6.5 C
Toronto
Tuesday, November 25, 2025
spot_img
Homeਪੰਜਾਬਆਮ ਆਦਮੀ ਪਾਰਟੀ ਵਲੋਂ ਮਿਸ਼ਨ ਪੰਜਾਬ 2022 ਦੀ ਸ਼ੁਰੂਆਤ

ਆਮ ਆਦਮੀ ਪਾਰਟੀ ਵਲੋਂ ਮਿਸ਼ਨ ਪੰਜਾਬ 2022 ਦੀ ਸ਼ੁਰੂਆਤ

ਕੇਜਰੀਵਾਲ ਵੱਲੋਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ
ਮੋਗਾ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੋਗਾ ‘ਚ ਐਲਾਨ ਕੀਤਾ ਕਿ ਜੇ ਉਹ ਪੰਜਾਬ ਦੀ ਸੱਤਾ ਵਿੱਚ ਆਉਂਦੇ ਹਨ ਤਾਂ ਸੂਬੇ ਦੀ 18 ਸਾਲ ਤੋਂ ਵੱਧ ਉਮਰ ਦੀ ਹਰੇਕ ਮਹਿਲਾ ਨੂੰ ਪ੍ਰਤੀ ਮਹੀਨਾ 1000 ਰੁਪਏ ਦਿੱਤੇ ਜਾਣਗੇ ਅਤੇ ਪਰਿਵਾਰ ‘ਚ ਇੱਕ ਧੀ, ਨੂੰਹ ਤੇ ਸੱਸ ਦੇ ਨਾਲ ਬਿਰਧ ਮਹਿਲਾਵਾਂ ਨੂੰ ਬੁਢਾਪਾ ਪੈਨਸ਼ਨ ਦੇਣ ਤੋਂ ਇਲਾਵਾ ਇਹ ਰਾਸ਼ੀ ਵੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਸਰਕਾਰ ਬਣਨ ‘ਤੇ ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਸਮੇਤ ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕਰ ਦਿੱਤਾ ਜਾਵੇਗਾ, ਜਿਹੜਾ ਪੈਸਾ ਹੋਵੇਗਾ ਉਹ ਮਹਿਲਾਵਾਂ ਦੇ ਖਾਤਿਆਂ ‘ਚ ਪਾਇਆ ਜਾਵੇਗਾ। ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਨਿਸ਼ਾਨੇ ‘ਤੇ ਲਿਆ, ਜਦਕਿ ਅਕਾਲੀ ਦਲ ਖ਼ਿਲਾਫ਼ ਇੱਕ ਸ਼ਬਦ ਨਹੀਂ ਬੋਲਿਆ। ਕੇਜਰੀਵਾਲ ਨੇ ਸੂਬੇ ਵਿੱਚ ‘ਆਪ’ ਸਰਕਾਰ ਬਣਾਉਣ ਲਈ ਲੋਕਾਂ ਤੋਂ ਇੱਕ ਮੌਕੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸੱਤਾ ਹਾਸਲ ਕਰਨ ਲਈ ਆਪਣੇ ਚੋਣ ਮੈਨੀਫੈਸਟੋ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੀਤੇ ਝੂਠੇ ਵਾਅਦੇ ਲੋਕਾਂ ਦੇ ਪ੍ਰਤੱਖ ਹੋ ਗਏ ਹਨ। ਲੋਕਾਂ ਦੇ ਜਜ਼ਬਾਤ ਅਤੇ ਭਾਵਨਾਵਾਂ ਨੂੰ ਪਹੁੰਚਾਈ ਭਾਰੀ ਠੇਸ ਲਈ ਕਾਂਗਰਸ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਿਰਫ਼ ਅਰਵਿੰਦ ਕੇਜਰੀਵਾਲ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਹੈ। ਉਨ੍ਹਾਂ ਸੂਬੇ ‘ਚ ਫੈਲੇ ਭ੍ਰਿਸਟਾਚਾਰ ਤੇ ਮਾਫ਼ੀਆ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਸੱਜੇ ਤੇ ਖੱਬੇ ਪਾਸੇ ਮਾਫ਼ੀਆ ਬੈਠਾ ਰਹਿੰਦਾ ਹੈ। ਇਸ ਮੌਕੇ ‘ਆਪ’ ਸੂਬਾਈ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ- ਇੰਚਾਰਜ ਰਾਘਵ ਚੱਢਾ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਬਲਜਿੰਦਰ ਕੌਰ, ਅਨਮੋਲ ਗਗਨ ਮਾਨ ਤੇ ਹੋਰ ਵੱਡੀ ਗਿਣਤੀ ‘ਚ ਪਾਰਟੀ ਆਗੂ ਮੌਜੂਦ ਸਨ।

ਨਕਲੀ ਕੇਜਰੀਵਾਲ ਤੋਂ ਬਚ ਕੇ ਰਹਿਣ ਪੰਜਾਬ ਦੇ ਲੋਕ : ਕੇਜਰੀਵਾਲ
ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤਿੱਖੇ ਹਮਲੇ ਬੋਲਦੇ ਹੋਏ ਚੰਨੀ ਨੂੰ ‘ਨਕਲੀ ਕੇਜਰੀਵਾਲ’ ਕਰਾਰ ਦਿੱਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਆਮ ਆਦਮੀ ਹੋਣ ਦਾ ਫੋਕਾ ਦਿਖਾਵਾ ਕਰ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਬਚ ਕੇ ਰਹਿਣ। ਕੇਜਰੀਵਾਲ ਨੇ ਵਿਅੰਗਮਈ ਅੰਦਾਜ਼ ‘ਚ ਕਿਹਾ, ”ਇਕ ਬਹੁਤ ਜ਼ਰੂਰੀ ਗੱਲ ਇਹ ਕਿ ਅੱਜ ਕੱਲ੍ਹ ਪੰਜਾਬ ਅੰਦਰ ਇਕ ‘ਨਕਲੀ ਕੇਜਰੀਵਾਲ’ ਘੁੰਮ ਰਿਹਾ ਹੈ। ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਮੈਂ (ਅਸਲੀ ਕੇਜਰੀਵਾਲ) ਕਰਦਾ ਹਾਂ, ਦੋ ਦਿਨ ਬਾਅਦ ਉਹ ਨਕਲੀ ਕੇਜਰੀਵਾਲ ਵੀ ਉਹੀ ਗੱਲ ਦੁਹਰਾ ਦਿੰਦਾ ਹੈ, ਕਿਉਂਕਿ ਅਸਲੀ ਅਸਲੀ ਹੁੰਦਾ ਹੈ ਅਤੇ ਨਕਲੀ ਹਮੇਸ਼ਾ ਨਕਲੀ ਰਹਿੰਦਾ ਹੈ। ਇਸ ਲਈ ਇਹ ਨਕਲੀ ਕੇਜਰੀਵਾਲ ਸਿਰਫ਼ ਐਲਾਨ ਕਰਦਾ ਹੈ, ਪਰ ਅਸਲੀਅਤ ‘ਚ ਕਰਦਾ ਕੁੱਝ ਵੀ ਨਹੀਂ। ਇਸ ਲਈ ਇਸ ਨਕਲੀ ਕੇਜਰੀਵਾਲ (ਚਰਨਜੀਤ ਸਿੰਘ ਚੰਨੀ) ਕੋਲੋਂ ਪੰਜਾਬ ਦੇ ਲੋਕ ਬਚ ਕੇ ਰਹਿਣ। ਕੰਮ ਸਿਰਫ਼ ਅਸਲੀ ਕੇਜਰੀਵਾਲ ਹੀ ਕਰੇਗਾ।

 

RELATED ARTICLES
POPULAR POSTS