਗ ਦਰਜ ਕੀਤੀ ਗਈ ਹੈ ਅਤੇ ਇਸ ਦੇ ਬਾਵਜੂਦ ਪਾਵਰਕੌਮ ਵੱਲੋਂ ਨਿਰਵਿਘਨ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵਧ ਰਹੀ ਗਰਮੀ ਦੇ ਮੱਦੇਨਜ਼ਰ ਰਿਹਾਇਸ਼ੀ ਤੇ ਖੇਤੀ ਖੇਤਰ ਲਈ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਹਿਲਾਂ ਹੀ ਰਣਨੀਤੀ ਘੜ ਲਈ ਸੀ। ਪਾਵਰਕੌਮ ਵੱਲੋਂ ਝੋਨੇ ਦੀ ਲੁਆਈ ਲਈ ਵੀ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

 

 

RELATED ARTICLES
POPULAR POSTS