ਸੁਖਪਾਲ ਖਹਿਰਾ ਨੇ ਕਾਂਗਰਸੀਆਂ ਦੀ ਅਜਿਹੀ ਹਰਕਤ ਨੂੰ ਦੱਸਿਆ ਗੁੰਡਾ
ਫ਼ਿਰੋਜ਼ਪੁਰ/ਬਿਊਰੋ ਨਿਊਜ਼
ਐਸ.ਐਸ.ਪੀ. ਫ਼ਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਪੁਲਿਸ ਮੁਲਜ਼ਮਾਂ ਦੀ ਸ਼ਰ੍ਹੇਆਮ ਮਾਰਕੁੱਟ ਹੋਈ। ਇਸ ਦੌਰਾਨ ਪੁਲਿਸ ਮੂਕ ਦਰਸ਼ਕ ਬਣਕੇ ਖੜ੍ਹੀ ਰਹੀ ਅਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਤੋਂ ਭੱਜਦੀ ਨਜ਼ਰ ਆਈ। ਹਮਲਾਵਰਾਂ ਵਿਚ ਕਾਂਗਰਸੀ ਆਗੂਆਂ ਦਾ ਵੀ ਸ਼ਾਮਲ ਹੋਣਾ ਦੱਸਿਆ ਜਾ ਰਿਹਾ ਹੈ । ਇਹ ਰੌਲਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਗੱਡੀ ਨੂੰ ਕਾਂਗਰਸੀ ਕਾਰਕੁਨਾਂ ਵੱਲੋਂ ਰੋਕਣ ਕਰਕੇ ਵਧਿਆ।
ਜ਼ਿਕਰਯੋਗ ਹੈ ਕਿ ਕਈ ਦਹਾਕਿਆਂ ਤੋਂ ਜ਼ਮੀਨ ‘ਤੇ ਖੇਤੀਬਾੜੀ ਕਰਕੇ ਪਰਿਵਾਰ ਪਾਲਣ ਵਾਲੇ ਕਿਸਾਨ ਆਪਣੇ ਤੋਂ ‘ਖੋਹੀ’ ਗਈ ਜ਼ਮੀਨ ਦੀ ਪ੍ਰਾਪਤੀ ਲਈ ਧਰਨੇ ‘ਤੇ ਬੈਠੇ ਸਨ। ਉਨ੍ਹਾਂ ਨੂੰ ਮਿਲਣ ਲਈ ਆ ਰਹੇ ਸੁਖਪਾਲ ਖਹਿਰਾ ਦੀ ਗੱਡੀ ਨੂੰ ਕਾਂਗਰਸੀ ਕਾਰਕੁਨਾਂ ਨੇ ਰਸਤੇ ਵਿੱਚ ਰੋਕ ਲਿਆ। ਜਦੋਂ ਪੁਲਿਸ ਮੁਲਾਜ਼ਮ ਖਹਿਰਾ ਦੀ ਗੱਡੀ ਲੰਘਾਉਣ ਲਈ ਰਸਤਾ ਖਾਲੀ ਕਰਵਾਉਣ ਲਈ ਲੱਗੇ ਤਾਂ ਕਈ ਕਾਂਗਰਸੀਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਹੀ ਧਾਵਾ ਬੋਲ ਦਿੱਤਾ ਤੇ ਸ਼ਰ੍ਹੇਆਮ ਮਾਰਕੁੱਟ ਕੀਤੀ। ਸੁਖਪਾਲ ਖਹਿਰਾ ਨੇ ਕਾਂਗਰਸੀਆਂ ਦੀ ਅਜਿਹੀ ਕਾਰਵਾਈ ਨੂੰ ਗੁੰਡਾ ਕਰਾਰ ਦਿੱਤਾ ਹੈ। ਚੇਤੇ ਰਹੇ ਕਿ ਕਿਸਾਨਾਂ ਦੀ ਵਾਹੀਯੋਗ ਜ਼ਮੀਨ ‘ਤੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਰਿਸ਼ਤੇਦਾਰ ਦਾ ਨਜਾਇਜ਼ ਕਬਜ਼ਾ ਹੈ।