Breaking News
Home / ਭਾਰਤ / ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਵਾਲੀ ਕਮਲ ਨਾਥ ਦੀ ਫੇਸਬੁੱਕ ਪੋਸਟ ਨਾਲ ਸਿੱਖ ਭਾਈਚਾਰੇ ‘ਚ ਰੋਸ

ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਵਾਲੀ ਕਮਲ ਨਾਥ ਦੀ ਫੇਸਬੁੱਕ ਪੋਸਟ ਨਾਲ ਸਿੱਖ ਭਾਈਚਾਰੇ ‘ਚ ਰੋਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਕਮਲਨਾਥ ਨੇ ਫੇਸਬੁੱਕ ਪੇਜ਼ ‘ਤੇ ਗੁਰਬਾਣੀ ਨੂੰ ਤੋੜ ਮਰੋੜ ਕੇ ਆਪਣੇ-ਆਪ ਨੂੰ ਉਤਮ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਮਲ ਨਾਥ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਕਰਦੀ ਇਸ ਤਸਵੀਰ ਨਾਲ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਕਮਲ ਨਾਥ ਨੇ ਜਿਨ੍ਹਾਂ ਪੰਕਤੀਆਂ ਨੂੰ ਲਿਖਿਆ ਹੈ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨੀ ਜਾਂਦੀ ਹੈ। ਅਸਲ ਪੰਕਤੀਆਂ ਵਿਚ ਕਮਲਨਾਥ ਦੀ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੈ। ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕੁਲਦੀਪ ਸਿੰਘ ਭੋਗਲ ਨੇ ਥਾਣਾ ਨਾਰਥ ਐਵੀਨਿਊ ਵਿਚ ਕਮਲਨਾਥ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਟੀਮ ਕਮਲਨਾਥ ਵਲੋਂ ਆਪਣੇ ਕਈ ਫੇਸਬੁੱਕ ਪੇਜਾਂ ਉਤੇ ਇਕ ਪੋਸਟ ਪਾਈ ਗਈ ਸੀ, ਜਿਸ ਵਿਚ ਕਮਲਨਾਥ ਦੀ ਫੋਟੋ ਲਾ ਕੇ ‘ਸਵਾ ਲਾਖ ਸੇ ਏਕ ਲੜਾਊ ਚਿੜੀਅਨ ਸੇ ਮੈਂ ਬਾਜ ਤੁੜਾਊਂ, ਤਬੈ ਕਮਲਨਾਥ ਨਾਮ ਕਹਾਊਂ’ ਲਿਖ ਕੇ ਗ੍ਰਾਫਿਕ ਬਣਾਇਆ ਗਿਆ ਸੀ। ਇਸ ਬਾਰੇ ਜੀ.ਕੇ. ਅਤੇ ਭੋਗਲ ਨੇ ਦੱਸਿਆ ਕਿ ਕਮਲਨਾਥ ਨੇ ਇਕ ਤਰ੍ਹਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਕਰਨ ਅਤੇ ਗੁਰੂ ਸਾਹਿਬ ਨੂੰ ਛੋਟਾ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬਾਅਦ ‘ਚ ਇਸ ਪੋਸਟ ਨੂੰ ਹਟਾ ਲਿਆ ਗਿਆ ਸੀ।
ਕਮਲਨਾਥ ਖਿਲਾਫ ਹੋਵੇ ਕਾਰਵਾਈ : ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ : ਕਮਲਨਾਥ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਅਤੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਤੋੜ ਮਰੋੜ ਕੇ ਲਿਖਣ ਦੇ ਮਾਮਲੇ ਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਸਖਤ ਨੋਟਿਸ ਲਿਆ ਹੈ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਨੂੰ ਮਾਮਲੇ ‘ਚ ਕਾਰਵਾਈ ਕਰਵਾਉਣ ਦੀ ਹਦਾਇਤ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਆਸੀ ਆਗੂ ਵਲੋਂ ਅਜਿਹੀ ਹਰਕਤ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

Check Also

ਭਾਰਤ ਦੇ 10 ਸੂਬਿਆਂ ’ਚ 96 ਸੀਟਾਂ ’ਤੇ ਚੌਥੇ ਗੇੜ ਤਹਿਤ ਵੋਟਾਂ ਭਲਕੇ ਸੋਮਵਾਰ ਨੂੰ

ਪੰਜਾਬ ’ਚ 1 ਜੂਨ ਨੂੰ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਲਈ …