ਕਾਂਗਰਸ ਪਾਰਟੀ ਵਲੋਂ ਵੀ ਉਮੀਦਵਾਰ ਦਾ ਐਲਾਨ ਜਲਦੀ
ਚੰਡੀਗੜ੍ਹ/ਬਿਊਰੋ ਨਿਊਜ਼
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਤੇ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੇ ਗਰਮੀ ਹੋਰ ਵਧਾ ਦਿੱਤੀ ਹੈ ਅਤੇ ਸਿਆਸੀ ਅਖਾੜਾ ਵੀ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਸ ਜ਼ਿਮਨੀ ਚੋਣ ਲਈ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਹੈ। ਮਹਿੰਦਰ ਭਗਤ ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤਰ ਹਨ। ਉਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਬਣਾਇਆ ਹੈ। ਧਿਆਨ ਰਹੇ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ, ਇਸ ਕਰਕੇ ਇਸ ਹਲਕੇ ’ਤੇ ਜ਼ਿਮਨੀ ਚੋਣ ਹੋ ਰਹੀ ਹੈ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਵਲੋਂ ਵੀ ਜਲਦੀ ਹੀ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਕਾਂਗਰਸ ਪਾਰਟੀ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਜਲੰਧਰ ਪੱਛਮੀ ਹਲਕੇ ਤੋਂ ਟਿਕਟ ਦੇ ਸਕਦੀ ਹੈ। ਇਹ ਵੀ ਚਰਚਾ ਚੱਲ ਰਹੀ ਹੈ ਕਿ ਮਹਿੰਦਰ ਸਿੰਘ ਕੇਪੀ ਜਿਹੜੇ ਕਾਂਗਰਸ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਚਲੇ ਗਏ ਸਨ, ਉਹ ਹੁਣ ਮੁੜ ਕਾਂਗਰਸ ਵਿਚ ਆ ਸਕਦੇ ਹਨ।