ਤਿੰਨ ਜ਼ਖ਼ਮੀ, ਅਕਾਲੀ ਦਲ ਵੱਲ ਸ਼ੱਕ ਦੀ ਉਂਗਲ ਉਠਾਈ
ਅਜਨਾਲਾ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਜਨਾਲਾ ਵਿਖੇ ਜ਼ਿਲ੍ਹਾ ਕਾਂਗਰਸ ਦੇ ਕਾਰਕੁਨਾਂ ਵੱਲੋਂ ਕੱਢੀ ਗਈ ਮੋਟਰਸਾਈਕਲ ਰੈਲੀ ‘ਤੇ ਨਗਰ ਪੰਚਾਇਤ ਦਫ਼ਤਰ ਸਾਹਮਣੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ (ਦਿਹਾਤੀ) ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਵਿਚ ਕੱਢੀ ਗਈ ਮੋਟਰਸਾਈਕਲ ਰੈਲੀ ਦੇ ਨਗਰ ਪੰਚਾਇਤ ਅਜਨਾਲਾ ਦੇ ਦਫ਼ਤਰ ਸਾਹਮਣੇ ਪੁੱਜਣ ‘ਤੇ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਮਲਾ ਕਰਕੇ ਤਿੰਨ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ।
ਥਾਣਾ ਅਜਨਾਲਾ ਵਿੱਚ ਪਹੁੰਚ ਕੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਔਜਲਾ ਨੇ ਦੱਸਿਆ ਕਿ ਜਦੋਂ ਇਹ ਰੋਡ ਸ਼ੋਅ ਨਗਰ ਪੰਚਾਇਤ ਦੇ ਦਫਤਰ ਨੇੜੇ ਪੁੱਜਿਆ ਤਾਂ ਪਿੱਛੋਂ ਆ ਕੇ ਪੰਜ-ਸੱਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਾਲ ਚੱਲ ਰਹੇ ਮੋਟਰਸਾਈਕਲ ਸਵਾਰ ਕਾਂਗਰਸੀਆਂ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਸੁਖਵੰਤ ਸਿੰਘ, ਅਮਿਤ ਕੁਮਾਰ ਅਤੇ ਸਰਵਣ ਸਿੰਘ ਆਦਿ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਹਮਲਾ ਸੱਤਾਧਾਰੀ ਧਿਰ ਨਾਲ ਸਬੰਧਤ ਨੌਜਵਾਨਾਂ ਨੇ ਕੀਤਾ ਹੈ, ਜਿਨ੍ਹਾਂ ਦੀ ਪਛਾਣ ਭੋਲਾ ਸਿੰਘ, ਮੇਜਰ ਸਿੰਘ, ਲਖਵਿੰਦਰ ਸਿੰਘ, ਹੀਰਾ ਸਿੰਘ ਆਦਿ ਵਜੋਂ ਹੋਈ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅਜਿਹਾ ਨਾ ਹੋਣ ‘ਤੇ ਕਾਂਗਰਸੀ ਵਰਕਰ ਸੜਕਾਂ ‘ਤੇ ਉਤਰਨਗੇ। ਪੁਲਿਸ ਚੌਕੀ ਅਜਨਾਲਾ ਦੇ ਇੰਚਾਰਜ ਰਾਜਬੀਰ ਸਿੰਘ ਨੇ ਦੱਸਿਆ ਕਿ ਔਜਲਾ ਵੱਲੋਂ ਦਿੱਤੀ ਦਰਖਾਸਤ ਮਿਲ ਗਈ ਹੈ ਤੇ ਪੁਲਿਸ ਇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
Check Also
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ
ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …