-1.4 C
Toronto
Sunday, December 7, 2025
spot_img
Homeਪੰਜਾਬਹਰਿਮੰਦਰ ਸਾਹਿਬ 'ਚ ਸ਼ਰਧਾਲੂਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਵਿਸ਼ੇਸ਼ ਪ੍ਰਬੰਧ

ਹਰਿਮੰਦਰ ਸਾਹਿਬ ‘ਚ ਸ਼ਰਧਾਲੂਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਵਿਸ਼ੇਸ਼ ਪ੍ਰਬੰਧ

ਠੰਢੇ ਜਲ ਦੀਆਂ ਛਬੀਲਾਂ ਲਾਈਆਂ; ਦਰਸ਼ਨੀ ਡਿਉਢੀ, ਘੰਟਾਘਰ, ਲੰਗਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਾਲੇ ਪਾਸੇ ਸ਼ਾਮਿਆਨੇ ਲਾਏ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਵਿਚ ਪੈ ਰਹੀ ਸਖਤ ਗਰਮੀ ਦੇ ਚੱਲਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਲਈ ਪ੍ਰਬੰਧਕਾਂ ਵੱਲੋਂ ਗਰਮੀ ਤੋਂ ਰਾਹਤ ਲਈ ਢੁਕਵੇਂ ਪ੍ਰਬੰਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਸ ਵੇਲੇ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਵੱਡੀ ਗਿਣਤੀ ਸ਼ਰਧਾਲੂ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਅਜਿਹੀ ਸਖ਼ਤ ਗਰਮੀ ਵਾਲੇ ਵਾਤਾਵਰਨ ਵਿੱਚ ਸ਼ਰਧਾਲੂਆਂ ਨੂੰ ਰਾਹਤ ਦੇਣ ਲਈ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਵਿੱਚ ਪਰਿਕਰਮਾ ਵਿੱਚ ਛਬੀਲਾਂ ਤੋਂ ਇਲਾਵਾ ਲੰਗਰ ਘਰ, ਕੈਂਪਸ ਵਿੱਚ ਹੋਰ ਥਾਵਾਂ ‘ਤੇ ਠੰਢੇ ਜਲ ਦੀਆਂ ਛਬੀਲਾਂ ਦਾ ਪ੍ਰਬੰਧ ਕੀਤਾ ਗਿਆ, ਦਰਸ਼ਨੀ ਡਿਉਢੀ, ਘੰਟਾ ਘਰ, ਲੰਗਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਾਲੇ ਪਾਸੇ ਛਾਂ ਰੱਖਣ ਲਈ ਸ਼ਾਮਿਆਨੇ ਲਾਏ ਗਏ ਹਨ।
ਇਸ ਤੋਂ ਇਲਾਵਾ ਪਰਿਕਰਮਾ ਵਿੱਚ ਵਿਛਾਏ ਟਾਟ ਗਿੱਲੇ ਰੱਖਣ, ਮੱਥਾ ਟੇਕਣ ਲਈ ਕਤਾਰ ਵਿੱਚ ਖੜ੍ਹੇ ਸ਼ਰਧਾਲੂਆਂ ‘ਤੇ ਪਾਣੀ ਦਾ ਛਿੜਕਾਅ ਤੇ ਕੂਲਰਾਂ ਆਦਿ ਦਾ ਪ੍ਰਬੰਧ ਕੀਤਾ ਗਿਆ। ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਕੁਝ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਦਰਸ਼ਨੀ ਡਿਉਢੀ ਦੇ ਸਾਹਮਣੇ ਜਿੱਥੇ ਸ਼ਰਧਾਲੂ ਸੱਚਖੰਡ ਵਿੱਚ ਨਤਮਸਤਕ ਹੋਣ ਤੋਂ ਪਹਿਲਾਂ ਕਤਾਰ ਵਿੱਚ ਖੜ੍ਹਦੇ ਹਨ, ਉਥੇ ਪਾਣੀ ਦੇ ਵਿਸ਼ੇਸ਼ ਛਿੜਕਾਅ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਥਾਂ ਕੂਲਰ ਅਤੇ ਪੱਖੇ ਵੀ ਲਾਏ ਏ ਹਨ। ਪਰਿਕਰਮਾ ਨੂੰ ਪਾਣੀ ਨਾਲ ਧੋਣ ਤੋਂ ਇਲਾਵਾ ਪਰਿਕਰਮਾ ਵਿੱਚ ਵਿਛਾਏ ਗਏ ਮੈਟ ਠੰਢੇ ਰੱਖਣ ਲਈ ਹਰ ਘੰਟੇ ਬਾਅਦ ਇਨ੍ਹਾਂ ਨੂੰ ਗਿੱਲਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਦੇ ਬੱਚੇ ਗਰਮੀਆਂ ਕਾਰਨ ਇੱਥੇ ਸੇਵਾ ਕਰਨ ਲਈ ਪੁੱਜ ਰਹੇ ਹਨ।
ਇਨ੍ਹਾਂ ਬੱਚਿਆਂ ਨੂੰ 100-100 ਦੇ ਗਰੁੱਪ ਵਿੱਚ ਸੰਗਤ ਨੂੰ ਜਲ ਛਕਾਉਣ ਅਤੇ ਹੋਰ ਜਾਣਕਾਰੀ ਦੇਣ ਲਈ ਸੇਵਾ ਦਿੱਤੀ ਗਈ ਹੈ।

RELATED ARTICLES
POPULAR POSTS