Breaking News
Home / ਪੰਜਾਬ / ਇਤਿਹਾਸਕ ਦੁਖ ਭੰਜਨੀ ਬੇਰੀ ਦੀ ਸਾਂਭ-ਸੰਭਾਲ ਲਈ ਕਾਰ ਸੇਵਾ ਸ਼ੁਰੂ

ਇਤਿਹਾਸਕ ਦੁਖ ਭੰਜਨੀ ਬੇਰੀ ਦੀ ਸਾਂਭ-ਸੰਭਾਲ ਲਈ ਕਾਰ ਸੇਵਾ ਸ਼ੁਰੂ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀ ਇਤਿਹਾਸਕ ਦੁਖ ਭੰਜਨੀ ਬੇਰੀ ਦੀ ਸਾਂਭ-ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਅੱਠਸੱਠ ਤੀਰਥ ਨੇੜੇ ਢੁਕਵੇਂ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਇੱਥੇ ਕੁਝ ਨਵੀਨੀਕਰਨ ਕੀਤਾ ਜਾਵੇਗਾ। ਇਸ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਸ਼ੁਰੂ ਕੀਤੀ ਗਈ ਹੈ।
ਇਸ ਥਾਂ ‘ਤੇ ਨਵੀਂ ਉਸਾਰੀ ਨਾਲ ਜਿੱਥੇ ਦੁਖ ਭੰਜਨੀ ਬੇਰੀ ਦੇ ਤਣੇ ਅਤੇ ਜੜ੍ਹਾਂ ਨੂੰ ਧੁੱਪ, ਹਵਾ, ਪਾਣੀ ਮੁਹੱਈਆ ਕਰਨ ਲਈ ਇਸ ਦਾ ਘੇਰਾ ਵਧਾਇਆ ਜਾਵੇਗਾ, ਉਥੇ ਔਰਤਾਂ ਦੇ ਇਸ਼ਨਾਨਘਰ ਦੇ ਖੇਤਰ ਵਿੱਚ ਵੀ ਵਾਧਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੇਰ ਬਾਬਾ ਬੁੱਢਾ ਸਾਹਿਬ ਤੇ ਲਾਚੀ ਬੇਰੀ ਦੇ ਮਿੱਟੀ ਵਾਲੇ ਘੇਰੇ ਨੂੰ ਵੀ ਵਧਾਇਆ ਗਿਆ ਸੀ ਤਾਂ ਜੋ ਇਨ੍ਹਾਂ ਬੇਰੀਆਂ ਦੀਆਂ ਜੜ੍ਹਾਂ ਨੂੰ ਲੋੜੀਂਦੀ ਧੁੱਪ, ਹਵਾ, ਪਾਣੀ ਮਿਲ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਲਗਭਗ ਦਹਾਕਾ ਪਹਿਲਾਂ ਇਨ੍ਹਾਂ ਪੁਰਾਤਨ ਤਿੰਨ ਬੇਰੀਆਂ ਦੀ ਸਾਂਭ-ਸੰਭਾਲ ਲਈ ਇੱਕ ਮਿਸ਼ਨ ਵਜੋਂ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਮਾਹਿਰਾਂ ਦੀ ਰਾਇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਬੇਰੀਆਂ ਦੇ ਮਿੱਟੀ ਵਾਲੇ ਘੇਰੇ ਨੂੰ ਵਧਾਇਆ ਗਿਆ ਹੈ। ਸੰਗਤਾਂ ਦੇ ਕੜਾਹ-ਪ੍ਰਸ਼ਾਦਿ ਵਾਲੇ ਹੱਥ ਲੱਗਣ ਤੋਂ ਬਚਾਉਣ ਲਈ ਇਨ੍ਹਾਂ ਦੇ ਆਲੇ-ਦੁਆਲੇ ਸੁੰਦਰ ਜਾਲੀ ਲਾਈ ਗਈ ਹੈ। ਇਨ੍ਹਾਂ ਯਤਨਾਂ ਸਦਕਾ ਸਾਰੀਆਂ ਬੇਰੀਆਂ ਨੂੰ ਹੁਣ ਬੇਰ ਵੀ ਲੱਗ ਰਹੇ ਹਨ।

ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਹਰ ਸਮੇਂ ਚੱਲਦੇ ਹਨ 45 ਅਖੰਡ ਪਾਠ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਜਿਥੇ ਰੋਜ਼ਾਨਾਂ ਲੱਖਾਂ ਸੰਗਤਾਂ ਪੁੱਜਦੀਆਂ ਹਨ ਉਥੇ ਆਪਣੀ ਕਿਸੇ ਸੁੱਖਣਾ, ਖੁਸ਼ੀ ਜਾਂ ਗਮੀ ਦੇ ਸਬੰਧ ‘ਚ ਇਸ ਪਾਵਨ ਅਸਥਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਵੀ ਸੰਗਤਾਂ ਵਿਚ ਭਾਰੀ ਉਤਸ਼ਾਹ ਰਹਿੰਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਲਗਭਗ 45 ਥਾਵਾਂ ‘ਤੇ ਰੋਜ਼ਾਨਾ ਸ੍ਰੀ ਅਖੰਡ ਸਾਹਿਬ ਜਾਰੀ ਰਹਿੰਦੇ ਹਨ, ਫਿਰ ਵੀ ਇਥੇ ਸ੍ਰੀ ਅਖੰਡ ਪਾਠ ਰਖਵਾਉਣ ਲਈ ਸ਼ਰਧਾਲੂਆਂ ਨੂੰ ਸਾਲਾਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਭਾਵੇਂ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਦਾ ਹਰ ਕੋਨਾ ਪਵਿੱਤਰ ਤੇ ਇਤਿਹਾਸਕ ਮਹੱਤਤਾ ਰੱਖਦਾ ਹੈ, ਪਰ ਸ਼ਰਧਾਲੂਆਂ ਦੀ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਦੀ ਸਭ ਤੋਂ ਵਧ ਕੋਸ਼ਿਸ਼ ਹਰਿ ਕੀ ਪੌੜੀ ਵਾਲੇ ਵੱਡੀ ਪਾਵਨ ਬੀੜ ਸਾਹਿਬ ਤੇ ਦੁੱਖ ਭੰਜਨੀ ਬੇਰੀ ਸਾਹਿਬ ਵਾਲੇ ਅਸਥਾਨਾਂ ‘ਤੇ ਹੀ ਹੁੰਦੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਦੇਹ ਅਰੋਗਤਾ ਤੇ ਤੰਦਰੁਸਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਵਾਲੇ ਸ਼ਰਧਾਲੂਆਂ ਵਲੋਂ ਗੁ: ਦੁੱਖ ਭੰਜਨੀ ਬੇਰੀ ਸਾਹਿਬ ਵਿਖੇ ਪਾਠ ਰਖਾਉਣ ਲਈ ਨਾਮ ਦਰਜ ਕਰਾਉਣ ਵਾਲੇ ਸ਼ਰਧਾਲੂਆਂ ਨੂੰ 8 ਸਾਲ ਦੇ ਕਰੀਬ ਭਾਵ ਸੰਨ 2026 ਤੱਕ ਉਡੀਕ ਕਰਨੀ ਪੈ ਰਹੀ ਹੈ। ਹਾਲਾਂਕਿ ਗੁ: ਦੁੱਖ ਭੰਜਨੀ ਬੇਰੀ ਸਾਹਿਬ ਵਾਲੇ ਅਸਥਾਨ ‘ਤੇ ਇਕੋ ਸਮੇਂ ਕਈ ਸ੍ਰੀ ਅਖੰਡ ਪਾਠ ਸਾਹਿਬ ਰੱਖਣ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਕਈ ਵਿਸ਼ੇਸ਼ ਕਮਰੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੀ ਮੰਜ਼ਿਲ ‘ਤੇ ਸਥਿਤ ਹਰਿ ਕੀ ਪੌੜੀ ਵਿਖੇ ਵੀ ਇਸ ਵੇਲੇ ਤੱਕ ਸੰਨ 2023 ਤੱਕ ਬੁਕਿੰਗ ਹੋ ਚੁੱਕੀ ਹੈ ਤੇ ਇਸ ਤੋਂ ਅੱਗੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਹਾਲੇ ਬੁਕਿੰਗ ਬੰਦ ਕੀਤੀ ਹੋਈ ਹੈ। ਇਸੇ ਤਰ੍ਹਾਂ ਗੁ: ਲਾਚੀ ਬੇਰ ਸਾਹਿਬ, ਜੋ ਦਰਸ਼ਨੀ ਡਿਉੜੀ ਦੇ ਸੱਜੇ ਹੱਥ ਸਥਿਤ ਹੈ, ਵਿਖੇ ਇਕ ਹੀ ਸ੍ਰੀ ਅਖੰਡ ਪਾਠ ਸਾਹਿਬ ਹੁੰਦਾ ਹੈ, ਜਿਥੇ ਪਾਠ ਰਖਵਾਉਣ ਲਈ 6 ਸਾਲ ਤੱਕ ਭਾਵ ਸੰਨ੍ਹ 2024 ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਦੇ ਚਾਹਵਾਨ ਸ਼ਰਧਾਲੂਆਂ ਨੂੰ ਵੀ 5 ਸਾਲ ਤੱਕ ਉਡੀਕ ਕਰਨੀ ਪੈਂਦੀ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੈਕਸਾਈਡ ਗੁ: ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੰਨ੍ਹ 2020 ਤੱਕ ਦੀ ਉਡੀਕ ਸੂਚੀ ਹੈ। ਇਸੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਲਈ ਅੱਜ ਕੱਲ੍ਹ ਭੇਟਾ 7500 ਰੁਪਏ ਹੈ ਤੇ ਇਸ ‘ਚ ਪਾਠੀ ਸਿੰਘਾਂ ਲਈ ਭੇਟਾ ਦੇ ਨਾਲ-ਨਾਲ ਰੁਮਾਲਾ ਸਾਹਿਬ, ਕੜਾਹਿ ਪ੍ਰਸ਼ਾਦ ਦੀ ਦੇਗ ਤੇ ਭੋਗ ਸਮੇਂ ਕੀਰਤਨ ਲਈ ਰਾਗੀ ਜਥੇ ਦੀ ਭੇਟਾ ਵੀ ਸ਼ਾਮਿਲ ਹੁੰਦੀ ਹੈ।
ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਰੱਖੇ ਜਾਂਦੇ ਹਨ ਤੇ ਤੀਜੇ ਦਿਨ ਸਵੇਰੇ 7 ਤੋਂ 8 ਵਜੇ ਦੌਰਾਨ ਭੋਗ ਪੈਂਦੇ ਹਨ ਤੇ 800 ਦੇ ਕਰੀਬ ਪਾਠੀ ਸਿੰਘ ਦਿਨ ਰਾਤ ਪਾਠ ਕਰਨ ਦੀ ਸੇਵਾ ਨਿਭਾਉਂਦੇ ਹਨ। ਬਹੁਤ ਸਾਰੇ ਪਾਠ ਰਖਵਾਉਣ ਵਾਲੇ ਸ਼ਰਧਾਲੂਆਂ ਦੇ ਪਰਿਵਾਰ ਸ੍ਰੀ ਅਖੰਡ ਪਾਠ ਦੇ ਭੋਗ ਸਮੇਂ ਪੁੱਜਦੇ ਵੀ ਹਨ, ਪਰ ਵਿਦੇਸ਼ ਜਾਂ ਦੂਰ ਦੁਰਾਡੇ ਰਹਿਣ ਵਾਲੇ ਕਈ ਸ਼ਰਧਾਲੂਆਂ ਦੇ ਨਾ ਪੁੱਜ ਸਕਣ ਕਾਰਨ ਪਾਠੀ ਸਿੰਘ ਤੇ ਪ੍ਰਬੰਧਕ ਹੀ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ।

Check Also

ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ

ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …