Breaking News
Home / ਪੰਜਾਬ / ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕਨਵੈਨਸ਼ਨ ਸੰਪੰਨ

ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕਨਵੈਨਸ਼ਨ ਸੰਪੰਨ

ਪ੍ਰੈਸ ਦੀ ਅਜ਼ਾਦੀ ਤੇ ਆਪਣੇ ਹੱਕਾਂ ਲਈ ਇਕਜੁੱਟ ਹੋਣ ਪੱਤਰਕਾਰ
ਅੰਮ੍ਰਿਤਸਰ : ਇੰਡੀਅਨ ਜਰਨਲਿਸਟਸ ਯੂਨੀਅਨ ਦੀ 9ਵੀਂ ਦੋ ਦਿਨਾਂ ਕਨਵੈਨਸ਼ਨ ਐਤਵਾਰ ਨੂੰ ਇਥੇ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਪ੍ਰੈੱਸ ਦੀ ਅਜ਼ਾਦੀ ਲਈ ਇਕਜੁੱਟ ਹੋਣ ਦਾ ਅਹਿਦ ਲੈਂਦੇ ਹੋਏ ਸੰਪਨ ਹੋ ਗਈ। ਇਹ ਕਨਵੈਨਸ਼ਨ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਪੰਜਾਬ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਕਰਾਈ ਗਈ ਸੀ।
ਦੂਸਰੇ ਦਿਨ ਦੇ ਸਮਾਗਮ ਵਿਚ ਕਈ ਅਹਿਮ ਮਤੇ ਪਾਸ ਕੀਤੇ ਗਏ ਅਤੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ ਹੈ। ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਐਸਐਨ ਸਿਨਹਾ ਦੀ ਥਾਂ ‘ਤੇ ਨਵੇਂ ਪ੍ਰਧਾਨ ਵਜੋਂ ਹੈਦਰਾਬਾਦ ਤੋਂ ਦੇਵ ਪਾਲੀ ਅਮਰ ਨੇ ਅਹੁਦਾ ਸੰਭਾਲਿਆ ਹੈ। ਜਦੋਂਕਿ ਯੂਨੀਅਨ ਦੇ ਜਨਰਲ ਸਕੱਤਰ ਸ੍ਰੀਮਤੀ ਸ਼ਰੀਨਾ ਇੰਦਰਜੀਤ ਨੂੰ ਥਾਪਿਆ ਗਿਆ ਹੈ। ਅੱਜ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੱਤਰਕਾਰਾਂ ‘ਤੇ ਹੋ ਰਹੇ ਹਮਲੇ ਦੇਸ਼ ਲਈ ਖ਼ਤਰੇ ਦਾ ਰੁਝਾਨ ਹਨ ਤੇ ਪ੍ਰੈੱਸ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਅਤੇ ਪੱਤਰਕਾਰਾਂ ਦੀ ਸੁਰੱਖਿਆ ਲਈ ਸੁਰੱਖਿਆ ਐਕਟ ਬਣਾਉਣ ਦੀ ਵੀ ਵੱਡੀ ਲੋੜ ਹੈ। ਉਨ੍ਹਾਂ ਆਖਿਆ ਕਿ ਅੱਜ ਕੌਮੀ ਪੱਧਰ ‘ਤੇ ਦੇਸ਼ ਵਿਚ ਪ੍ਰੈਸ ਦੀ ਅਵਾਜ਼ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਬੰਦ ਕਰਨ ਵੱਲ ਰੁਝਾਨ ਤੁਲਿਆ ਹੋਇਆ ਹੈ ਅਤੇ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਆਖਿਆ ਕਿ ਮੀਡੀਆ ਨੂੰ ਆਪਣੇ ਅਲਖ ਜਗਾਉਣ ਵਾਲੇ ਰੁਝਾਨ ਨੂੰ ਨਿਰੰਤਰ ਜਾਰੀ ਰੱਖਣਾ ਹੋਵੇਗਾ ਤਾਂ ਹੀ ਦੇਸ਼ ਤਰੱਕੀ ਵੱਲ ਵਧ ਸਕੇਗਾ। ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪ੍ਰੈੱਸ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਪੱਤਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਯੂਨੀਅਨ ਦੀ ਹੋਈ ਚੋਣ ਵਿਚ ਨਵੇਂ ਬਣੇ ਰਾਸ਼ਟਰੀ ਪ੍ਰਧਾਨ ਡੀ ਅਮਰ ਨੇ ਆਖਿਆ ਕਿ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਪ੍ਰੈਸ ਦੀ ਅਜ਼ਾਦੀ ਲਈ ਇਕਜੁੱਟ ਹੋਣਾ ਚਾਹੀਦਾ ਹੈ। ਯੂਨੀਅਨ ਦੇ ਪੰਜਾਬ ਪ੍ਰਧਾਨ ਬਲਵਿੰਦਰ ਜੰਮੂ ਨੇ ਸਮੁੱਚੀ ਪ੍ਰੈਸ ਨੂੰ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਸ਼ਰੀਨਾ ਇੰਦਰਜੀਤ ਨੇ ਕਨਵੈਨਸ਼ਨ ਲਈ ਦੇਸ਼ ਭਰ ਵਿਚੋਂ ਪੁੱਜੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸਐਨ ਸਿਨਹਾ, ਨਿਵਾਸ ਰੈਡੀ, ਰਾਜਨ ਮਾਨ ਤੇ ਹੋਰ ਹਾਜ਼ਰ ਸਨ।
ਪੱਤਰਕਾਰਾਂ ‘ਤੇ ਹੋ ਰਹੇ ਹਮਲੇ ਲੋਕਤੰਤਰ ਲਈ ਖਤਰੇ ਦੀ ਘੰਟੀ : ਸਿੱਧੂ
ਅੰਮ੍ਰਿਤਸਰ : ਇੰਡੀਅਨ ਜਰਨਲਿਸਟ ਯੂਨੀਅਨ ਦੀ 9ਵੀਂ ਦੋ ਦਿਨਾ ਕਨਵੈਨਸ਼ਨ, ਜੋ ਪੰਜਾਬ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਅੰਮ੍ਰਿਤਸਰ ‘ਚ ਹੋਈ, ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੱਤਰਕਾਰਾਂ ‘ਤੇ ਹੋ ਰਹੇ ਹਮਲੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹਨ ਅਤੇ ਇਸ ਨੂੰ ਰੋਕਣ ਲਈ ਕੌਮੀ ਪੱਧਰ ‘ਤੇ ਸੁਰੱਖਿਆ ਐਕਟ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਇਸ ਨੂੰ ਅਜ਼ਾਦ ਲਿਖਣ ਤੇ ਬੋਲਣ ਦੀ ਖੁੱਲ੍ਹ ਸੰਵਿਧਾਨ ਨੇ ਦਿੱਤੀ ਹੈ ਪਰ ਮੌਜੂਦਾ ਹੁਕਮਰਾਨਾਂ ਵੱਲੋਂ ਇਸ ਨੂੰ ਵਲਗਣਾਂ ਵਿਚ ਬੰਨ੍ਹਣ ਦਾ ਯਤਨ ਕੀਤਾ ਜਾ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਪ੍ਰੈੱਸ ਰਾਜਸੀ ਲੋਕਾਂ ਨੂੰ ਜਵਾਬਦੇਹ ਬਣਾਉਂਦੀ ਹੈ ਅਤੇ ਭ੍ਰਿਸ਼ਟ ਤੇ ਅਪਰਾਧੀ ਬਿਰਤੀ ਦੇ ਲੋਕਾਂ ਲਈ ਡਰ ਦਾ ਕਾਰਨ ਬਣਦੀ ਹੈ। ਸਿੱਧੂ ਨੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੂੰ ਆਪਣੇ ਅਖ਼ਤਿਆਰੀ ਫੰਡ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪ੍ਰੈੱਸ ਦੀ ਅਜ਼ਾਦੀ ਨਾਲ ਹੀ ਦੇਸ਼ ਦੀ ਅਜ਼ਾਦੀ ਕਾਇਮ ਰਹਿ ਸਕਦੀ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …