
ਭਾਰਤੀ ਮੂਲ ਦਾ ਵਿਅਕਤੀ ਵੀ ਕਾਨੂੰਨੀ ਕਾਰਵਾਈ ਦੇ ਘੇਰੇ ’ਚ ਆਇਆ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਨੇ ਆਧੁਨਿਕ ਇਤਿਹਾਸ ਵਿਚ ਨਾਗਰਿਕਤਾ ਰੱਦ ਕਰਨ ਦੀ ਸਭ ਤੋਂ ਵੱਡੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਤਹਿਤ ਉਸ ਨੇ ਭਾਰਤੀ ਮੂਲ ਦੇ ਵਿਅਕਤੀ ਸਣੇ 40 ਵਿਅਕਤੀਆਂ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਲਈ ਵੱਖ-ਵੱਖ ਅਦਾਲਤਾਂ ਵਿਚ ਕਾਰਵਾਈ ਅੱਗੇ ਵਧਾਈ ਹੈ। ਜਿਨ੍ਹਾਂ ਵਿਅਕਤੀਆਂ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਵਿਚ ਪਾਕਿਸਤਾਨ, ਮੈਕਸੀਕੋ, ਕੰਬੋਡੀਆ, ਨੇਪਾਲ ਤੇ ਅਫਗਾਨਿਸਤਾਨ ਦੇ ਵਿਅਕਤੀ ਸ਼ਾਮਲ ਹਨ। ਨਿਆਂ ਵਿਭਾਗ ਨੇ ਦੱਸਿਆ ਕਿ ਇਨ੍ਹਾਂ 40 ਵਿਅਕਤੀਆਂ ਖਿਲਾਫ ਅਮਰੀਕਾ ਦੀਆਂ ਕਈ ਅਦਾਲਤਾਂ ਵਿਚ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵਿਅਕਤੀਆਂ ਉਤੇ ਵਿਦੇਸ਼ੀ ਸਰਕਾਰ ਦੇ ਏਜੰਟ ਦੇ ਰੂਪ ਵਿਚ ਕੰਮ ਕਰਨ, ਗੈਰ-ਇਰਾਦਤਨ ਕਤਲ ਤੇ ਅੰਗਹੀਣ ਵਿਅਕਤੀ ਨਾਲ ਜਿਨਸੀ ਅਪਰਾਧ ਸਣੇ ਕਈ ਗੰਭੀਰ ਅਪਰਾਧਾਂ ਦੇ ਇਲਜ਼ਾਮ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਲੀਫੋਰਨੀਆ ਦੇ ਇਕ ਭਾਰਤੀ ਵਿਅਕਤੀ ਦੀ ਵੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਸ ਵਿਅਕਤੀ ’ਤੇ ਫਰਜ਼ੀ ਪਛਾਣ ਦਾ ਇਸਤੇਮਾਲ ਕਰਕੇ ਅਮਰੀਕਾ ਵਿਚ ਦਾਖਲ ਹੋਣ ਅਤੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਦਾ ਇਲਜ਼ਾਮ ਹੈ।

