5.4 C
Toronto
Sunday, October 26, 2025
spot_img
Homeਪੰਜਾਬ2 ਮਹੀਨੇ ਬਾਅਦ ਦੌੜੀ ਰੋਡਵੇਜ਼ ਦੀ 'ਲਾਰੀ'

2 ਮਹੀਨੇ ਬਾਅਦ ਦੌੜੀ ਰੋਡਵੇਜ਼ ਦੀ ‘ਲਾਰੀ’

ਬੱਸ ਅੱਡਿਆਂ ‘ਤੇ ਪਰਤੀ ਰੌਣਕ, ਚੋਣਵੇਂ ਰੂਟਾਂ ‘ਤੇ ਚੱਲੀਆਂ 150 ਬੱਸਾਂ
ਜਲੰਧਰ/ਬਿਊਰੋ ਨਿਊਜ਼ : ਲਗਭਗ ਦੋ ਮਹੀਨਿਆਂ ਬਾਅਦ ਸੂਬੇ ‘ਚ ਬੱਸ ਸੇਵਾ ਮੁੜ ਸ਼ੁਰੂ ਹੋ ਗਈ ਹੈ ਤੇ ਮੁੱਖ ਸੜਕਾਂ ‘ਤੇ ਰੋਡਵੇਜ਼ ਦੀ ‘ਲਾਰੀ’ ਫਿਰ ਦੌੜਦੀ ਨਜ਼ਰ ਆਈ। ਬੱਸ ਸੇਵਾ ‘ਤੇ ਲੱਗੀਆਂ ਪਾਬੰਦੀਆਂ ਹਟਣ ਤੋਂ ਬਾਅਦ ਪਹਿਲੇ ਦਿਨ ਪੰਜਾਬ ਰੋਡਵੇਜ਼, ਪੈਪਸੂ ਰੋਡਵੇਜ਼ ਤੇ ਪਨਬੱਸ ਦੀਆਂ 150 ਦੇ ਕਰੀਬ ਬੱਸਾਂ ਚੋਣਵੇਂ ਰੂਟਾਂ ‘ਤੇ ਚੱਲੀਆਂ ਤੇ ਪੈਪਸੂ ਵਲੋਂ ਪਹਿਲੇ ਦਿਨ ਹੀ 80 ਦੇ ਕਰੀਬ ਬੱਸਾਂ ਚਲਾਈਆਂ ਗਈਆਂ। ਬੱਸ ਸੇਵਾ ਸ਼ੁਰੂ ਹੋਣ ਨਾਲ ਬੱਸ ਅੱਡਿਆਂ ‘ਤੇ ਰੌਣਕ ਮੁੜ ਪਰਤ ਆਈ।
ਹਾਲਾਂਕਿ ਬੱਸ ਅੱਡਿਆਂ ਦੇ ਅੰਦਰ ਬਣੀਆਂ ਦੁਕਾਨਾਂ ਅਜੇ ਬੰਦ ਪਈਆਂ ਹਨ, ਪਰ ਸਵਾਰੀਆਂ ਦੀ ਆਮਦ ਨਾਲ ਬੱਸ ਅੱਡਿਆਂ ‘ਤੇ ਕਾਫ਼ੀ ਦੇਰ ਬਾਅਦ ਚਹਿਲ-ਪਹਿਲ ਦੇਖਣ ਨੂੰ ਮਿਲੀ। ਇਸ ਦੌਰਾਨ ਅੱਜ ਵੱਖ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਚੱਲੀਆਂ ਇਹ ਬੱਸਾਂ ਆਪਣੀ ਨਿਰਧਾਰਤ ਮੰਜ਼ਿਲ ‘ਤੇ ਹੀ ਜਾ ਕੇ ਰੁਕੀਆਂ ਤੇ ਇਨ੍ਹਾਂ ਬੱਸਾਂ ਨੂੰ ਰਸਤੇ ‘ਚ ਸਵਾਰੀਆਂ ਚੁੱਕਣ ਤੇ ਉਤਾਰਨ ਦੀ ਮਨਾਹੀ ਸੀ। ਬੱਸ ਸੇਵਾ ਸ਼ੁਰੂ ਹੋਣ ਦੇ ਪਹਿਲੇ ਦਿਨ ਸਵਾਰੀਆਂ ਦੀ ਗਿਣਤੀ ਕਾਫ਼ੀ ਘੱਟ ਰਹੀ ਤੇ ਕਈ ਬੱਸ ਅੱਡਿਆਂ ‘ਤੇ ਬੱਸਾਂ ਨੂੰ ਕਈ-ਕਈ ਘੰਟੇ ਸਵਾਰੀਆਂ ਦਾ ਇੰਤਜ਼ਾਰ ਕਰਨਾ ਪਿਆ। ਰਾਜ ਅੰਦਰ ਬੱਸ ਸੇਵਾ ਮੁੜ ਸ਼ੁਰੂ ਹੋਣ ਦਾ ਆਮ ਲੋਕਾਂ ਨੇ ਸਵਾਗਤ ਕੀਤਾ। ਨਿੱਜੀ ਬੱਸ ਆਪ੍ਰੇਟਰਾਂ ਨੂੰ ਬੱਸਾਂ ਚਲਾਉਣ ਦੀ ਸਰਕਾਰ ਵਲੋਂ ਭਾਵੇਂ ਪੂਰੀ ਖੁੱਲ੍ਹ ਸੀ, ਪਰ ਨਿੱਜੀ ਬੱਸ ਆਪ੍ਰੇਟਰਾਂ ਨੇ ਸਰਕਾਰ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਬੱਸਾਂ ਚਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਰਾਜ ਅੰਦਰ ਕੇਵਲ ਸਰਕਾਰੀ ਬੱਸਾਂ ਦਾ ਪਹੀਆ ਹੀ ਘੁੰਮਿਆ। ਪਹਿਲੇ ਦਿਨ ਕੁਝ ਚੋਣਵੇਂ ਰੂਟਾਂ ‘ਤੇ ਬੱਸਾਂ ਚਲਾਈਆਂ ਗਈਆਂ, ਜਿਨ੍ਹਾਂ ਬੱਸਾਂ ‘ਚ 50 ਫ਼ੀਸਦੀ ਸਵਾਰੀਆਂ ਚੜ੍ਹਾਉਣ ਦੀ ਇਜਾਜ਼ਤ ਸੀ, ਪਰ ਸਵਾਰੀਆਂ ਘੱਟ ਹੋਣ ਕਾਰਨ ਕਈ ਥਾਈਂ ਬੱਸਾਂ 10 ਤੋਂ 20 ਸਵਾਰੀਆਂ ਨਾਲ ਹੀ ਆਪਣੀ ਮੰਜ਼ਿਲ ਲਈ ਰਵਾਨਾ ਹੋਈਆਂ ।

RELATED ARTICLES
POPULAR POSTS