ਅਮਰਿੰਦਰ ਨੇ ਜੇਤਲੀ ਉੱਤੇ ਲਾਇਆ ਫਸਾਉਣ ਦਾ ਦੋਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਆਮਦਨ ਕਰ ਵਿਭਾਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਖ਼ਿਲਾਫ਼ ਬਿਨਾਂ ਆਮਦਨ ਕਰ ਭੁਗਤਾਨ ਵਾਲੀਆਂ ਵਿਦੇਸ਼ੀ ਸੰਪਤੀਆਂ ਦੇ ਮਾਮਲੇ ਵਿਚ ਜਾਂਚ ਨੂੰ ਲੈ ਕੇ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿਭਾਗ ਨੇ ਲੁਧਿਆਣਾ ਦੀ ਇਕ ਅਦਾਲਤ ਵਿਚ ਕੈਪਟਨ ਨੂੰ ਆਮਦਨ ਕਰ ਐਕਟ ਦੀ ਧਾਰਾ 277 ਅਤੇ ਆਈਪੀਸੀ ਦੀਆਂ ਧਾਰਾਵਾਂ 176, 177 ਤੇ 193 ਤਹਿਤ ਕੇਸ ਪਾਇਆ ਗਿਆ ਹੈ।
ਸ਼ਿਕਾਇਤ ਅਨੁਸਾਰ ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਜਾਂਚ ਦੌਰਾਨ ਕੈਪਟਨ ਅਤੇ ਉਨ੍ਹਾਂ ਦੇ ਲੜਕੇ ਵੱਲੋਂ ਵਿਦੇਸ਼ ਵਿਚ ਟਰੱਸਟ ਅਤੇ ਹੋਰ ਸੰਪਤੀਆਂ ਵਿਚ ਲਾਭਪਾਤਰੀ ਪਾਇਆ ਗਿਆ ਹੈ ਅਤੇ ਜਦੋਂ ਉਨ੍ਹਾਂ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸੰਪਤੀਆਂ ਦੀ ਮਾਲਕੀ ਬਾਰੇ ਗ਼ਲਤ ਬਿਆਨ ਦਿੱਤੇ।
ਉਧਰ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਰਾਹੀਂ ਵਿੱਤ ਮੰਤਰੀ ਅਰੁਣ ਜੇਤਲੀ ‘ਤੇ ਉਨ੍ਹਾਂ ਨੂੰ ਫਸਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜੇਤਲੀ ਨੂੰ ਅੰਮ੍ਰਿਤਸਰ ਤੋਂ ਜ਼ਿਮਨੀ ਚੋਣ ਲੜਨ ਦੀ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਜਵਾਬ ਵਿਚ ਉਨ੍ਹਾਂ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਆਮਦਨ ਕਰ ਵਿਭਾਗ ‘ਤੇ ਵੀ ਦੋਸ਼ ਲਾਇਆ ਕਿ ਉਹ ਚੋਣਾਂ ਦੀ ਉਡੀਕ ਕਿਉਂ ਕਰ ਰਿਹਾ ਸੀ ਜਦਕਿ ਦੋ ਸਾਲ ਪਹਿਲਾਂ ਵੀ ਇਹ ਮਾਮਲਾ ਖੋਲ੍ਹਿਆ ਜਾ ਸਕਦਾ ਸੀ।
ਅਮਰਿੰਦਰ ਦੇ ਪੈਰੀਂ ਹੱਥ ਲਾਉਂਦੇ ਨੇ ਸੁਖਬੀਰ ਬਾਦਲ
ਨਵੀਂ ਦਿੱਲੀ : ਉਹ ਇਕ ਦੂਜੇ ਦੇ ਕੱਟੜ ਵਿਰੋਧੀ ਹਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਨਮਾਨ ਵਜੋਂ ਉਹ ਹਮੇਸ਼ਾ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਪੈਰੀਂ ਹੱਥ ਲਾਉਂਦੇ ਹਨ।
ਰਾਜਧਾਨੀ ਵਿਚ ਇਕ ਪ੍ਰੋਗਰਾਮ ਦੌਰਾਨ ਦੋਵੇਂ ਨੇਤਾ ਮੌਜੂਦ ਸਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਦੋਵਾਂ ਵਿਚਕਾਰ ਕੋਈ ਗੁਪਤ ਸਮਝੌਤਾ ਹੈ ਕਿਉਂਕਿ ਜਦੋਂ ਸੁਖਬੀਰ ਬਾਦਲ ਪ੍ਰੋਗਰਾਮ ਵਿਚ ਆਏ ਤਾਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੈਰੀਂ ਹੱਥ ਲਾਏ। ਇਸਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ।
ਉਹਨਾਂ ਕਿਹਾ, ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਸਵਾਲ ਹੈ। ਹਰ ਇਕ ਦਾ ਆਪਣਾ ਸਭਿਆਚਾਰ ਹੈ। ਮੈਂ ਉਹਨਾਂ ਤੋਂ ਵੱਡਾ ਹਾਂ ਤੇ ਉਹ ਆਪਣਾ ਸਨਮਾਨ ਪ੍ਰਗਟਾਉਂਦੇ ਹਨ। ਇਸ ਨੂੰ ਇਸੇ ਤਰ੍ਹਾਂ ਸਮਝਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਕਿ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਵਜੋਂ ਮੇਰੇ ਨਾਲ ਅਜਿਹਾ ਕਰਦੇ ਹਨ। ਆਪਣੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ, ਮੈਂ ਹਮੇਸ਼ਾ ਉਨ੍ਹਾਂ ਦੇ ਪੈਰੀਂ ਹੱਥ ਲਾਏ ਹਨ। ਮੈਂ ਹਮੇਸ਼ਾ ਆਪਣਿਆਂ ਤੋਂ ਵੱਡਿਆਂ ਦੇ ਪੈਰੀਂ ਹੱਥ ਲਾਉਂਦਾ ਹਾਂ। ਇਹੀ ਨਹੀਂ ਜਦੋਂ ਉਨ੍ਹਾਂ ਨੇ ਸਾਨੂੰ ਜੇਲ੍ਹ ਭੇਜ ਦਿੱਤਾ ਸੀ ਤਾਂ ਮੈਂ ਉਨ੍ਹਾਂ ਨੂੰ ਮਿਲਿਆ ਸੀ, ਮੈਂ ਉਨ੍ਹਾਂ ਦੇ ਪੈਰੀਂ ਹੱਥ ਲਾਏ ਸਨ। ਇਸ ਲਈ ਮੈਂ ਹਮੇਸ਼ਾ ਤੋਂ ਇਸੇ ਤਰ੍ਹਾਂ ਕੀਤਾ ਹੈ ਤੇ ਇਹੀ ਗੱਲ ਹੈ, ਜਿਸ ਨੇ ਮੈਨੂੰ ਨੇਤਾ ਵੀ ਬਣਾਇਆ ਹੈ। ਬਾਦਲ ਦੀ ਗੱਲ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਇਹ ਨਾ ਭੁੱਲੋ ਕਿ ਜਦੋਂ ਉਹ ਸਲਾਖਾਂ ਦੇ ਪਿੱਛੇ ਸਨ, ਮੈਨੂੰ ਸੰਦੇਸ਼ ਮਿਲਿਆ ਕਿ ਉਹ ਸਿਰਫ ਡਾਈਟ ਕੋਕ ਹੀ ਪੀਂਦੇ ਹਨ ਤਾਂ ਮੈਂ ਉਨ੍ਹਾਂ ਲਈ ਡਾਈਟ ਕੋਕ ਭੇਜੀ ਸੀ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …