ਤਿੰਨ ਵਾਰ ਭਾਰਤੀ ਸਰਹੱਦ ਲੰਘਿਆ ਪਾਕਿਸਤਾਨੀ ਡਰੋਨ
ਅੰਮਿ੍ਰਤਸਰ/ਬਿੳੂਰੋ ਨਿੳੂਜ਼
ਦੀਵਾਲੀ ਦੀ ਰਾਤ ਨੂੰ ਵੀ ਪਾਕਿਸਤਾਨੀ ਤਸਕਰਾਂ ਨੇ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਬੀਐਸਐਫ ਦੇ ਜਵਾਨਾਂ ਦੀ ਚੌਕਸੀ ਅਤੇ ਤੁਰੰਤ ਐਕਸ਼ਨ ਨੇ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਵਾਲੀ ਵਾਲੀ ਲੰਘੀ ਰਾਤ ਸਮੇਂ ਤਿੰਨ ਵਾਰ ਪਾਕਿਸਤਾਨ ਵਲੋਂ ਆਏ ਡਰੋਨ ਨੇ ਭਾਰਤੀ ਸਰਹੱਦ ਲੰਘੀ ਅਤੇ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਡਰੋਨ ਵੱਲ ਨੂੰ ਫਾਇਰਿੰਗ ਕੀਤੀ ਅਤੇ ਫਿਰ ਡਰੋਨ ਵਾਪਸ ਮੁੜ ਗਿਆ। ਇਹ ਘਟਨਾ ਅੰਮਿ੍ਰਤਸਰ ਸੈਕਟਰ ਦੇ ਅਧੀਨ ਆਉਂਦੀ ਬੀਓਪੀ ਚੰਡੀਗੜ੍ਹ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਤਸਕਰਾਂ ਨੇ ਰਾਤ 10 ਵਜੇ ਤੋਂ 12 ਵਜੇ ਦੇ ਦਰਮਿਆਨ ਤਿੰਨ ਵਾਰ ਡਰੋਨ ਨੂੰ ਭਾਰਤੀ ਸਰਹੱਦ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਡਰੋਨ ਦੀ ਆਵਾਜ਼ ਸੁਣਦਿਆਂ ਹੀ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ ਅਤੇ ਰੋਸ਼ਨੀ ਬੰਬ ਵੀ ਦਾਗੇ। ਬੀਐਸਐਫ ਵਲੋਂ ਕੀਤੀ ਗਈ ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਰਤ ਗਿਆ। ਧਿਆਨ ਰਹੇ ਕਿ ਬੀਐਸਐਫ ਦੇ ਜਵਾਨਾਂ ਨੇ ਲੰਘੇ ਹਫਤੇ ਚਾਰ ਦਿਨਾਂ ਵਿਚ ਤਿੰਨ ਪਾਕਿਸਤਾਨੀ ਡਰੋਨਾਂ ਨੂੰ ਹੇਠਾਂ ਸੁੱਟ ਲਿਆ ਸੀ।