ਗੁਰਜੀਤ ਸਿੰਘ ਔਜਲਾ ਨੇ ‘ਆਪ’ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ ਹਰਾਇਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਦੇ ਐਲਾਨੇ ਨਤੀਜਿਆਂ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰਦਿਆਂ ਆਪਣੀ ਜਿੱਤ ਦੀ ਹੈਟ੍ਰਿਕ ਬਣਾਈ।
ਔਜਲਾ ਦੀ ਜਿੱਤ ‘ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਸਮਰਥਕਾਂ ਨੇ ਖੁਸ਼ੀ ਮਨਾਈ ਹੈ ਅਤੇ ਲੱਡੂ ਵੰਡੇ।
ਘੱਲੂਘਾਰਾ ਸਪਤਾਹ ਦੇ ਚੱਲਦਿਆਂ ਤੇ ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਿਸ਼ਾ ਨਿਰਦੇਸ਼ ਨੂੰ ਮੱਦੇਨਜ਼ਰ ਔਜਲਾ ਵੱਲੋਂ ਢੋਲ ਢਮੱਕੇ ਨਾਲ ਆਪਣੀ ਜਿੱਤ ਦੀ ਖੁਸ਼ੀ ਨਹੀਂ ਮਨਾਈ ਗਈ ਅਤੇ ਨਾ ਹੀ ਕੋਈ ਜੇਤੂ ਜਲੂਸ ਕੱਢਿਆ ਗਿਆ।
ਗੁਰਜੀਤ ਸਿੰਘ ਔਜਲਾ ਨੇ 2,55,181 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ 40,301 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 2,14,880 ਵੋਟਾਂ ਮਿਲੀਆਂ। ਉਹ 2019 ਵਿਚ ਵੀ ਲੋਕ ਸਭਾ ਚੋਣ ਹਾਰੇ ਸਨ। ਭਾਜਪਾ ਦੇ ਤਰਨਜੀਤ ਸਿੰਘ ਸੰਧੂ 2,07,205 ਵੋਟਾਂ ਪ੍ਰਾਪਤ ਕਰਕੇ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ 1,62,896 ਵੋਟਾਂ ਲੈ ਕੇ ਚੌਥੇ ਸਥਾਨ ‘ਤੇ ਰਹੇ।
ਮਾਨ ਦਲ ਦੇ ਇਮਾਨ ਸਿੰਘ ਮਾਨ ਜੋ ਪਹਿਲੀ ਵਾਰ ਚੋਣ ਲੜ ਰਹੇ ਸਨ ਨੂੰ 26,796 ਵੋਟਾਂ ਮਿਲੀਆਂ। ਸੀਪੀਆਈ ਦੀ ਦਸਵਿੰਦਰ ਕੌਰ ਨੂੰ 2481 ਵੋਟਾਂ ਅਤੇ ਬਸਪਾ ਦੇ ਵਿਸ਼ਾਲ ਸਿੱਧੂ ਨੂੰ 2733 ਵੋਟਾਂ ਮਿਲੀਆਂ ਹਨ । ਇਸ ਦੌਰਾਨ 3714 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ ਹੈ। ਸੀਪੀਆਈ ਦੀ ਦਸਵਿੰਦਰ ਕੌਰ ਪਹਿਲਾਂ ਵੀ 2017 ਅਤੇ 2019 ਵਿਚ ਲੋਕ ਸਭਾ ਚੋਣ ਲੜ ਚੁੱਕੇ ਹਨ ।
ਇਸ ਦੌਰਾਨ ਔਜਲਾ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੇ ਕੀਤੇ ਕੰਮਾਂ, ਮੇਲ ਮਿਲਾਪ ਅਤੇ ਉਨ੍ਹਾਂ ਦੇ ਸੁੱਖ-ਦੁੱਖ ਵਿੱਚ ਭਾਈਵਾਲ ਬਣਨ ਦਾ ਪ੍ਰਤੱਖ ਸਬੂਤ ਹੈ।
ਉਨ੍ਹਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਲਏ ਬਿਨਾਂ ਕਿਹਾ ਕਿ ਧਰਮ ਅਤੇ ਵਰਗਾਂ ਵਿੱਚ ਵੰਡਣ ਵਾਲਿਆਂ ਦੀ ਇਹ ਵੱਡੀ ਹਾਰ ਹੈ। ਇਸ ਤੋਂ ਸਬਕ ਸਿੱਖਣ ਦੀ ਲੋੜ ਹੈ।