Breaking News
Home / ਪੰਜਾਬ / ਲੰਗਰ ਦੀ ਸੇਵਾ ਨਾਲ ਸਿੱਖ ਭਾਈਚਾਰੇ ਦੀ ਪਛਾਣ ਵਧੀ

ਲੰਗਰ ਦੀ ਸੇਵਾ ਨਾਲ ਸਿੱਖ ਭਾਈਚਾਰੇ ਦੀ ਪਛਾਣ ਵਧੀ

ਅਮਰੀਕਾ ‘ਚ ਸਿੱਖਾਂ ਦੀ ਹੋ ਰਹੀ ਹੈ ਭਰਪੂਰ ਸ਼ਲਾਘਾ
ਅੰਮ੍ਰਿਤਸਰ/ਬਿਊਰੋ ਨਿਊਜ਼
ਅਮਰੀਕਾ ਵਿਚ ਕਰੋਨਾ ਸੰਕਟ ਦੌਰਾਨ ਗੁਰਦੁਆਰਿਆਂ ਵਿਚੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ ਨਾਲ ਸਿੱਖ ਭਾਈਚਾਰੇ ਦੀ ਨਾ ਸਿਰਫ਼ ਪਛਾਣ ਵਿਚ ਵਾਧਾ ਹੋਇਆ ਹੈ ਸਗੋਂ ਵੱਡੇ ਪੱਧਰ ਉਤੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਵੀ ਹੋ ਰਹੀ ਹੈ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਵੱਖ ਵੱਖ ਗੁਰਦੁਆਰਿਆਂ ਵਿਚ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਪੈਕੇਟ ਵੰਡੇ ਗਏ ਹਨ ਤੇ ਸੇਵਾ ਅਜੇ ਵੀ ਜਾਰੀ ਹੈ। ਹੁਣ ਅਮਰੀਕਾ ਵਿਚ ਨਸਲੀ ਨਫ਼ਰਤ ਖ਼ਿਲਾਫ਼ ਹੋ ਰਹੇ ਰੋਸ ਵਿਖਾਵਿਆਂ (ਬਲੈਕ ਲਾਈਵਜ਼ ਮੈਟਰ) ਦੌਰਾਨ ਵੀ ਸਿੱਖ ਭਾਈਚਾਰਾ ਲੰਗਰ ਵੰਡ ਰਿਹਾ ਹੈ। ਭਾਈਚਾਰੇ ਦੀ ਇਸ ਸੇਵਾ ਨੂੰ ਅਮਰੀਕਾ ਦੇ ਮੀਡੀਆ ਵਿਚ ਵੱਡੇ ਪੱਧਰ ‘ਤੇ ਸਲਾਹਿਆ ਗਿਆ ઠਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵਲੋਂ ਰੋਜ਼ਾਨਾ ਸ਼ਾਕਾਹਾਰੀ ਲੰਗਰ ਦੇ ਪੈਕੇਟ ਤਿਆਰ ਕੀਤੇ ਜਾ ਰਹੇ ਹਨ। ਲੰਗਰ ਵਿਚ ਰਾਜਮਾਂਹ, ਚੌਲ, ਮਟਰ, ਪਨੀਰ, ਦਾਲ, ਖੀਰ, ਪਿੱਜ਼ਾ, ਬਰਗਰ, ਪਾਸਤਾ, ਪਾਣੀ ਤੇ ਸੋਢਾ ਵਰਤਾਇਆ ਜਾ ਰਿਹਾ ਹੈ। ਹੁਣ ਤੱਕ ਲੱਖਾਂ ਦੀ ਗਿਣਤੀ ਵਿਚ ਅਜਿਹੇ ਲੰਗਰ ਰੂਪੀ ਭੋਜਨ ਦੇ ਪੈਕੇਟ ਵੰਡੇ ਜਾ ਚੁੱਕੇ ਹਨ ਤੇ ਹਰੇਕ ਧਰਮ, ਫ਼ਿਰਕੇ, ਨਸਲ ਦੇ ਵਿਅਕਤੀ ਨੂੰ ਇਹ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਖ਼ੁਦ ਵੀ ਲੰਗਰ ਲੈਣ ਲਈ ਪਹੁੰਚ ਕਰ ਰਹੇ ਹਨ। ਜਿਹੜੇ ਲੋਕ ਨਹੀਂ ਪਹੁੰਚ ਸਕਦੇ, ਉਨ੍ਹਾਂ ਤੱਕ ਗੁਰਦੁਆਰਾ ਕਮੇਟੀਆਂ ਵਲੋਂ ਲੰਗਰ ਪਹੁੰਚਾਇਆ ਜਾ ਰਿਹਾ ਹੈ।ઠ
ਤੜਕੇ ਹੀ ਸ਼ੁਰੂ ਹੋ ਜਾਂਦੀ ਹੈ ਲੰਗਰ ਲਈ ਤਿਆਰੀ
ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਿਆਂ ਵਿਚ ਸਵੇਰੇ ਚਾਰ ਵਜੇ ਸੇਵਾਦਾਰਾਂ ਵਲੋਂ ਲੰਗਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਸੇਵਾਦਾਰ ਦਸਤਾਨੇ ਅਤੇ ਮਾਸਕ ਦੀ ਵਰਤੋਂ ਕਰਦਿਆਂ ਸੈਨੇਟਾਈਜੇਸ਼ਨ ਦਾ ਵੀ ਖ਼ਾਸ ਖਿਆਲ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਕੈਲੀਫੋਰਨੀਆ, ਨਿਊਯਾਰਕ, ਅਟਲਾਂਟਾ, ਲਾਸ ਏਂਜਲਸ, ਸਿਆਟਲ, ਐਸਪਾਨਲ, ਵਾਸ਼ਿੰਗਟਨ, ਮਿਸ਼ੀਗਨ, ਫਲੋਰਿਡਾ ਆਦਿ ਦੀਆਂ ਗੁਰਦੁਆਰਾ ਕਮੇਟੀਆਂ ਵਲੋਂ ਲੰਗਰ ਤਿਆਰ ਕਰਕੇ ਵਰਤਾਇਆ ਜਾ ਰਿਹਾ ਹੈ।
ਅਮਰੀਕੀ ਮੀਡੀਆ ਨੇ ਵੀ ਲੰਗਰ ਵਰਤਾਏ ਜਾਣ ਦੀ ਕੀਤੀ ਖੂਬ ਪ੍ਰਸੰਸਾઠ
ਸਾਨ ਫਰਾਂਸਿਸਕੋ : ਅਮਰੀਕਾ ਦੇ ਮੀਡੀਆ ਨੇ ਵੀ ਲੰਗਰ ਵਰਤਾਏ ਜਾਣ ਦੀ ਪ੍ਰਸੰਸਾ ਕੀਤੀ ਹੈ। ਅਮਰੀਕਾ ਵਿਚ ਜਦੋਂ ਤੋਂ ਕੋਰੋਨਾ ਮਹਾਂਮਾਰੀ ਨੇ ਸਿਰ ਚੁੱਕਿਆ ਹੈ, ਉਦੋਂ ਤੋਂ ਹੀ ਅਮਰੀਕਾ ਭਰ ਵਿਚ ਸਿੱਖਾਂ ਵਲੋਂ ਲੋੜਵੰਦਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਇਸ ਦੇ ਸੇਵਾਦਾਰਾਂ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਲੋਕਾਂ ਤੱਕ ਲੰਗਰ ਪਹੁੰਚਾ ਰਹੇ ਹਨ। ਬੀਤੇ ਦਿਨੀਂ ਗੋਰੇ ਪੁਲਿਸ ਅਧਿਕਾਰੀ ਵਲੋਂ ਅਫਰੀਕੀ ਮੂਲ ਦੇ ਅਮਰੀਕੀ ਜੌਰਜ ਫਲੌਇਡ ਦੀ ਹੱਤਿਆ ਕਾਰਨ ਵੱਡੇ ਰੋਸ ਪ੍ਰਦਰਸ਼ਨ ਹੋਏ ਸਨ। ਵਰਲਰਡ ਸਿੱਖ ਪਾਰਲੀਮੈਂਟ ਵਲੋਂ ਇਸ ਦੌਰਾਨ ਵੀ ਲੰਗਰ ਦੀ ਸੇਵਾ ਕੀਤੀ ਗਈ, ਜਿਸ ਸਬੰਧੀ ਅਮਰੀਕਾ ਦੀਆਂ ਅਖ਼ਬਾਰਾਂ ਨੇ ਲਿਖਿਆ ਕਿ ਸਿੱਖ ਜਾਣਦੇ ਹਨ ਕਿ ਮਹਾਂਮਾਰੀ ਤੇ ਪ੍ਰਦਰਸ਼ਨਾਂ ਦੌਰਾਨ ਲੰਗਰ ਕਿਵੇਂ ਵਰਤਾਉਣਾ ਹੈ।

ਦਰਬਾਰ ਸਾਹਿਬ ਵਿਚ ਸੰਗਤ ਦੀ ਆਮਦ ਲੱਗੀ ਵਧਣ
ਪ੍ਰਸ਼ਾਦ ਵਰਤਾਉਣ ਦੀ ਮਨਜੂਰੀ ਮਗਰੋਂ ਪ੍ਰਬੰਧਕਾਂ ਨੇ ਰਾਹਤ ਕੀਤੀ ਮਹਿਸੂਸ
ਅੰਮ੍ਰਿਤਸਰ : ਕਰੋਨਾ ਸੰਕਟ ਦੌਰਾਨ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣ ਦੀ ਦਿੱਤੀ ਖੁੱਲ੍ਹ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਆਮਦ ਵਿਚ ਵਾਧਾ ਹੋਇਆ ਹੈ। ਇਸ ਦੌਰਾਨ ਲੰਗਰ ਅਤੇ ਪ੍ਰਸ਼ਾਦ ਵਰਤਾਉਣ ਸਬੰਧੀ ਸਰਕਾਰ ਵੱਲੋਂ ਲਏ ਗਏ ਹਾਂ-ਪੱਖੀ ਫ਼ੈਸਲੇ ਨਾਲ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ઠਤਾਲਾਬੰਦੀ ਖੁੱਲ੍ਹਣ ਦੇ ਪਹਿਲੇ ਪੜਾਅ ਹੇਠ 8 ਜੂਨ ਤੋਂ ਸੰਗਤ ਨੂੰ ਧਾਰਮਿਕ ਸਥਾਨਾਂ ਵਿਚ ਨਤਮਸਤਕ ਹੋਣ ਦੀ ਦਿੱਤੀ ਆਗਿਆ ਮਗਰੋਂ ਦਿਨੋ-ਦਿਨ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਰਧਾਲੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਸੰਗਤ ਨੂੰ ਸਕਰੀਨਿੰਗ ਮਗਰੋਂ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ। ਵੇਰਵਿਆਂ ਮੁਤਾਬਕ ਸੰਗਤ ਦੀ ਆਮਦ ਵਿਚ ਵਾਧਾ ਹੋਣ ਨਾਲ ਕੜਾਹ ਪ੍ਰਸ਼ਾਦ ਦੀ ਵਟਕ ਵਿਚ ਵੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਲੰਗਰ ਘਰ ਵਿਚ ਲੰਗਰ ਦੀ ਸੇਵਾ ਵੀ ਨਿਰੰਤਰ ਜਾਰੀ ਹੈ। ਸਰਕਾਰ ਵੱਲੋਂ ਲੰਗਰ ਤੇ ਪ੍ਰਸ਼ਾਦ ਸਬੰਧੀ ਲਏ ਗਏ ਫ਼ੈਸਲੇ ਦੀ ਪ੍ਰਬੰਧਕਾਂ ਨੇ ਸ਼ਲਾਘਾ ਵੀ ਕੀਤੀ ਹੈ।
ਲੰਗਰ ਤੇ ਪ੍ਰਸ਼ਾਦ ਗੁਰਧਾਮਾਂ ਦੀ ਮਰਿਆਦਾ ਦਾ ਹਿੱਸਾ: ਮੁੱਖ ਸਕੱਤਰ
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਗੁਰਧਾਮਾਂ ਵਿਚ ਲੰਗਰ ਅਤੇ ਕੜਾਹ ਪ੍ਰਸ਼ਾਦ ਮਰਿਆਦਾ ਦਾ ਇਕ ਹਿੱਸਾ ਹਨ। ਇਸ ਤੋਂ ਬਿਨਾਂ ਮਰਿਆਦਾ ਅਧੂਰੀ ਹੈ। ਉਨ੍ਹਾਂ ਆਖਿਆ ਕਿ ਲੰਗਰ ਅਤੇ ਕੜਾਹ ਪ੍ਰਸ਼ਾਦ ਤਿਆਰ ਕਰਨ ਅਤੇ ਵਰਤਾਉਣ ਤੱਕ ਸਾਰੇ ਲੋੜੀਂਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਸੰਗਤ ਦੀ ਆਮਦ ਵਿਚ ਹੋਰ ਵਾਧਾ ਹੋਣ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਵਲੋਂ ਇਸ ਸਬੰਧੀ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਦੂਰੀ ਦੇ ਨਿਯਮ ਨੂੰ ਹਰ ਹਾਲ ਵਿਚ ਕਾਇਮ ਰੱਖਿਆ ਜਾਵੇਗਾ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …