19.2 C
Toronto
Wednesday, September 17, 2025
spot_img
Homeਪੰਜਾਬਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਾਦੇ ਢੰਗ ਨਾਲ ਮਨਾਈ ਵਿਸਾਖੀ

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਾਦੇ ਢੰਗ ਨਾਲ ਮਨਾਈ ਵਿਸਾਖੀ

ਤਲਵੰਡੀ ਸਾਬੋ/ਬਿਊਰੋ ਨਿਊਜ਼ : ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਬਿਨਾ ਇਕੱਠ ਤੋਂ ਸਾਦੇ ਢੰਗ ਨਾਲ ਮਨਾਏ ਗਏ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਮੌਕੇ ਅਕਾਲ ਤਖ਼ਤ ਦੇ ਕਾਰਜਕਾਰੀ ਤੇ ਤਖ਼ਤ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸਰਕਾਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਦੇ ਨਾਂ ‘ਤੇ ਕਿਸੇ ਵਿਸ਼ੇਸ ਧਰਮ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਸਗੋਂ ਇਨਸਾਨੀਅਤ ਦੇ ਨਾਤੇ ਹਰੇਕ ਦੀ ਮਦਦ ਕੀਤੀ ਜਾਵੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਗੁਰੂ ਸਾਹਿਬਾਨ ਦੀ ਚਰਨਛੋਹ ਪੰਜਾਬ ਦੀ ਧਰਤੀ ‘ਤੇ ਕਰੋਨਾਵਾਇਰਸ ਦੇ ਮ੍ਰਿਤਕਾਂ ਦਾ ਸਸਕਾਰ ਕਰਨ ਤੋਂ ਲੋਕ ਪਿੱਛੇ ਹਟ ਰਹੇ ਹਨ। ਉਨਾਂ ਕਿਹਾ, ”ਕਦੇ ਕਰੋਨਾ ਫੈਲਾਉਣ ਦੇ ਲਈ ਇੱਕ ਧਰਮ ਵਿਸ਼ੇਸ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਤੇ ਕਦੇ ਗੁੱਜਰਾਂ ਤੋਂ ਦੁੱਧ ਨਾ ਲੈਣ ਦੀਆਂ ਅਪੀਲਾਂ ਜਾਰੀ ਹੁੰਦੀਆਂ ਹਨ। ਜਦਕਿ ਚਾਹੀਦਾ ਇਹ ਹੈ ਕਿ ਸਾਨੂੰ ਆਪਣੇ ਫਰਜ਼ ਸਮਝਦੇ ਹੋਏ ਇਸ ਮਾੜੇ ਸਮੇਂ ਵਿੱਚ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹਰੇਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ।”
ਸਿੰਘ ਸਾਹਿਬ ਨੇ ਕਈ ਥਾਂ ‘ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਵਾਪਰੀ ਘਟਨਾ ਸਬੰਧੀ ਮੀਡੀਆ ਦੇ ਇੱਕ ਹਿੱਸੇ ਨੇ ਸਿੱਖਾਂ ਨੂੰ ਬਦਨਾਮ ਕਰਨ ‘ਚ ਕੋਈ ਕਸਰ ਨਹੀਂ ਛੱਡੀ, ਜਦਕਿ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂਂ ਦੇਸ਼-ਵਿਦੇਸ਼ ਵਿੱਚ ਬਿਨਾਂ ਧਾਰਮਿਕ ਪੱਖਪਾਤ ਦੇ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ।
ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਮੌਕੇ ਰਾਸ਼ਨ ਦੀ ਕਾਣੀ ਵੰਡ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਸਿੱਖਾਂ ਨੂੰ ਸਰਕਾਰਾਂ ਅਤੇ ਸਿਹਤ ਮਹਿਕਮੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਭਵਿੱਖ ਵਿੱਚ ਆਰਥਿਕ ਮੰਦੀ ਦੇ ਆਸਾਰ ਹਨ। ਮੰਦੀ ਆਉਣ ਦੀ ਸੂਰਤ ਸਾਰੇ ਸਿੱਖ ਭੈਣਾਂ-ਭਰਾਵਾਂ ਨੂੰ ਇੱਕ-ਦੂਜੇ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ।

RELATED ARTICLES
POPULAR POSTS