ਮੁਹਾਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ ਮਿਸ਼ਨ-2024 ਤਹਿਤ ਸ਼ਹਿਰਾਂ ਦੇ ਨਾਲ-ਨਾਲ ਹੁਣ ਪੇਂਡੂ ਖੇਤਰ ਵਿੱਚ ਵੀ ਲੋਕਾਂ ਨਾਲ ਜੁੜਨਾ ਅਤੇ ਲੋਕਾਂ ਨੂੰ ਆਪਣੀ ਪਾਰਟੀ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ‘ਵਿਕਸਤ ਭਾਰਤ ਸੰਕਲਪ ਯਾਤਰਾ’ ਦਾ ਸਵਾਗਤ ਕਰਨ ਲਈ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਹਿਲੋਲਪੁਰ ਵਿੱਚ ਪਹੁੰਚੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਸਿਰਫ਼ ਘੁਟਾਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਆਏ ਦਿਨ ਸਰਕਾਰ ਕਰਜ਼ਾ ਚੁੱਕ ਕੇ ਹੋਰਨਾਂ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਫਜ਼ੂਲ ਇਸ਼ਤਿਹਾਰਬਾਜ਼ੀ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਿਕਾਸ ਨੂੰ ਭੁਲਾ ਕੇ ਸਰਕਾਰੀ ਖ਼ਜ਼ਾਨੇ ਦਾ ਮੂੰਹ ਗੁਆਂਢੀ ਸੂਬਿਆਂ ਵੱਲ ਖੋਲ੍ਹਿਆ ਜਾਣਾ ਬਿਲਕੁਲ ਗਲਤ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਪੇਂਡੂ ਵਿਕਾਸ ਫੰਡ ਦੀ ਅਦਾਇਗੀ ਨਾ ਕੀਤੇ ਜਾਣ ਬਾਰੇ ਪੁੱਛਣ ‘ਤੇ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਾਲਤ ਇਹ ਹੈ ਕਿ ਜਿਸ ਕੰਮ ਲਈ ਕੇਂਦਰ ਤੋਂ ਪੈਸਾ ਲੈਂਦੀ ਹੈ, ਉਸ ‘ਤੇ ਖ਼ਰਚ ਕਰਨ ਦੀ ਥਾਂ ਮਨਮਰਜ਼ੀ ਨਾਲ ਪੈਸੇ ਖਰਚੇ ਜਾਂਦੇ ਹਨ ਅਤੇ ਗਰਾਂਟ ਵਰਤੋਂ ਸਰਟੀਫਿਕੇਟ ਵੀ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਸੂਬਾ ਸਰਕਾਰ ਵਿੱਤੀ ਅਨੁਸ਼ਾਸਨ ਨਹੀਂ ਨਿਭਾਅ ਰਹੀ, ਜਿਸ ਕਾਰਨ ਪਿਛਲੇ ਦਿਨੀਂ ਪੰਜਾਬ ਵੱਲੋਂ ਕਰਜ਼ੇ ਦੇ ਰੂਪ ਵਿੱਚ ਮੰਗੀ ਗਈ 1837 ਕਰੋੜ ਦੀ ਰਕਮ ਦੇਣ ਤੋਂ ਇਨਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਵਿੱਚ ਦੇਸ਼ ਸੁਰੱਖਿਅਤ ਹੈ ਅਤੇ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ। ‘ਪੰਜਾਬ ਸਰਕਾਰ ਆਪ ਕੇ ਦੁਆਰ’ ਯੋਜਨਾ ‘ਤੇ ਵਿਅੰਗ ਕਸਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਲੱਗਦਾ ਹੈ ਕਿ ਹੁਣ ਮਾਨ ਸਰਕਾਰ ਘਰ-ਘਰ ਸ਼ਰਾਬ ਪਹੁੰਚਾਉਣ ਦਾ ਕੰਮ ਕਰੇਗੀ। ਇਸ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਗਲੀ-ਗਲੀ ਵਿੱਚ ਠੇਕੇ ਖੁੱਲ੍ਹਵਾ ਦਿੱਤੇ ਗਏ ਸਨ ਅਤੇ ਸ਼ਰਾਬ ਘੁਟਾਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਜੇਲ੍ਹ ਜਾਣਾ ਪਿਆ ਸੀ। ਇੰਜ ਜਾਪਦਾ ਹੈ ਸ਼ਾਇਦ ਹੁਣ ਇਹ ਮਾਡਲ ਪੰਜਾਬ ਵਿੱਚ ਵੀ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਡੀਐੱਸਪੀ ਗ੍ਰਿਫ਼ਤਾਰ
ਫ਼ਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਇੱਥੋਂ ਦੇ ਸ਼ਹਿਰੀ ਹਲਕੇ ਦੇ ਡੀਐੱਸਪੀ ਸੁਰਿੰਦਰ ਪਾਲ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁਝ ਦਿਨ ਪਹਿਲਾਂ ਡੀਐੱਸਪੀ ਨੂੰ ਥਾਣਾ ਛਾਉਣੀ ਵਿੱਚ ਦਰਜ ਹੋਏ ਇਕ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਡੀਐੱਸਪੀ ‘ਤੇ ਦਲਾਲ ਰਾਹੀਂ ਰਿਸ਼ਵਤ ਲੈਣ ਦੇ ਆਰੋਪ ਹੇਠ ਕੇਸ ਦਰਜ ਕੀਤਾ ਗਿਆ ਸੀ। ਪੜਤਾਲ ਮਗਰੋਂ ਸਾਹਮਣੇ ਆਇਆ ਕਿ ਬਾਂਸਲ ਦੇ ਬੈਂਕ ਖਾਤੇ ਵਿੱਚ ਰਿਸ਼ਵਤ ਦੀ ਰਕਮ ਜਮ੍ਹਾਂ ਕਰਵਾਈ ਗਈ ਹੈ।
ਪੰਜਾਬ ‘ਚ ਕਰੋੜਾਂ ਰੁਪਏ ਦੀਆਂ ਤਰਪਾਲਾਂ ਖਰੀਦਣ ਦਾ ਮਾਮਲਾ ਵੀ ਵਿਵਾਦਾਂ ‘ਚ ਘਿਰਿਆ
ਚੰਡੀਗੜ੍ਹ : ਪੰਜਾਬ ਵਿਚ ਮਾਰਕੀਟ ਕਮੇਟੀ ਦੇ ਲਈ 107 ਕਰੋੜ ਰੁਪਏ ਦੀਆਂ ਤਰਪਾਲਾਂ ਖਰੀਦਣ ਦਾ ਮਾਮਲਾ ਵੀ ਹੁਣ ਵਿਵਾਦਾਂ ਵਿਚ ਘਿਰ ਗਿਆ ਹੈ। ਤਰਪਾਲਾਂ ਮਹਿੰਗੇ ਭਾਅ ‘ਤੇ ਖਰੀਦੇ ਜਾਣ ਦਾ ਪਤਾ ਲੱਗਦਿਆਂ ਹੀ ਇਸਦੇ ਟੈਂਡਰ ਰੋਕ ਦਿੱਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧੀ ਸ਼ਿਕਾਇਤ ਮਿਲ ਗਈ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ। ਪੰਜਾਬ ਦੇ ਫੂਡ ਐਂਡ ਸਿਵਲ ਸਪਲਾਈ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਇਸ ਮਾਮਲੇ ਦੀ ਜਾਂਚ ਕਰਨਗੇ। ਜੇਕਰ ਜਾਂਚ ਵਿਚ ਆਰੋਪ ਸਹੀ ਸਾਬਤ ਹੋਏ ਤਾਂ ਇਹ ਟੈਂਡਰ ਰੱਦ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸਰਕਾਰ ਕੋਲ ਇਸ ਮਾਮਲੇ ਸਬੰਧੀ ਇਕ ਸ਼ਿਕਾਇਤ ਪਹੁੰਚੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਮਾਰਕੀਟ ਕਮੇਟੀ ਵਲੋਂ ਤਰਪਾਲਾਂ ਮਹਿੰਗੇ ਭਾਅ ਖਰੀਦੀਆਂ ਜਾ ਰਹੀਆਂ ਹਨ। ਸ਼ਿਕਾਇਤ ਵਿਚ ਇਹ ਵੀ ਆਰੋਪ ਲਗਾਇਆ ਗਿਆ ਸੀ ਕਿ ਇਨ੍ਹਾਂ ਤਰਪਾਲਾਂ ਦਾ ਰੇਟ ਦੁੱਗਣਾ ਹੈ, ਜਿਸ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਧਿਆਨ ਰਹੇ ਕਿ ਪੰਜਾਬ ਵਿਚ ਮੰਡੀਆਂ ਦਾ ਜਿੰਮਾ ਮਾਰਕੀਟ ਕਮੇਟੀ ਸੰਭਾਲਦੀ ਹੈ ਅਤੇ ਇੱਥੇ ਵਿਕਰੀ ਲਈ ਆਉਣ ਵਾਲੀ ਫਸਲ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਵੀ ਮਾਰਕੀਟ ਕਮੇਟੀ ਦੀ ਹੁੰਦੀ ਹੈ।
ਇਸਦੇ ਚੱਲਦਿਆਂ ਬਰਸਾਤ ਦੇ ਮੌਸਮ ਦੌਰਾਨ ਫਸਲ ਨੂੰ ਭਿੱਜਣ ਤੋਂ ਬਚਾਉਣ ਲਈ ਤਰਪਾਲਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ ਅਤੇ ਹੁਣ ਤਰਪਾਲਾਂ ਦੀ ਖਰੀਦ ਵਿਚ ਵੀ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ।