Breaking News
Home / ਹਫ਼ਤਾਵਾਰੀ ਫੇਰੀ / ਭਾਰਤ ‘ਚ ਕਰੋਨਾ ਮਹਾਂਮਾਰੀ ਖਤਰਨਾਕ ਰੂਪ ਧਾਰਨ ਲੱਗੀ, ਕਰੋਨਾ ਦੀ ਸਭ ਤੋਂ ਤੇਜ਼ ਰਫ਼ਤਾਰ ਹੁਣ ਭਾਰਤ ਵਿਚ

ਭਾਰਤ ‘ਚ ਕਰੋਨਾ ਮਹਾਂਮਾਰੀ ਖਤਰਨਾਕ ਰੂਪ ਧਾਰਨ ਲੱਗੀ, ਕਰੋਨਾ ਦੀ ਸਭ ਤੋਂ ਤੇਜ਼ ਰਫ਼ਤਾਰ ਹੁਣ ਭਾਰਤ ਵਿਚ

ਬੁਰੀ ਖ਼ਬਰ
ਭਾਰਤ ਦੁਨੀਆ ਦਾ ਚੌਥਾ ਸਭ ਤੋਂ ਜ਼ਿਆਦਾ ਕਰੋਨਾ ਪ੍ਰਭਾਵਿਤ ਮੁਲਕ ਬਣਿਆ
ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ 3 ਲੱਖ ਤੱਕ ਅੱਪੜੀ, ਅਗਸਤ ਵਿਚ ਭਾਰਤ ਪਛਾੜ ਦੇਵੇਗਾ ਅਮਰੀਕਾ ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼
ਬੇਹੱਦ ਚਿੰਤਾ ਵਾਲੀ ਖ਼ਬਰ ਹੈ। ਇਸ ਨੂੰ ਬੁਰੀ ਖ਼ਬਰ ਵੀ ਆਖ ਸਕਦੇ ਹੋ ਕਿ ਦੁਨੀਆ ਭਰ ਵਿਚ ਕਰੋਨਾ ਦੀ ਇਸ ਸਮੇਂ ਸਭ ਤੋਂ ਤੇਜ਼ ਰਫ਼ਤਾਰ ਭਾਰਤ ਵਿਚ ਹੈ। ਭਾਰਤ ਅੰਦਰ 17 ਦਿਨਾਂ ਵਿਚ ਮਾਮਲੇ ਦੁੱਗਣੇ ਹੋ ਰਹੇ ਹਨ। ਪੰਜ ਤੋਂ ਛੇ ਦਿਨਾਂ ਦੇ ਵਿਚਕਾਰ ਹੀ 50 ਹਜ਼ਾਰ ਮਰੀਜ਼ਾਂ ਦਾ ਇਜਾਫ਼ਾ ਹੋ ਰਿਹਾ ਹੈ।
ਪਿਛਲੇ ਚੰਦ ਦਿਨਾਂ ਤੋਂ ਭਾਰਤ ਵਿਚ ਹਰ ਰੋਜ਼ ਔਸਤਨ ਦਸ ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਜਦਕਿ ਲੰਘੇ ਦਿਨੀਂ ਤਾਂ ਇਹ ਗਿਣਤੀ 11 ਹਜ਼ਾਰ ਨੂੰ ਵੀ ਟੱਪ ਚੁੱਕੀ ਹੈ। ਭਾਰਤ ਹੁਣ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਕਰੋਨਾ ਪ੍ਰਭਾਵਿਤ ਮੁਲਕਾਂ ਦੀ ਸੂਚੀ ਵਿਚ ਚੌਥੇ ਪਾਏਦਾਨ ‘ਤੇ ਆ ਗਿਆ ਹੈ। ਇਕੋ ਦਿਨ ਵਿਚ ਅਮਰੀਕਾ ਯੂ ਕੇ ਅਤੇ ਸਪੇਨ ਨੂੰ ਪਛਾੜ ਕੇ ਚੌਥੇ ਨੰਬਰ ‘ਤੇ ਪਹੁੰਚ ਗਿਆ ਹੈ। ਭਾਰਤ ਤੋਂ ਉਪਰ ਇਸ ਸਮੇਂ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਹੀ ਹੈ। ਤਿੰਨ ਲੱਖ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਛੂਹਣ ਵਾਲੇ ਭਾਰਤ ਵਿਚ 8500 ਦੇ ਕਰੀਬ ਮਰੀਜ਼ਾਂ ਨੇ ਜਾਨ ਵੀ ਗੁਆਈ ਹੈ। ਬੇਸ਼ੱਕ ਦੁਨੀਆ ਭਰ ਵਿਚ ਕਰੋਨਾ ਪ੍ਰਭਾਵਿਤ ਨੰਬਰ ਵੰਨ ਮੁਲਕ ਅਮਰੀਕਾ ਬਣਿਆ ਹੋਇਆ ਹੈ ਪਰ ਬ੍ਰਾਜ਼ੀਲ ਅਤੇ ਭਾਰਤ ਵਿਚ ਜਿਹੋ ਜਿਹੀ ਕਰੋਨਾ ਦੌੜ ਦੇਖਣ ਨੂੰ ਮਿਲ ਰਹੀ ਹੈ, ਉਸ ਨੂੰ ਦੇਖਦਿਆਂ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਅਗਸਤ ਮਹੀਨੇ ਤੱਕ ਭਾਰਤ ਕਰੋਨਾ ਦੇ ਮਾਮਲਿਆਂ ਵਿਚ ਅਮਰੀਕਾ ਨੂੰ ਪਛਾੜ ਦੇਵੇਗਾ ਅਤੇ ਇਹ ਦੁਨੀਆ ਦਾ ਕਰੋਨਾ ਪ੍ਰਭਾਵਿਤ ਦੂਜੇ ਨੰਬਰ ਦਾ ਮੁਲਕ ਹੋਵੇਗਾ ਕਿਉਂਕਿ ਤਦ ਨੰਬਰ ਵੰਨ ‘ਤੇ ਬ੍ਰਾਜ਼ੀਲ ਹੋ ਸਕਦਾ ਹੈ ਤੇ ਇਸ ਦੇ ਨਾਲ ਹੀ ਅਗਸਤ ਸਤੰਬਰ ਤੱਕ ਆਉਂਦਿਆਂ ਭਾਰਤ ਵਿਚ ਕਰੋਨਾ ਦੇ ਮਰੀਜ਼ਾਂ ਦਾ ਕੁਲ ਅੰਕੜਾ ਕਰੋੜ ਦਾ ਅੰਕ ਵੀ ਛੂਹ ਸਕਦਾ ਹੈ। ਬੇਸ਼ੱਕ ਇਸ ਸਮੇਂ ਭਾਰਤ ਵਿਚ ਮਾਮਲੇ 17 ਦਿਨ ਵਿਚ ਦੁੱਗਣੇ ਹੋ ਰਹੇ ਹਨ। ਸਿਹਤ ਮਾਹਿਰਾਂ ਵੱਲੋਂ ਜੋ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਆਉਂਦੇ ਸਮੇਂ ਵਿਚ ਭਾਰਤ ‘ਚ 10 ਤੋਂ 12 ਦਿਨਾਂ ਦਰਮਿਆਨ ਹੀ ਮਾਮਲੇ ਦੁੱਗਣੇ ਹੋ ਸਕਦੇ ਹਨ। ਜੇਕਰ 10 ਤੋਂ 12 ਦਿਨਾਂ ਦੇ ਦਰਮਿਆਨ ਕਰੋਨਾ ਦੇ ਮਾਮਲੇ ਦੁੱਗਣੇ ਹੋਣ ਲੱਗੇ ਤਦ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1 ਕਰੋੜ ਤੋਂ ਪਾਰ ਜਾ ਚੁੱਕੀ ਹੋਵੇਗੀ। ਬੇਸ਼ੱਕ ਭਾਰਤ ਵਿਚ ਕੁਲ ਮਰੀਜ਼ਾਂ ਵਿਚੋਂ ਪੀੜਤ ਮਰੀਜ਼ਾਂ ਦੇ ਮੁਕਾਬਲੇ ਸਿਹਤਯਾਬ ਹੋਣ ਦੀ ਦਰ ਜ਼ਿਆਦਾ ਹੈ ਫਿਰ ਟੈਸਟਿੰਗ ਘੱਟ ਹੋਣ ਕਾਰਨ ਇਸ ਦੇ ਫੈਲਣ ਦਾ ਵੱਧ ਖਤਰਾ ਹੈ। ਧਿਆਨ ਰਹੇ ਕਿ ਖਬਰ ਲਿਖੇ ਜਾਣ ਦੇ ਸਮੇਂ ਤੱਕ 135 ਕਰੋੜ ਤੋਂ ਵੱਧ ਅਬਾਦੀ ਵਾਲੇ ਮੁਲਕ ਭਾਰਤ ਵਿਚ ਮਾਤਰ 52 ਲੱਖ 13 ਹਜ਼ਾਰ 140 ਵਿਅਕਤੀਆਂ ਦੇ ਟੈਸਟ ਹੋਏ ਸਨ। ਜਿਨ੍ਹਾਂ ਵਿਚੋਂ 1 ਲੱਖ 46 ਹਜ਼ਾਰ 200 ਤੋਂ ਵੱਧ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਜਦੋਂਕਿ ਐਕਟਿਵ ਮਾਮਲੇ 1 ਲੱਖ 42 ਹਜ਼ਾਰ 500 ਦੇ ਕਰੀਬ ਹਨ। ਐਕਟਿਵ ਮਾਮਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਭਾਰਤ ਦੁਨੀਆ ਦਾ ਕਰੋਨਾ ਪ੍ਰਭਾਵਿਤ ਚੌਥੇ ਪਾਏਦਾਨ ਦਾ ਮੁਲਕ ਹੀ ਹੈ।
ਕੈਨੇਡਾ ‘ਚ ਕਰੋਨਾ ਕਾਰਨ 8 ਹਜ਼ਾਰ ਨੇ ਗਵਾਈ ਜਾਨ
ਟੋਰਾਂਟੋ : ਬੇਸ਼ੱਕ ਕੈਨੇਡਾ ਵਿਚ ਕਰੋਨਾ ਵਾਇਰਸ ਦੇ ਪ੍ਰਸਾਰ ਦੀ ਰਫ਼ਤਾਰ ਮੱਠੀ ਪਈ ਹੈ ਪਰ ਫਿਰ ਵੀ ਕਰੋਨਾ ਕਾਰਨ ਕੈਨੇਡਾ ਵਿਚ ਜਿੱਥੇ ਮੌਤ ਦਾ ਅੰਕੜਾ 8 ਹਜ਼ਾਰ ਤੱਕ ਅੱਪੜ ਗਿਆ ਹੈ, ਉਥੇ ਹੀ ਪੀੜਤ ਮਰੀਜ਼ਾਂ ਦੀ ਗਿਣਤੀ ਵੀ 1 ਲੱਖ ਨੂੰ ਵਧਦਿਆਂ 97 ਹਜ਼ਾਰ ਨੂੰ ਪਾਰ ਕਰ ਗਈ ਹੈ।
ਪੰਜਾਬ ਫਿਰ ਤਾਲਾਬੰਦੀ ਵੱਲ ਨੂੰ ਵਧਣ ਲੱਗਾ
ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਫਿਰ ਤੇਜੀ ਫੜਨ ਲੱਗਾ ਹੈ। ਤਾਲਾਬੰਦੀ ਤੋਂ ਛੋਟ ਮਿਲਣ ਤੋਂ ਬਾਅਦ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਖੇਤਰ ਸਣੇ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਵਿਚ ਫਿਰ ਕਰੋਨਾ ਦੇ ਮਾਮਲੇ ਲਗਾਤਾਰ ਵਧਣ ਲੱਗੇ ਹਨ। ਅਜਿਹੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਹਫ਼ਤੇ ਦੇ ਆਖਰੀ ਦਿਨਾਂ ‘ਚ ਭਾਵ ਸ਼ਨੀਵਾਰ ਅਤੇ ਐਤਵਾਰ ਤੇ ਛੁੱਟੀ ਵਾਲੇ ਦਿਨਾਂ ਵਿਚ ਆਉਣ-ਜਾਣ ‘ਤੇ ਪੂਰੀ ਪਾਬੰਦੀ ਰਹੇਗੀ।
ਕੈਪਟਨ ਅਮਰਿੰਦਰ ਨੇ ਫਿਰ ਵਿਖਾਇਆ ਸਮਾਰਟ ਫੋਨ ਦਾ ਸੁਫਨਾ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਉਨ੍ਹਾਂ ਵਿਦਿਆਰਥੀਆਂ ਦਾ ਡਾਟਾ ਇਕੱਤਰ ਕਰਨ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਕੋਲ ਟੈਲੀਵੀਜ਼ਨ, ਸਮਾਰਟਫੋਨ, ਰੇਡੀਓ, ਲੈਪਟਾਪ ਤੇ ਇੰਟਰਨੈਟ ਨਹੀਂ ਹਨ। ਸਰਕਾਰ ਨੇ ਇਹ ਕਦਮ 11ਵੀਂ ਜਮਾਤ ਦੀ ਮਾਨਸਾ ਇਲਾਕੇ ਦੀ ਇੱਕ ਲੜਕੀ ਵੱਲੋਂ ਸਮਾਰਟਫੋਨ ਤੇ ਇੰਟਰਨੈੱਟ ਨਾ ਹੋਣ ਕਰਕੇ ਪੜ੍ਹਾਈ ਦੇ ਨੁਕਸਾਨ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਮਗਰੋਂ ਚੁੱਕਿਆ ਹੈ। ਲੌਕਡਾਊਨ ਕਰਕੇ ਸੂਬਾ ਸਰਕਾਰ ਨੇ ਆਨਲਾਈਨ ਕਲਾਸਾਂ ਸਬੰਧੀ ਵਿਚਾਰ ਕੀਤਾ ਸੀ, ਪਰ ਵਧੇਰੇ ਅਜਿਹੇ ਗਰੀਬ ਪਰਿਵਾਰਾਂ ਦੇ ਬੱਚੇ ਹਨ, ਜਿਨ੍ਹਾਂ ਕੋਲ ਇਹ ਸਹੂਲਤਾਂ ਨਹੀਂ ਹਨ। ਜਾਣਕਾਰੀ ਮੁਤਾਬਕ ਸਰਕਾਰੀ ਸਕੂਲਾਂ ਦੇ ਸਿਰਫ 50 ਕੁ ਫੀਸਦ ਵਿਦਿਆਰਥੀਆਂ ਕੋਲ ਹੀ ਸਮਾਰਟ ਫੋਨ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਚੀਨ ਵਿੱਚ ਕੋਰੋਨਾ ਵਾਇਰਸ ਫੈਲਣ ਕਾਰਨ ਉਹ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਦੇ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …