ਵੱਖ-ਵੱਖ ਪਾਰਟੀਆਂ ਦੇ 31 ਮੈਂਬਰਾਂ ਨੂੰ ਸੰਘੀ ਮੰਤਰੀ ਤੇ ਤਿੰਨ ਨੂੰ ਰਾਜ ਮੰਤਰੀ ਵਜੋਂ ਚੁਕਾਈ ਗਈ ਸਹੁੰ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ 34 ਮੈਂਬਰੀ ਕੈਬਨਿਟ ਨੇ ਕਈ ਦਿਨਾਂ ਦੀ ਦੇਰੀ ਮਗਰੋਂ ਮੰਗਲਵਾਰ ਨੂੰ ਸਹੁੰ ਚੁੱਕ ਲਈ ਹੈ।
ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਹਾਲਾਂਕਿ ਇਸ ਮੌਕੇ ਰਾਸ਼ਟਰਪਤੀ ਆਰਿਫ਼ ਅਲਵੀ ਹਾਜ਼ਰ ਨਹੀਂ ਸਨ। ਪਹਿਲਾਂ ਸਹੁੰ ਚੁੱਕ ਸਮਾਗਮ ਸੋਮਵਾਰ ਨੂੰ ਕਰਾਇਆ ਜਾਣਾ ਸੀ ਪਰ ਰਾਸ਼ਟਰਪਤੀ ਅਲਵੀ ਨੇ ਸੰਸਦ ਮੈਂਬਰਾਂ ਨੂੰ ਹਲਫ ਦਿਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਲਈ ਸਰਕਾਰ ਨੂੰ ਸਮਾਗਮ ਮੁਲਤਵੀ ਕਰਨਾ ਪਿਆ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ ਮੰਤਰੀਆਂ ਵਿਚ ਸ਼ਾਮਲ ਨਹੀਂ ਹਨ। ਪਹਿਲਾਂ ਇਹ ਚਰਚਾ ਸੀ ਕਿ ਉਨ੍ਹਾਂ ਨੂੰ ਵਿਦੇਸ਼ ਮੰਤਰੀ ਬਣਾਇਆ ਜਾ ਸਕਦਾ ਹੈ। ਸ਼ੁਰੂਆਤ ਵਿਚ 31 ਸੰਘੀ ਮੰਤਰੀਆਂ ਤੇ ਤਿੰਨ ਰਾਜ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਹੈ।
ਸੰਜਰਾਨੀ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਸ਼ਰੀਫ਼ ਨੂੰ ਸਹੁੰ ਚੁਕਾਈ ਸੀ। ਉਸ ਵੇਲੇ ਵੀ ਰਾਸ਼ਟਰਪਤੀ ਅਲਵੀ ਜੋ ਕਿ ਸੱਤਾ ਤੋਂ ਬਾਹਰ ਹੋਈ ਇਮਰਾਨ ਖਾਨ ਦੀ ਪਾਰਟੀ ‘ਪੀਟੀਆਈ’ ਦੇ ਮੈਂਬਰ ਹਨ, ਬਿਮਾਰ ਹੋਣ ਦਾ ਹਵਾਲਾ ਦੇ ਕੇ ਛੁੱਟੀ ਉਤੇ ਚਲੇ ਗਏ ਸਨ। ਸ਼ਰੀਫ਼ ਦੀ ਪਾਰਟੀ ਪੀਐਮਐਲ-ਐੱਨ ਦੇ 13 ਮੰਤਰੀ ਬਣੇ ਹਨ ਜਦਕਿ ਭੁੱਟੋ-ਜ਼ਰਦਾਰੀ ਦੀ ਪਾਰਟੀ ਦੇ 9 ਮੰਤਰੀ ਸਰਕਾਰ ਵਿਚ ਹਨ।
ਜੇਯੂਆਈ-ਐਫ ਦੇ ਚਾਰ ਮੰਤਰੀਆਂ ਨੂੰ ਹਲਫ਼ ਦਿਵਾਇਆ ਗਿਆ ਹੈ। ਇਸ ਤੋਂ ਇਲਾਵਾ ਐਮਕਿਊਐਮ-ਪੀ ਦੇ ਵੀ ਦੋ ਮੰਤਰੀਆਂ ਨੇ ਹਲਫ਼ ਲਿਆ ਹੈ।
ਗੱਠਜੋੜ ਵਿਚ ਹੋਰ ਪਾਰਟੀਆਂ ਵੀ ਸ਼ਾਮਲ ਹਨ।
ਪੀਐਮਐਲ-ਨਵਾਜ਼ ਵੱਲੋਂ ਖ਼ਵਾਜ਼ਾ ਆਸਿਫ਼, ਅਹਿਸਾਨ ਇਕਬਾਲ, ਰਾਣਾ ਸਨਾਉੱਲ੍ਹਾ, ਅਯਾਜ਼ ਸਾਦਿਕ, ਰਾਣਾ ਤਨਵੀਰ, ਖੁੱਰਮ ਦਸਤਗੀਰ, ਸਾਦ ਰਫੀਕ, ਮੀਆਂ ਜਾਵੇਦ ਲਤੀਫ, ਮੀਆਂ ਰਿਆਜ਼ ਪੀਰਜ਼ਾਦਾ, ਮੁਰਤਜ਼ਾ ਜਾਵੇਦ ਅੱਬਾਸੀ, ਅਜ਼ਾਮ ਨਜੀਰ, ਮਰੀਅਮ ਔਰੰਗਜ਼ੇਬ ਤੇ ਮਿਫਤਾਹ ਇਸਮਾਈਲ ਮੰਤਰੀ ਬਣੇ ਹਨ। ਜਦਕਿ ਖ਼ੁਰਸ਼ੀਦ ਸ਼ਾਹ, ਨਵੀਦ ਕਮਰ, ਸ਼ੈਰੀ ਰਹਿਮਾਨ, ਅਬਦੁਲ ਕਾਦਿਰ ਪਟੇਲ, ਸ਼ਾਜ਼ੀਆ ਮੱਰੀ, ਮੁਰਤਜ਼ਾ ਮਹਿਮੂਦ, ਸਾਜਿਦ ਹੁਸੈਨ ਟੋਰੀ, ਅਹਿਸਾਨ-ਉਰ ਰਹਿਮਾਨ ਤੇ ਆਬਿਦ ਹੁਸੈਨ ਪੀਪੀਪੀ ਵੱਲੋਂ ਕੈਬਨਿਟ ਵਿਚ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਹਿਨਾ ਰੱਬਾਨੀ ਖਾਰ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਮੰਤਰੀਆਂ ਨੂੰ ਅਹੁਦਿਆਂ ਦੀ ਵੰਡ ਅਜੇ ਕੀਤੀ ਜਾਣੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …