ਡਰੋਨ ਜ਼ਰੀਏ ਜ਼ਮੀਨ ਮੈਪਿੰਗ ਦੀ ਹੋਈ ਸ਼ੁਰੂਆਤ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਅਤੇ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾ ਨੇ ਅੱਜ ਆਪਣੇ ਹਲਕੇ ਦੇ ਪਿੰਡ ਖੇਤਲਾ ਵਿਖੇ ਡਰੋਨ ਜ਼ਰੀਏ ਜ਼ਮੀਨ ਮੈਪਿੰਗ ਸ਼ੁਰੂ ਕਰਵਾ ਕੇ ਸਬ ਡਵੀਜ਼ਨ ਦਿੜ੍ਹਬਾ ’ਚ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਦਿੜ੍ਹਬਾ ਪਿੰਡਾਂ ਵਿਚ ਲਾਲ ਲਕੀਰ ਦੇ ਘੇਰੇ ਅਧੀਨ ਆਉਂਦੇ ਘਰਾਂ ਦੇ ਮਾਲਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਪ੍ਰਕਿਰਿਆ ਤਹਿਤ ਨਿਸ਼ਾਨਦੇਹੀ ਕਰਵਾਉਣ ਉਪਰੰਤ ਡਰੋਨ ਸਰਵੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਬਣਨ ਵਾਲੇ ਨਕਸ਼ਿਆਂ ਦੇ ਆਧਾਰ ’ਤੇ ਡੋਰ ਟੂ ਡੋਰ ਸਰਵੇਖਣ ਕਰਵਾਇਆ ਜਾਵੇਗਾ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ਉਪਰੰਤ ਜਨਤਕ ਤੌਰ ’ਤੇ ਇਤਰਾਜ਼ ਮੰਗੇ ਜਾਣਗੇ ਅਤੇ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਘਰਾਂ ਦੇ ਮਾਲਕਾਂ ਨੂੰ ਸਰਟੀਫਿਕੇਟ ਦੇ ਕੇ ਮਾਲਕਾਨਾ ਹੱਕ ਦਿੱਤੇ ਜਾਣਗੇ।