ਚੰਡੀਗੜ੍ਹ : ਪੰਜਾਬ ਸੂਬੇ ਦੇ ਪ੍ਰਸਿੱਧ ‘ਪੰਜਾਬੀ ਵਿਰਸਾ ਟਰੱਸਟ’ ਨੇ ਸਾਲ 2024 ਦਾ ‘ਮਾਣ-ਮੱਤਾ ਪੱਤਰਕਾਰ ਪੁਰਸਕਾਰ’ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਕਾਲਮਨਵੀਸ ਡਾ. ਰਣਜੀਤ ਸਿੰਘ ਘੁੰਮਣ ਤੇ ਪੰਜਾਬ ਅਤੇ ਲੋਕਪੱਖੀ ਪੱਤਰਕਾਰੀ ਕਰਨ ਵਾਲੇ ਦੀਪਕ ਸ਼ਰਮਾ ਚਨਾਰਥਲ ਨੂੰ ਦੇਣ ਦਾ ਐਲਾਨ ਕੀਤਾ। ਇਸ 9ਵੇਂ ਪੁਰਸਕਾਰ ਭੇਟ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ‘ਪੰਜਾਬੀ ਵਿਰਸਾ ਟਰੱਸਟ (ਰਜਿ.)’ ਦੇ ਜਨਰਲ ਸਕੱਤਰ ਪਿ੍ਰੰ. ਗੁਰਮੀਤ ਸਿੰਘ ਪਲਾਹੀ ਨੇ ਆਖਿਆ ਕਿ ਇਹ ਪੁਰਸਕਾਰ ਇਨ੍ਹਾਂ ਦੋਵੇਂ ਸਖਸ਼ੀਅਤਾਂ ਨੂੰ ਆਉਂਦੀ 23 ਫਰਵਰੀ 2025, ਦਿਨ ਐਤਵਾਰ ਨੂੰ ਫਗਵਾੜਾ ਸ਼ਹਿਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਭੇਂਟ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਪੱਤਰਕਾਰੀ ਪੁਰਸਕਾਰ ਦੌਰਾਨ ਇਕ ਮਾਣ ਪੱਤਰ, ਸਨਮਾਨ ਚਿੰਨ੍ਹ, ਲੋਈ ਅਤੇ ਨਕਦ ਰਾਸ਼ੀ ਭੇਟ ਕੀਤੀ ਜਾਵੇਗੀ। ਧਿਆਨ ਰਹੇ ਕਿ ਡਾ. ਰਣਜੀਤ ਸਿੰਘ ਘੁੰਮਣ ਜਿੱਥੇ ਆਰਥਿਕ ਵਿਸ਼ਿਆਂ ਦੇ ਮਾਹਿਰ ਹਨ, ਉਥੇ ਪੰਜਾਬ ਦੀ ਆਰਥਿਕਤਾ ਨੂੰ ਅਤੇ ਪੰਜਾਬ ਦੀ ਕਿਸਾਨੀ ਨੂੰ ਪੈਰਾਂ ਸਿਰ ਕਰਨ ਲਈ ਉਹ ਆਪਣੀ ਕਲਮ ਰਾਹੀਂ ਅਤੇ ਵੱਖ-ਵੱਖ ਪਲੇਟ ਫਾਰਮਾਂ ਰਾਹੀਂ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸੇ ਤਰ੍ਹਾਂ ਨਾਮਵਰ ਪੱਤਰਕਾਰ, ਕਵੀ ਅਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਵੀ ਧਰਾਤਲ ਦੀ ਪੱਤਰਕਾਰੀ ਕਰਦੇ ਹਨ। ਪੰਜਾਬ ਅਤੇ ਪੰਜਾਬੀਅਤ ਨੂੰ ਕੇਂਦਰ ਵਿਚ ਰੱਖ ਕੇ ਉਨ੍ਹਾਂ ਦੀ ਪੱਤਰਕਾਰੀ ਹਮੇਸ਼ਾ ਲੋਕਪੱਖੀ ਰਹੀ ਹੈ। ਮਾਂ ਬੋਲੀ ਪੰਜਾਬੀ ਦੇ ਸਨਮਾਨ ਦੀ ਬਹਾਲੀ ਖਾਤਰ ਵੀ ਦੀਪਕ ਸ਼ਰਮਾ ਚਨਾਰਥਲ ਆਪਣਾ ਬਣਦਾ ਅਹਿਮ ਰੋਲ ਨਿਭਾਅ ਰਹੇ ਹਨ। ਉਕਤ ਦੋਵੇਂ ਸਖਸ਼ੀਅਤਾਂ ਵੱਲੋਂ ਪੱਤਰਕਾਰੀ ਦੇ ਖੇਤਰ ਵਿਚ ਨਿਭਾਈ ਜਾਂਦੀ ਉਸਾਰੂ ਭੂਮਿਕਾ ਸਦਕਾ ਹੀ ਉਨ੍ਹਾਂ ਦੀ ਚੋਣ ‘ਪੰਜਾਬੀ ਵਿਰਸਾ ਟਰੱਸਟ’ ਵੱਲੋਂ ਪੱਤਰਕਾਰੀ ਪੁਰਸਕਾਰ ਲਈ ਕੀਤੀ ਗਈ ਹੈ।
ਡਾ. ਰਣਜੀਤ ਸਿੰਘ ਘੁੰਮਣ ਅਤੇ ਦੀਪਕ ਸ਼ਰਮਾ ਚਨਾਰਥਲ ਨੂੰ ਸਾਲ 2024 ਦੇ ਪੱਤਰਕਾਰੀ ਪੁਰਸਕਾਰ ਲਈ ਚੁਣੇ ਜਾਣ ਸਬੰਧੀ ਫ਼ੈਸਲਾ ਪੰਜਾਬੀ ਵਿਰਸਾ ਟਰੱਸਟ ਵੱਲੋਂ ਬਣਾਈ ਚੋਣ ਕਮੇਟੀ, ਜਿਸ ਵਿੱਚ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ, ਲੇਖਕ ਡਾ.ਲਖਵਿੰਦਰ ਸਿੰਘ ਜੌਹਲ, ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ, ਕਾਲਮਨਵੀਸ ਪਿ੍ਰੰ. ਗੁਰਮੀਤ ਸਿੰਘ ਪਲਾਹੀ ਆਦਿ ਨੇ ਸਰਬਸੰਮਤੀ ਨਾਲ ਲਿਆ।
23 ਫਰਵਰੀ 2025 ਨੂੰ ਫਗਵਾੜਾ ਵਿਖੇ ਹੋਣ ਵਾਲਾ ਇਹ ਸਨਮਾਨ ਸਮਾਰੋਹ ਪੰਜਾਬ ਚੇਤਨਾ ਮੰਚ ਦੇ ਸਹਿਯੋਗ ਨਾਲ ਹੋਏਗਾ ਅਤੇ ਡਾ.ਰਣਜੀਤ ਸਿੰਘ ਘੁੰਮਣ ‘‘ਪੰਜਾਬ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ’’ ਵਿਸ਼ੇ ’ਤੇ ਇਸ ਸਮੇਂ ਵਿਚਾਰ ਪੇਸ਼ ਕਰਨਗੇ। ਪਿ੍ਰੰ. ਗੁਰਮੀਤ ਸਿੰਘ ਪਲਾਹੀ ਜਨਰਲ ਸਕੱਤਰ ਨੇ ਦੱਸਿਆ ਕਿ ਪਹਿਲਾ 2016 ਵਿੱਚ ਸ.ਨਰਪਾਲ ਸਿੰਘ ਸ਼ੇਰਗਿੱਲ ਅਤੇ ਪ੍ਰੋ. ਜਸਵੰਤ ਸਿੰਘ ਗੰਡਮ ਨੂੰ, ਦੂਜਾ 2017 ਵਿੱਚ ਪ੍ਰੋ. ਪਿਆਰਾ ਸਿੰਘ ਭੋਗਲ ਅਤੇ ਸ਼੍ਰੀ ਠਾਕਰ ਦਾਸ ਚਾਵਲਾ ਨੂੰ, ਤੀਜਾ 2018 ਵਿੱਚ ਡਾ. ਸਵਰਾਜ ਸਿੰਘ ਅਤੇ ਸ. ਆਈ.ਪੀ. ਸਿੰਘ ਨੂੰ, ਚੌਥਾ 2019 ਵਿਚ ਡਾ. ਗਿਆਨ ਸਿੰਘ ਅਤੇ ਸ.ਅਵਤਾਰ ਸਿੰਘ ਸ਼ੇਰਗਿੱਲ ਨੂੰ, ਪੰਜਵਾਂ 2020 ਵਿੱਚ ਡਾ.ਐਸ.ਐਸ.ਛੀਨਾ ਅਤੇ ਸ੍ਰ:ਗੁਰਚਰਨ ਸਿੰਘ ਨੂਰਪੁਰ ਨੂੰ, ਛੇਵਾਂ 2021 ਵਿੱਚ ਸ੍ਰ: ਸਤਨਾਮ ਸਿੰਘ ਮਾਣਕ ਅਤੇ ਸ੍ਰ: ਚਰਨਜੀਤ ਸਿੰਘ ਭੁੱਲਰ ਨੂੰ, ਸੱਤਵਾਂ 2022 ਵਿੱਚ ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਅਤੇ ਡਾ. ਸ਼ਿਆਮ ਸੁੰਦਰ ਦੀਪਤੀ ਨੂੰ, ਅੱਠਵਾਂ 2023 ਵਿੱਚ ਸ: ਕੁਲਦੀਪ ਸਿੰਘ ਬੇਦੀ ਅਤੇ ਸ਼੍ਰੀਮਤੀ ਰਚਨਾ ਖਹਿਰਾ ਨੂੰ ਇਹ ਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਦਾਨ ਕੀਤਾ ਜਾ ਚੁੱਕਾ ਹੈ।