Breaking News
Home / ਪੰਜਾਬ / ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ

ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ

ਇਕ ਹਫਤੇ ‘ਚ ਮਿਲੀਆਂ ਡੇਢ ਲੱਖ ਸ਼ਿਕਾਇਤਾਂ
ਸਿਰਫ ਦੋ ਮਾਮਲਿਆਂ ‘ਚ ਹੋਈ ਐਫਆਈਆਰ ਦਰਜ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ 23 ਮਾਰਚ ਨੂੰ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 ਦੀ ਸ਼ੁਰੂਆਤ ਕੀਤੀ ਸੀ। ਇਕ ਹਫਤੇ ਵਿਚ ਹੀ ਇਸ ਹੈਲਪਲਾਈਨ ਨੰਬਰ ‘ਤੇ ਭ੍ਰਿਸ਼ਟਾਚਾਰ ਸਬੰਧੀ 1 ਲੱਖ 52 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੰਜਾਬ ਦੇ ਲੋਕਾਂ ਨੇ ਵੀਡੀਓ ਅਤੇ ਆਡੀਓ ਜ਼ਰੀਏ ਭੇਜੀਆਂ ਹਨ।
ਇਨ੍ਹਾਂ ਸ਼ਿਕਾਇਤਾਂ ਵਿਚੋਂ ਸਿਰਫ ਦੋ ਸ਼ਿਕਾਇਤਾਂ ‘ਤੇ ਹੀ ਪੰਜਾਬ ਵਿਜੀਲੈਂਸ ਬਿਊਰੋਂ ਨੇ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ। ਇਨ੍ਹਾਂ ਵਿਚੋਂ ਇਕ ਐਫਆਈਆਰ ਜਲੰਧਰ ਰੇਂਜ ਵਿਜੀਲੈਂਸ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਹੈ, ਜਦਕਿ ਦੂਜੀ ਐਫਆਈਆਰ ਸੋਮਵਾਰ ਦੇਰ ਰਾਤ ਨੂੰ ਅੰਮ੍ਰਿਤਸਰ ਦੇ ਵਿਜੀਲੈਂਸ ਰੇਂਜ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਹੈ। ਜਿਨ੍ਹਾਂ ਦੋ ਸ਼ਿਕਾਇਤਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ਵਿਚ ਪਹਿਲੀ ਰੈਵੇਨਿਊ ਵਿਭਾਗ ਦੀ ਅਤੇ ਦੂਜੀ ਪੁਲਿਸ ਵਿਭਾਗ ਨਾਲ ਸਬੰਧਤ ਹੈ। ਕੁਝ ਦਿਨ ਪਹਿਲਾਂ ਹੈਲਪਲਾਈਨ ‘ਤੇ ਆਈ ਸ਼ਿਕਾਇਤ ਦੇ ਅਧਾਰ ‘ਤੇ ਜਲੰਧਰ ਰੇਂਜ ਵਿਚ ਐਫਆਈਆਰ ਦਰਜ ਕਰਕੇ ਜਲੰਧਰ ਦੀ ਤਹਿਸੀਲ ਵਿਚ ਕੰਮ ਕਰਨ ਵਾਲੀ ਮਹਿਲਾ ਕਲਰਕ ਮੀਨੂੰ ਨੂੰ ਨੌਕਰੀ ਦਿਵਾਉਣ ਦੇ ਨਾਮ ‘ਤੇ 4 ਲੱਖ 80 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਫੜਿਆ ਗਿਆ ਸੀ। ਇਸੇ ਦੌਰਾਨ ਸੋਮਵਾਰ ਦੇਰ ਰਾਤ ਨੂੰ ਰਿਸ਼ਵਤ ਦੇ ਇਕ ਹੋਰ ਮਾਮਲੇ ਵਿਚ ਦੂਜੀ ਐਫਆਈਆਰ ਅੰਮ੍ਰਿਤਸਰ ਵਿਚ ਏਐਸਆਈ ਗੁਰਦਾਸ ਸਿੰਘ, ਸਿਪਾਹੀ ਮੁਕੇਸ਼ ਕੁਮਾਰ, ਮੁਨਸ਼ੀ ਬਲਵਿੰਦਰ ਸਿੰਘ ਅਤੇ ਰਤਨ ਲਾਲ ਖਿਲਾਫ ਦਰਜ ਕੀਤੀ ਗਈ ਹੈ। ਇਨ੍ਹਾਂ ਵਿਚੋਂ ਏਐਸਆਈ ਗੁਰਦਾਸ ਸਿੰਘ ਅਤੇ ਮੁਨਸ਼ੀ ਬਲਵਿੰਦਰ ਸਿੰਘ ਨੂੰ ਵਿਜੀਲੈਂਸ ਦੀ ਟੀਮ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ‘ਤੇ ਮੁਲਜ਼ਮਾਂ ਨੂੰ 7 ਸਾਲ ਤੱਕ ਸਜ਼ਾ ਹੋ ਸਕਦੀ ਹੈ।
ਮੁਹਾਲੀ ‘ਚ ਬਣਿਆ ਵਿਜੀਲੈਂਸ ਦਾ ਮੁੱਖ ਦਫਤਰ
ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਮਿਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਮੁਹਾਲੀ ‘ਚ ਮੁੱਖ ਦਫਤਰ ਬਣਾਇਆ ਗਿਆ ਹੈ। ਜਦਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਨੂੰ ਵੱਖ-ਵੱਖ ਰੇਂਜ ਵਿਚ ਵੰਡਿਆ ਗਿਆ ਹੈ। ਜਿਸ ਕਿਸੇ ਵੀ ਮਹਿਕਮੇ ਨਾਲ ਸਬੰਧਤ ਸ਼ਿਕਾਇਤ ਆਏਗੀ, ਉਹ ਸਿੱਧਾ ਮੁਹਾਲੀ ਦੇ ਮੁੱਖ ਦਫਤਰ ਵਿਚ ਭੇਜੀ ਜਾਏਗੀ ਅਤੇ ਉਸਦੇ ਬਾਅਦ ਏਰੀਏ ਅਨੁਸਾਰ ਉਸ ਨੂੰ ਵਿਜੀਲੈਂਸ ਰੇਂਜ ਵਿਚ ਭੇਜ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਰੋਪੜ ਅਤੇ ਮੋਹਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਫਿਰੋਜ਼ਪੁਰ ਤੇ ਬਠਿੰਡਾ ਨੂੰ ਵਿਜੀਲੈਂਸ ਰੇਂਜ ਬਣਾਇਆ ਗਿਆ ਹੈ।

Check Also

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ

ਏਅਰਪੋਰਟ ਅਥਾਰਟੀ ਨੇ ਰਾਤ ਦੀਆਂ ਉਡਾਣਾਂ ਲਈ ਪੂਰੀਆਂ ਕੀਤੀਆਂ ਤਿਆਰੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਵਿਦੇਸ਼ ਜਾਣ …