Breaking News
Home / ਭਾਰਤ / ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦਾ ਕਹਿਰ

ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦਾ ਕਹਿਰ

ਹੜ੍ਹ ਤੇ ਢਿੱਗਾਂ ਡਿੱਗਣ ਕਾਰਨ 15 ਵਿਅਕਤੀਆਂ ਦੀ ਹੋਈ ਮੌਤ ਅਤੇ ਕਈ ਵਿਅਕਤੀ ਹੋਏ ਲਾਪਤਾ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਤੇ 2 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਜਿਸ ਦੇ ਚਲਦਿਆਂ ਹੜ੍ਹ ਅਤੇ ਢਿੱਗਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਮੰਡੀ ਅਤੇ ਚੰਬਾ ਜ਼ਿਲ੍ਹਾ ਬਾਰਿਸ਼ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਸੇ ਜਾ ਰਹੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲਾ ਰੇਲ ਲਿੰਕ ਵੀ ਹੜ੍ਹਾਂ ਦੀ ਭੇਂਟ ਚੜ੍ਹ ਗਿਆ। ਚੱਕੀ ਨਦੀ ’ਚ ਆਏ ਹੜ੍ਹ ਦਾ ਪਾਣੀ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਪੁਲ ਨੂੰ ਵੀ ਆਪਣੇ ਨਾਲ ਹੀ ਰੋੜ ਕੇ ਲੈ ਗਿਆ। ਹਾਲਾਂਕਿ ਇਸ ਪੁਲ ਨੂੰ ਇਕ ਹਫ਼ਤੇ ਪਹਿਲਾਂ ਹੀ ਅਸੁਰੱਖਿਅਤ ਐਲਾਨਿਆ ਗਿਆ ਸੀ ਅਤੇ ਅਗਸਤ ਦੇ ਪਹਿਲੇ ਹਫ਼ਤੇ ਹੀ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਉਧਰ ਸ਼ਿਮਲਾ ਜ਼ਿਲ੍ਹੇ ਦੇ ਥੀਓਂਗ ਵਿਚ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪੈਟਰੋਲ ਪੰਪ ’ਤੇ ਪੱਥਰ ਡਿੱਗਣ ਨਾਲ ਕਈ ਵਾਹਨ ਇਨ੍ਹਾਂ ਪੱਥਰਾਂ ਦੀ ਲਪੇਟ ਵਿਚ ਆ ਗਏ ਜਿਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ। ਮੰਡੀ ਜ਼ਿਲ੍ਹੇ ਦੇ ਗੋਹਰ ’ਚ ਪਹਾੜੀ ਧਸਣ ਕਾਰਨ ਇਕ ਹੀ ਪਰਿਵਾਰ ਦੇ 8 ਮੈਂਬਰ ਇਸ ਦੀ ਲਪੇਟ ਵਿਚ ਆ ਗਏ ਜਿਨ੍ਹਾਂ ਵਿਚੋਂ 1 ਮਹਿਲਾ ਅਤੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ 5 ਮੈਂਬਰ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਗਲੇ 96 ਘੰਟਿਆਂ ਤੱਕ ਭਾਰੀ ਬਾਰਿਸ਼ ਦੇ ਜਾਰੀ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਵਿਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਅਲਰਟ ਲਾਹੌਲ ਸਪਿਤੀ ਨੂੰ ਛੱਡ ਕੇ ਬਾਕੀ ਦੇ 11 ਜ਼ਿਲ੍ਹਿਆਂ ਲਈ ਕੀਤਾ ਗਿਆ ਹੈ।

Check Also

ਡਬਲਿਊ ਟੀ ਸੀ ਫਾਈਨਲ ਤੇ ਚੈਂਪੀਅਨਜ਼ ਟਰਾਫੀ ’ਚ ਰੋਹਿਤ ਸ਼ਰਮਾ ਹੀ ਹੋਣਗੇ ਕਪਤਾਨ : ਜੈ ਸ਼ਾਹ

ਦੋਵੇਂ ਟੂਰਨਾਮੈਂਟ ਜਿੱਤਣ ਦਾ ਕੀਤਾ ਦਾਅਵਾ ਮੁੰਬਈ/ਬਿਊਰੋ ਨਿਊਜ਼ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਸਕੱਤਰ ਜੈ …