ਯੂਕਰੇਨ ਏਅਰਫੋਰਸ ਨੇ 47 ਮਿਜ਼ਾਈਲਾਂ ਡੇਗਣ ਦਾ ਕੀਤਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਇਸ ਦੌਰਾਨ ਜਰਮਨੀ ਨੇ ਲੰਘੀ 25 ਜਨਵਰੀ ਨੂੰ ਆਪਣੇ ਲੇਪਰਡ-2 ਟੈਂਕਸ ਯੂਕਰੇਨ ਨੂੰ ਦੇਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਰੂਸ ਨੇ ਯੂਕਰੇਨ ’ਤੇ ਵੱਡਾ ਹਮਲਾ ਕੀਤਾ। ਮੀਡੀਆ ਦੀ ਰਿਪੋਰਟ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਰੂਸੀ ਸੈਨਿਕਾਂ ਨੇ ਯੂਕਰੇਨੀ ਸ਼ਹਿਰਾਂ ਵਿਚ ਕਰੀਬ 55 ਮਿਜ਼ਾਈਲਾਂ ਦਾਗੀਆਂ ਹਨ ਅਤੇ ਇਨ੍ਹਾਂ ਹਮਲਿਆਂ ਵਿਚ 12 ਵਿਅਕਤੀਆਂ ਦੀ ਜਾਨ ਵੀ ਚਲੀ ਗਈ ਹੈ ਅਤੇ 10 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਉਧਰ ਦੂਜੇ ਪਾਸੇ ਯੂਕਰੇਨ ਏਅਰਫੋਰਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸ ਦੀਆਂ 55 ਮਿਜ਼ਾਈਲਾਂ ਵਿਚੋਂ 47 ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਹੈ। ਯੂਕਰੇਨ ਸਟੇਟ ਐਮਰਜੈਂਸੀ ਸਰਵਿਸ ਮੁਤਾਬਕ 20 ਮਿਜ਼ਾਈਲਾਂ ਰਾਜਧਾਨੀ ਕੀਵ ਵਿਚ ਡਿੱਗੀਆਂ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਅਧਿਕਾਰੀ ਦਾ ਕਹਿਣਾ ਸੀ ਕਿ ਖੋਰਸੇਨ ਅਤੇ ਹੇਵਾਖਾ ਸਣੇ 11 ਇਲਾਕਿਆਂ ਵਿਚ ਮਿਜ਼ਾਈਲਾਂ ਡਿੱਗੀਆਂ ਹਨ, ਇਸ ਨਾਲ 35 ਤੋਂ ਜ਼ਿਆਦਾ ਇਮਾਰਤਾਂ ਤਬਾਹ ਹੋ ਗਈਆਂ ਹਨ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਹੁਣ ਇਨਫਰਾਸਟਰੱਕਚਰ ਨੂੰ ਨਿਸ਼ਾਨਾ ਬਣਾ ਰਿਹਾ ਹੈ। ਦੱਸਿਆ ਗਿਆ ਕਿ ਰੂਸ ਦੇ ਸੈਨਿਕਾਂ ਨੇ ਓਡੇਸਾ ਸ਼ਹਿਰ ’ਤੇ ਵੀ ਹਮਲਾ ਕੀਤਾ। ਇਸ ਦੌਰਾਨ ਕੁਝ ਮਿਜ਼ਾਈਲਾਂ ਉਥੇ ਬਣੇ ਦੋ ਵੱਡੇ ਪਾਵਰ ਪਲਾਂਟਾਂ ’ਤੇ ਵੀ ਡਿੱਗੀਆਂ ਅਤੇ ਇਹ ਦੋਵੇਂ ਪਾਵਰ ਪਲਾਂਟ ਤਬਾਹ ਹੋ ਗਏ।