ਚੰਡੀਗੜ੍ਹ/ਬਿਊਰੋ ਨਿਊਜ਼
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਸਾਲ 2014 ਤੋਂ ਇਰਾਕੀ ਸ਼ਹਿਰ ਮੌਸੂਲ ਵਿੱਚ ਬੰਦੀ ਬਣਾਏ 39 ਭਾਰਤੀਆਂ ਨੂੰ ਲੱਭਣ ਲਈ ਮੰਤਰਾਲਾ ਹਰੇਕ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਬੰਦੀਆਂ ਵਿੱਚ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਹਨ। ਇਸ ਦੌਰਾਨ ਇਰਾਕੀ ਅਧਿਕਾਰੀਆਂ ਨੇ ਵੀ ਭਰੋਸਾ ਦਿੱਤਾ ਕਿ ਉਹ ਭਾਰਤੀ ਨਾਗਰਿਕਾਂ ਨੂੰ ਲੱਭਣ ਲਈ ਸਹਿਯੋਗ ਦੇਣਗੇ। ਇਰਾਕੀ ਫੌਜ ਵੱਲੋਂ ਮੌਸੂਲ ਨੂੰ ਆਈਐਸਆਈਐਸ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਮਗਰੋਂ ਪਰਿਵਾਰਾਂ ਨੂੰ ਇਨ੍ਹਾਂ ਬੰਦੀਆਂ ਨੂੰ ਲੱਭਣ ਵਿੱਚ ਦਿੱਕਤਾਂ ਆ ਰਹੀਆਂ ਹਨ। ਇਸ ਬਾਰੇ ਰਿਪੋਰਟਾਂ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਨੂੰ ਫੋਨ ਕਰਕੇ ਉਨ੍ਹਾਂ ਤੋਂ ਦਖ਼ਲ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਆਈਐਸਆਈਐਸ ਦੀ ਹਾਰ ਤੋਂ ਬਾਅਦ ਪਰਿਵਾਰਾਂ ਨੂੰ ਆਪਣੇ ਮੈਂਬਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਕੇਂਦਰ ਸਰਕਾਰ ਦੇ ਸਹਿਯੋਗ ਦੀ ਲੋੜ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਮੌਸੂਲ ਵਿੱਚ ਨਿਰਮਾਣ ਵਾਲੀ ਥਾਂ ਤੋਂ ਆਈਐਸਆਈਐਸ ਵੱਲੋਂ ਅਗਵਾ ਕੀਤੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਮੰਤਰਾਲਾ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਦੱਸਿਆ ਕਿ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੂੰ ਉਥੋਂ ਦੀ ਸਰਕਾਰ ਨਾਲ ਸਹਿਯੋਗ ਅਤੇ ਫਸੇ ਭਾਰਤੀਆਂ ਦੀ ਵਾਪਸੀ ਵਿੱਚ ਮਦਦ ਲਈ ਇਰਾਕ ਭੇਜਿਆ ਗਿਆ ਹੈ।
ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਭਾਰਤੀ ਸਫ਼ਾਰਤਖਾਨੇ ਨੂੰ ਇਰਾਕ ਵਿੱਚ ਫਸੇ ਲੋਕਾਂ ਦੀ ਹਰੇਕ ਸੰਭਵ ਮਦਦ ਕਰਨ ਦਾ ਵੀ ਆਦੇਸ਼ ਦਿੱਤਾ ਹੈ। ઠਹਵਾਈ ਅੱਡਿਆਂ ਉਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਵੀ ਭਾਰਤੀਆਂ ਦੀ ਵਾਪਸੀ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਾਪਤਾ ਭਾਰਤੀਆਂ ਨੂੰ ਲੱਭਣ ਲਈ ਮੰਤਰਾਲੇ ਨੇ ਆਪਣੇ ਸਾਰੇ ਉਪਲਬਧ ਸਰੋਤਾਂ ਨੂੰ ਸਰਗਰਮ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਰੇਕ ਕਦਮ ਚੁੱਕੇਗੀ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਰਾਕੀ ਅਧਿਕਾਰੀਆਂ ਨੇ ਮੌਸੂਲ ਵਿੱਚ ਬੰਦੀ ਬਣਾਏ 39 ਭਾਰਤੀਆਂ ਨੂੰ ਲੱਭਣ ਲਈ ਹਰੇਕ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
Check Also
ਵਿਸ਼ਵ ਪੰਜਾਬੀ ਕਾਨਫਰੰਸ : ਫਨਕਾਰਾਂ ਨੇ ਸਾਂਝੀਵਾਲਤਾ ਦੇ ਗੀਤਾਂ ਨਾਲ ਰੰਗ ਬੰਨ੍ਹਿਆ
ਸ਼ਾਇਰ ਹਰਵਿੰਦਰ ਦੇ ਗੀਤ ਸਣੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਕੀਤੀਆਂ ਲੋਕ ਅਰਪਣ ਅੰਮ੍ਰਿਤਸਰ : ਪਾਕਿਸਤਾਨ …