50 ਹਜ਼ਾਰ ਡਾਲਰ ਦਾ ਟੀਚਾ ਪੂਰਾ ਹੋਣ ਦੇ ਕਰੀਬ
ਟੋਰਾਂਟੋ : ਪੰਜਾਬ ਵਿਚ ਕੋਵਿਡ ਦੇ ਕਹਿਰ ਕਾਰਨ ਹੋ ਰਹੀਆਂ ਮੌਤਾਂ ਨੂੰ ਘਟਾਉਣ ਲਈ ਪਰਵਾਸੀ ਮੀਡੀਆ ਗਰੁੱਪ ਵੱਲੋਂ ਅੰਮ੍ਰਿਤਸਰ ਵਿਚਲੇ ਡਾਕਟਰਾਂ ਦੀ ਮਦਦ ਨਾਲ ਅਤਿ ਗਰੀਬ ਲੋਕਾਂ ਦੀ ਸਹਾਇਤਾ ਲਈ ‘ਪਰਵਾਸੀ ਸਹਾਇਤਾ ਫਾਊਂਡੇਸ਼ਨ’ ਵੱਲੋਂ ਵੱਡੀ ਮੁਹਿੰਮ ਦਾ ਆਰੰਭ ਕੀਤਾ ਗਿਆ। ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਲੰਘੇ ਦਿਨੀਂ ‘ਪਰਵਾਸੀ ਰੇਡੀਓ’ (1320-1350AM) ‘ਤੇ ਇਕ ਰੇਡੀਓ ਥੌਨ ਕੀਤਾ ਗਿਆ, ਜਿਸ ਵਿਚ 30 ਹਜ਼ਾਰ ਡਾਲਰ ਤੋਂ ਵੱਧ ਫੰਡ ਰੇਜ ਕੀਤਾ ਗਿਆ। ‘ਪਰਵਾਸੀ’ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਅਤੇ ‘ਪਰਵਾਸੀ ਸਹਾਇਤਾ ਫਾਊਂਡੇਸ਼ਨ’ ਦੇ ਡਾਇਰੈਕਟਰ ਮੀਨਾਕਸ਼ੀ ਸੈਣੀ ਹੁਰਾਂ ਨੇ ਜਾਣਕਾਰੀ ਦਿੱਤੀ ਕਿ ਕਮਿਊਨਿਟੀ ਵੱਲੋਂ ਲਗਾਤਾਰ ਟੈਲੀਫੋਨ ਕਰਕੇ, ਬੈਂਕ ਵਿਚ ਜਾ ਕੇ ਅਤੇ ਈਮੇਲ ਰਾਹੀਂ ਇਹ ਫੰਡ ਜਮ੍ਹਾਂ ਕਰਵਾਏ ਜਾ ਰਹੇ ਹਨ ਅਤੇ ਇਕ ਮੋਟੇ ਅੰਦਾਜ਼ੇ ਮੁਤਾਬਕ ਹੁਣ ਤੱਕ 35 ਹਜ਼ਾਰ ਡਾਲਰ ਦੀ ਰਕਮ ਇਕੱਠੀ ਵੀ ਹੋ ਚੁੱਕੀ ਹੈ। ਇਸ ਵਿਚ ਪਹਿਲੇ ਗੇੜ ਵਿਚ ਅੰਮ੍ਰਿਤਸਰ ਮੁਸਕਾਨ ਨਾਂ ਦੀ ਚੈਰੀਟੇਬਲ ਸੰਸਥਾ ਚਲਾ ਰਹੇ ਡਾਕਟਰ ਐਮ. ਐਸ. ਦੀਵਾਨ ਨੂੰ 3 ਲੱਖ ਰੁਪਏ ਦੀਆਂ ਦਵਾਈਆਂ, 2 ਲੱਖ ਰੁਪਏ (ਦੋ ਐਂਬੂਲੈਂਸਾਂ) ਅਤੇ 10 ਆਕਸੀਜਨ ਕੰਨਸਨਟਰੇਟਰਾਂ ਲਈ ਕੁੱਲ 12 ਲੱਖ ਰੁਪਏ ਤੁਰੰਤ ਭੇਜਿਆ ਜਾ ਰਿਹਾ ਹੈ। ਰਜਿੰਦਰ ਸੈਣੀ ਹੁਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ਕ ਪੰਜਾਬ ਵਿਚ ਅਤੇ ਭਾਰਤ ਵਿਚ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਪ੍ਰੰਤੂ ਕੈਨੇਡਾ ਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਭੇਜੇ ਜਾ ਰਹੇ ਇਸ ਯੋਗਦਾਨ ਨਾਲ ਕਈ ਜਾਨਾਂ ਬਚ ਸਕਣਗੀਆਂ। ਉਨ੍ਹਾਂ ਯਕੀਨ ਦਿਵਾਇਆ ਕਿ ਜੇਕਰ ਲੋਕਾਂ ਦਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਉਹ ਇਸ ਕਾਰਜ ਨੂੰ ਅੱਗੇ ਵੀ ਜਾਰੀ ਰੱਖਣਾ ਚਾਹੁੰਣਗੇ। ਉਨ੍ਹਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ‘ਪਰਵਾਸੀ ਸਹਾਇਤਾ ਫਾਊਂਡੇਸ਼ਨ’ ਦੇ ਟੀਡੀ ਬੈਂਕ ਵਿਚ ਅਕਾਊਂਟ ਨੰਬਰ 1176-5007920 ਵਿਚ ਜਮ੍ਹਾਂ ਕਰਵਾ ਸਕਦੇ ਹਨ ਜਾਂ [email protected] ‘ਤੇ ਈ ਟਰਾਂਸਫਰ ਰਾਹੀਂ ਵੀ ਆਪਣੀ ਮਦਦ ਭੇਜ ਸਕਦੇ ਹਨ ਜਾਂ ਫਿਰ ਕਿਸੇ ਵੀ ਹੋਰ ਜਾਣਕਾਰੀ ਲਈ ‘ਪਰਵਾਸੀ’ ਮੀਡੀਆ ਗਰੁੱਪ ਦੇ ਟੈਲੀਫੋਨ ਨੰਬਰ 905-673-0600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।