ਆਪੋ-ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ‘ਚ ਰੁੱਝੇ ਸਿਆਸੀ ਆਗੂਆਂ ਦੇ ਪੁੱਤਰ
ਬੰਗਾ/ਬਿਊਰੋ ਨਿਊਜ਼ : ਬੰਗਾ ਹਲਕੇ ਅੰਦਰ ਸਿਆਸੀ ਧਿਰਾਂ ਦੇ ਆਗੂ ‘ਪਿਤਾ ਪੁਰਖੀ’ ਸਿਆਸਤ ਦਾ ਰਿਸ਼ਤਾ ਬਾਖੂਬੀ ਨਿਭਾਅ ਰਹੇ ਹਨ। ਇਹ ਹੋਣਹਾਰ ਪੁੱਤਰ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਕਾਇਮ ਰੱਖਣ ਲਈ ਹਰੇਕ ਚੋਣ ਵਿੱਚ ਪੂਰੇ ਸਰਗਰਮ ਰਹਿੰਦੇ ਹਨ। ਇਨ੍ਹਾਂ ਵਿੱਚ ਪਿੰਡ ਬਹਿਰਾਮ ਵਾਸੀ ਭਾਜਪਾ ਦੇ ਮਰਹੂਮ ਆਗੂ ਚੌਧਰੀ ਸਵਰਨਾ ਰਾਮ ਦੋ ਵਾਰ ਮੰਤਰੀ ਰਹੇ ਅਤੇ ਉਨ੍ਹਾਂ ਦੇ ਪੁੱਤਰ ਚੌਧਰੀ ਮੋਹਣ ਲਾਲ ਵੀ ਬੰਗਾ ਤੋਂ ਦੋ ਵਾਰ ਵਿਧਾਇਕ ਰਹੇ।
ਇਸੇ ਤਰ੍ਹਾਂ ਪਿੰਡ ਸੂੰਢ ਦੇ ਵਸਨੀਕ ਕਾਂਗਰਸੀ ਆਗੂ ਮਰਹੂਮ ਚੌਧਰੀ ਜਗਤ ਰਾਮ ਪੰਜਾਬ ਸਰਕਾਰ ‘ਚ ਵਜ਼ੀਰ ਰਹੇ ਅਤੇ ਉਨ੍ਹਾਂ ਦੇ ਪੁੱਤਰ ਚੌਧਰੀ ਤਰਲੋਚਨ ਸਿੰਘ ਸੂੰਢ ਵੀ ਇੱਥੋਂ ਦੋ ਵਾਰ ਵਿਧਾਇਕ ਰਹੇ। ਇਸ ਵੇਲੇ ਬੰਗਾ ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਸੁਰਜੀਤ ਕਰਨ ਵਿੱਚ ਸਤਵੀਰ ਸਿੰਘ ਪੱਲੀ ਝਿੱਕੀ ਮੂਹਰਲੀਆਂ ਸਫਾਂ ‘ਚ ਹਨ। ਉਹ ਹਲਕਾ ਇੰਚਾਰਜ ਦੇ ਨਾਲ-ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ। ਉਨ੍ਹਾਂ ਦੇ ਪਿਤਾ ਮਰਹੂਮ ਬਲਵੰਤ ਸਿੰਘ ਪੱਲੀ ਝਿੱਕੀ ਕਾਂਗਰਸ ਦੇ ਬਲਾਕ ਪ੍ਰਧਾਨ, ਮਾਰਕੀਟਿੰਗ ਸੁਸਾਇਟੀ ਦੇ ਚੇਅਰਮੈਨ ਵੀ ਰਹੇ ਅਤੇ ਉਨ੍ਹਾਂ ਐਮਰਜੈਂਸੀ ਸਮੇਂ ਜੇਲ੍ਹ ਵੀ ਕੱਟੀ। ਪਿੰਡ ਸਰਹਾਲ ਕਾਜੀਆਂ ਵਾਸੀ ਕੁਲਜੀਤ ਸਿੰਘ ਸਰਹਾਲ ਇਸ ਵੇਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਨ ਅਤੇ ਉਨ੍ਹਾਂ ਦੇ ਪਿਤਾ ਮਰਹੂਮ ਬਲਵੰਤ ਸਿੰਘ ਸਰਹਾਲ ਵੀ ਬੰਗਾ ਤੋਂ ਵਿਧਾਇਕ ਰਹੇ ਸਨ।
ਕਾਂਗਰਸ ਦੇ ਹੀ ਮਰਹੂਮ ਸਤਨਾਮ ਸਿੰਘ ਕੈਂਥ ਵਾਸੀ ਪਿੰਡ ਸੋਤਰਾਂ ਜੋ ਕਿ ਲੋਕ ਸਭਾ ਦੇ ਮੈਂਬਰ ਵੀ ਰਹੇ ਅਤੇ ਵਿਧਾਇਕ ਵੀ, ਦੇ ਫਰਜ਼ੰਦ ਡਾ. ਹਰਪ੍ਰੀਤ ਸਿੰਘ ਕੈਂਥ ਵੀ ਇਸ ਵੇਲੇ ਕਾਂਗਰਸ ਦੇ ਸੂਬਾਈ ਆਗੂਆਂ ‘ਚ ਸ਼ਾਮਲ ਹਨ। ਇਸੇ ਤਰ੍ਹਾਂ ਬੰਗਾ ਦੇ ਸਿਆਸੀ ਖੇਮੇ ਅੰਦਰ ‘ਪਿਤਾ-ਪੁਰਖੀ’ ਸਿਆਸਤ ਸੰਭਾਲਨ ਦੀਆਂ ਕਈ ਉਦਾਹਰਣਾਂ ਹਨ।