Breaking News
Home / Uncategorized / ਪੰਜਾਬ ਨੇ 200 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਢਾਈ ਲੱਖ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਨੂੰ ਭੇਜਿਅ

ਪੰਜਾਬ ਨੇ 200 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਢਾਈ ਲੱਖ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਨੂੰ ਭੇਜਿਅ

ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਈ ਤਾਲਾਬੰਦੀ ਕਰਕੇ ਫਸੇ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਵਲੋਂ ਹੁਣ ਤੱਕ 200 ਵਿਸ਼ੇਸ਼ ਰੇਲ ਗੱਡੀਆਂ ਰਾਹੀਂ 2,50,000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ‘ਚ ਵਾਪਸ ਜਾਣ ਦੀ ਸਹੂਲਤ ਮੁਹੱਈਆ ਕਰਵਾਈ ਹੈ। ਨੋਡਲ ਅਧਿਕਾਰੀ ਨੇ ਦੱਸਿਆ ਕਿ 19 ਮਈ ਤੱਕ ਅਜਿਹੀ ਰੇਲਾਂ ਦੀ ਕੁੱਲ ਗਿਣਤੀ 215 ਹੋ ਗਈ ਹੈ ਅਤੇ ਅਜਿਹਾ ਕਰਨ ਵਾਲਾ ਪੰਜਾਬ ਮੋਹਰੀ ਸੂਬਾ ਬਣ ਗਿਆ ਹੈ। ਇਸ ਮੌਕੇ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡਵੀਜ਼ਨਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪਰਵਾਸੀ ਕਾਮਿਆਂ ਲਈ ਟਿਕਟ ਤੇ ਯਾਤਰਾ ਦਾ ਪ੍ਰਬੰਧ ਰਾਜ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ।
ਰੇਲਵੇ ਵਲੋਂ ਕਿਰਾਏ ‘ਚ 85 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਯਾਤਰਾ ਦੌਰਾਨ ਵਿਚਕਾਰਲੇ ਰੇਲਵੇ ਸਟੇਸ਼ਨਾਂ ‘ਤੇ ਪਰਵਾਸੀ ਕਾਮਿਆਂ ਲਈ ਖਾਣ-ਪਾਣ ਦੀ ਵਿਵਸਥਾ ਰੇਲਵੇ ਵਲੋਂ ਕੀਤੀ ਜਾ ਰਹੀ ਹੈ। ਡੀ.ਆਰ.ਐਮ. ਨੇ ਦੱਸਿਆ ਕਿ ਪੰਜਾਬ ‘ਚੋਂ ਰਵਾਨਾ ਹੋਣ ਵਾਲੀਆਂ 200 ਰੇਲ ਗੱਡੀਆਂ ‘ਚ ਫਿਰੋਜ਼ਪੁਰ ਰੇਲ ਮੰਡਲ ਵਲੋਂ 163 ਅਤੇ ਅੰਬਾਲਾ ਮੰਡਲ ਵਲੋਂ 37 ਰੇਲ ਗੱਡੀਆਂ ਰਵਾਨਾ ਕੀਤੀਆਂ ਗਈਆਂ। ਹੁਣ ਤੱਕ ਜਲੰਧਰ ਰੇਲਵੇ ਸਟੇਸ਼ਨ ਤੋਂ 61, ਲੁਧਿਆਣਾ ਤੋਂ 89, ਅੰਮ੍ਰਿਤਸਰ ਤੋਂ 19, ਫਿਰੋਜ਼ਪੁਰ ਛਾਉਣੀ ਤੋਂ 6, ਗੁਰਦਾਸਪੁਰ ਤੋਂ 1 ਅਤੇ ਇਕ ਰੇਲ ਗੱਡੀ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ ਚਲਾਈ ਗਈ। ਇਹ ਰੇਲ ਗੱਡੀਆਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਕੇਰਲ ਲਈ ਚਲਾਈਆਂ ਗਈਆਂ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ 18 ਰੇਲ ਗੱਡੀਆਂ ਵੱਖ-ਵੱਖ ਥਾਵਾਂ ਲਈ ਪਰਵਾਸੀਆਂ ਨੂੰ ਲੈ ਕੇ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਰੇਲ ਗੱਡੀਆਂ ਦੀ ਲਗਾਤਾਰਤਾ ‘ਚ ਅੱਜ 200ਵੀਂ ਗੱਡੀ ਅੰਮ੍ਰਿਤਸਰ ਤੋਂ ਮਹਾਰਾਸ਼ਟਰ ਦੇ ਮਿਰਾਜ਼ ਲਈ ਬਾਅਦ ਦੁਪਹਿਰ 2 ਵਜੇ ਰਵਾਨਾ ਕੀਤੀ ਗਈ। ਇਸ ਗੱਡੀ ‘ਚ 703 ਦੇ ਕਰੀਬ ਯਾਤਰੀ ਸਵਾਰ ਸਨ। ਇਸ ਗੱਡੀ ‘ਚ ਪੰਜਾਬ ਭਰ ਦੇ 22 ਜ਼ਿਲ੍ਹਿਆਂ ਤੋਂ ਯਾਤਰੀ ਆਏ ਹੋਏ ਸਨ।
ਉਨ੍ਹਾਂ ਦੱਸਿਆ ਕਿ ਇਸ ਗੱਡੀ ‘ਚ ਕੁਝ ਪੰਜਾਬੀ ਵੀ ਸ਼ਾਮਿਲ ਸਨ ਜੋ ਕਿ ਪੁਣੇ ਵਿਖੇ ਕੰਮ ਕਰਦੇ ਹਨ, ਉਹ ਵੀ ਗਏ ਹਨ। ਹਾਲਾਂਕਿ ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਉਦਯੋਗਾਂ ਅਤੇ ਕਾਰੋਬਾਰ ਦਾ ਕੰਮ ਸ਼ੁਰੂ ਹੋਣ ਨਾਲ ਪ੍ਰਵਾਸੀਆਂ ਦੀ ਗਿਣਤੀ ਘਰਾਂ ਨੂੰ ਜਾਣ ਲਈ ਘੱਟ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਵੇਰੇ 10 ਵਜੇ ਇਕ ਰੇਲ ਗੱਡੀ ਛੱਤੀਸਗੜ੍ਹ ਨੂੰ ਰਵਾਨਾ ਹੋਈ ਜਿਸ ‘ਚ 1200 ਯਾਤਰੀ ਆਪਣੇ ਘਰਾਂ ਨੂੰ ਗਏ। ਉਨ੍ਹਾਂ ਦੱਸਿਆ ਕਿ ਕਿਰਤੀਆਂ ਦੀ ਕਦਰ ਕਰਦੇ ਹੋਏ ਸਰਕਾਰ ਨੇ ਇਸ ਕਾਰਜ ‘ਤੇ ਸਰਕਾਰੀ ਖ਼ਜ਼ਾਨੇ ‘ਚੋਂ ਹੀ ਖ਼ਰਚ ਕੀਤਾ ਹੈ ਅਤੇ ਕਿਸੇ ਪ੍ਰਵਾਸੀ ਕੋਲੋਂ ਟਿਕਟ ਜਾਂ ਖਾਣੇ ਦਾ ਪੈਸਾ ਨਹੀਂ ਲਿਆ ਜਾਂਦਾ। ਪੰਜਾਬ ਵਲੋਂ ਰੋਜ਼ਾਨਾ 20 ਤੋਂ ਜ਼ਿਆਦਾ ਰੇਲ ਗੱਡੀਆਂ ਵੱਖ-ਵੱਖ ਰਾਜਾਂ ਨੂੰ ਭੇਜੀਆਂ ਜਾ ਰਹੀਆਂ ਹਨ, ਜਦਕਿ ਅੰਮ੍ਰਿਤਸਰ ਤੋਂ ਔਸਤਨ 2 ਰੇਲ ਗੱਡੀਆਂ ਵੱਖ-ਵੱਖ ਸਟੇਸ਼ਨਾਂ ਲਈ ਭੇਜੀਆਂ ਜਾ ਰਹੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਐਸ.ਡੀ.ਐਮ. ਵਿਕਾਸ ਹੀਰਾ, ਤਹਿਸੀਲਦਾਰ ਵੀਰਕਿਰਨ ਸਿੰਘ, ਅਰਵਿੰਦਰਪਾਲ ਸਿੰਘ ਤੇ ਹਰਦੀਪ ਸਿੰਘ ਆਦਿ ਮੌਜੂਦ ਸਨ।
ਹੁਣ ਸਬੰਧਿਤ ਰਾਜਾਂ ਦੀ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ
ਨਵੀਂ ਦਿੱਲੀ : ਪਰਵਾਸੀ ਮਜ਼ਦੂਰਾਂ ਨੂੰ ਵਿਸ਼ੇਸ਼ ਸ਼੍ਰਮਿਕ ਟ੍ਰੇਨਾਂ ਰਾਹੀਂ ਘਰ ਪਹੁੰਚਾਉਣ ਦੀ ਵਿਵਸਥਾ ਸਬੰਧੀ ਨਿਯਮਾਂ ‘ਚ ਵੱਡਾ ਫੇਰ-ਬਦਲ ਕਰਦਿਆਂ ਕੇਂਦਰ ਨੇ ਐਲਾਨ ਕੀਤਾ ਹੈ, ਕਿ ਪਰਵਾਸੀ ਮਜ਼ਦੂਰਾਂ ਨੂੰ ਘਰਾਂ ਤੱਕ ਪਹੁੰਚਾਉਣ ਦੇ ਸਫ਼ਰ ‘ਤੇ ਪਹਿਲਾ ਸਬੰਧਤ ਰਾਜ (ਜਿਥੇ ਮਜ਼ਦੂਰ ਦਾ ਘਰ ਹੈ) ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੋਵੇਗੀ। 1 ਮਈ ਤੋਂ ਚਲਾਈਆਂ ਗਈਆਂ ਵਿਸ਼ੇਸ਼ ਟ੍ਰੇਨਾਂ ਹਾਲੇ ਤੱਕ ਰਾਜ ਸਰਕਾਰਾਂ ਦੀ ਮੰਗ ‘ਤੇ ਮਜ਼ਦੂਰਾਂ ਨੂੰ ਲੈ ਕੇ ਜਾਂਦੀਆਂ ਸਨ। ਮੌਜੂਦਾ ਅਮਲ ਮੁਤਾਬਿਕ ਮਜ਼ਦੂਰਾਂ ਨੂੰ ਭੇਜਣ ਵਾਲੇ ਰਾਜ ਅਤੇ ਉਨ੍ਹਾਂ ਦੀ ਮੰਜ਼ਿਲ ਵਾਲੇ ਰਾਜ ਦਰਮਿਆਨ ਤਾਲਮੇਲ ਅਤੇ ਮਨਜ਼ੂਰੀਆਂ ਦੇ ਸਿਲਸਿਲੇ ਤੋਂ ਬਾਅਦ ਸ਼੍ਰਮਿਕ ਟ੍ਰੇਨਾਂ ਚਲਾਈਆਂ ਜਾ ਰਹੀਆਂ ਸਨ। ਪਰ ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ੍ਹ ਅਤੇ ਬਿਹਾਰ ਆਦਿ ਕੁਝ ਰਾਜਾਂ ਨਾਲ ਹੋਏ ਕਥਿਤ ਵਿਵਾਦਾਂ ਦੇ ਪਿਛੋਕੜ ‘ਚ ਇਹ ਫ਼ੈਸਲਾ ਲਿਆ ਗਿਆ ਹੈ। ਪੱਛਮੀ ਬੰਗਾਲ ਸਰਕਾਰ ਨੇ ਕੇਂਦਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਕੇਂਦਰ ਟ੍ਰੇਨਾਂ ਦੀ ਆਮਦ ‘ਚ ਰੁਕਾਵਟ ਪੈਦਾ ਕਰ ਰਿਹਾ ਹੈ। ਜਦਕਿ ਬਿਹਾਰ ਨੇ ਸ਼ੁਰੂਆਤ ‘ਚ ਮਜ਼ਦੂਰਾਂ ਦੀ ਸੂਬੇ ‘ਚ ਆਮਦ ਦੇ ਵਿਚਾਰ ‘ਤੇ ਖਾਸ ਹੁੰਗਾਰਾ ਨਹੀਂ ਦਿੱਤਾ ਸੀ। ਬਿਹਾਰ ਨੇ ਕੱਲ੍ਹ ਇਹ ਵੀ ਦਾਅਵਾ ਕੀਤਾ ਸੀ ਕਿ ਆਉਣ ਵਾਲੇ ਮਰੀਜ਼ਾਂ ‘ਚੋਂ 8 ਫੀਸਦੀ ਕੋਰੋਨਾ ਵਾਇਰਸ ਪ੍ਰਭਾਵਿਤ ਪਾਏ ਗਏ। ਇਸ ਤੋਂ ਇਲਾਵਾ ਗੋਆ ਜੋ ਪਹਿਲਾਂ ਕੋਰੋਨਾ ਮੁਕਤ ਕਰਾਰ ਦਿੱਤਾ ਗਿਆ ਸੀ, ‘ਚ ਵੀ ਕੁਝ ਨਵੇਂ ਮਾਮਲੇ ਸਾਹਮਣੇ ਆਉਣ ‘ਤੇ ਉਥੋਂ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਉੱਥੇ ਟ੍ਰੇਨਾਂ ਨਾ ਰੋਕਣ ਦੀ ਅਪੀਲ ਕੀਤੀ ਹੈ। ਕੇਂਦਰ ਅਤੇ ਪੱਛਮੀ ਬੰਗਾਲ ਦਰਮਿਆਨ ਮਤਭੇਦਾਂ ਦੀ ਲੰਮੀ ਫੇਰਹਿਸਤ ‘ਚ ਸੂਬਾ ਸਰਕਾਰ ਵਲੋਂ ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਕੇਂਦਰ ਮਜ਼ਦੂਰਾਂ ਦੀ ਵਾਪਸੀ ਨੂੰ ਲੈ ਕੇ ਸਿਆਸਤ ਕਰ ਰਿਹਾ ਹੈ। ਜਦਕਿ ਕੇਂਦਰ ਦਾ ਦੋਸ਼ ਹੈ ਕਿ ਪੱਛਮੀ ਬੰਗਾਲ ਪ੍ਰਸ਼ਾਸਨ ਮਜ਼ਦੂਰਾਂ ਦੇ ਮੁੜ ਦਾਖ਼ਲੇ ਦੀ ਇਜ਼ਾਜਤ ਨਹੀਂ ਦੇ ਰਿਹਾ। ਮਮਤਾ ਬੈਨਰਜੀ ਨੇ ਵੀਰਵਾਰ ਤੱਕ ਰਾਜ ‘ਚ ਹੋਰ ਵਿਸ਼ੇਸ਼ ਟ੍ਰੇਨਾਂ ਨਾ ਭੇਜਣ ਦੀ ਅਪੀਲ ਕਰਦਿਆਂ ਰੇਲਵੇ ਨੂੰ ਕਿਹਾ ਕਿ ਤੁਫਾਨ ਆਉਣ ਦੇ ਕਾਰਨ ਰਾਜਾਂ ‘ਚ ਢਿੱਗਾਂ ਡਿਗਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਰਾਜਾਂ ਵਲੋਂ ਪ੍ਰਗਟਾਏ ਸਰੋਕਾਰਾਂ ਤੋਂ ਇਲਾਵਾ ਸਫਰ ਲਈ ਰਜਿਸਟ੍ਰੇਸ਼ਨ ਦੇ ਅਮਲ ‘ਚ ਵੀ ਮਜ਼ਦੂਰਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ। ਜਿਸ ਕਾਰਨ ਮਜ਼ਦੂਰਾਂ ਨੂੰ ਘਰ ਭੇਜਣ ਦੀ ਸਮੱਸਿਆ ਵੱਡਾ ਰੂਪ ਅਖ਼ਤਿਆਰ ਕਰ ਰਹੀ ਹੈ। ਵਿਰੋਧੀ ਧਿਰ ਕਾਂਗਰਸ ਵਲੋਂ ਵੀ ਸਰਕਾਰ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਸਰਕਾਰ ਉਨ੍ਹਾਂ ਨਾਲ ਬੰਧੂਆ ਮਜ਼ਦੂਰਾਂ ਵਾਂਗ ਵਰਤਾਓ ਕਰ ਰਹੀ ਹੈ। ਹਾਲੇ ਵੀ 8 ਕਰੋੜ ਮਜ਼ਦੂਰ ਘਰ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ।

Check Also

ਭਗਵੰਤ ਮਾਨ ਨੇ ਸੰਜੇ ਸਿੰਘ ਦਾ ਘਰ ਪਹੁੰਚਣ ‘ਤੇ ਕੀਤਾ ਸਵਾਗਤ

ਸੰਸਦ ਮੈਂਬਰ ਨੇ ਮਾਨ ਦੀ ਧੀ ਨੂੰ ਆਸ਼ੀਰਵਾਦ ਦਿੱਤਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ …