
20 ਬੱਚਿਆਂ ਅਤੇ ਇਕ ਮਹਿਲਾ ਟੀਚਰ ਦੀ ਗਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਪਿਸ਼ਾਵਰ ਵਿਚ ਅੱਜ ਵੀਰਵਾਰ ਨੂੰ ਇਕ ਪ੍ਰਾਈਵੇਟ ਸਕੂਲ ਦੀ ਛੱਤ ਡਿੱਗਣ ਨਾਲ 21 ਮੌਤਾਂ ਹੋ ਗਈਆਂ ਅਤੇ ਕਈ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਮਿ੍ਰਤਕਾਂ ਵਿਚ 20 ਬੱਚੇ ਅਤੇ ਇਕ ਮਹਿਲਾ ਟੀਚਰ ਸ਼ਾਮਲ ਹੈ। ਇਨ੍ਹਾਂ ਸਾਰੇ ਬੱਚਿਆਂ ਦੀ ਉਮਰ 13 ਸਾਲ ਜਾਂ ਉਸ ਤੋਂ ਵੀ ਘੱਟ ਦੱਸੀ ਗਈ ਹੈ। ਇਹ ਹਾਦਸਾ ਪਿਸ਼ਾਵਰ ਦੀ ਦੀਰ ਕਲੋਨੀ ਇਲਾਕੇ ਵਿਚ ਵਾਪਰਿਆ ਹੈ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਜਾਨ ਗੁਆਉਣ ਵਾਲੇ ਬੱਚਿਆਂ ਅਤੇ ਮਹਿਲਾ ਟੀਚਰ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਇਸੇ ਦੌਰਾਨ ਖੈਬਰ ਪਖਤੂਨਵਾ ਦੇ ਗਵਰਨਰ ਫੈਸਲ ਕਰੀਮ ਕੁੰਡੀ ਨੇ ਵੀ ਇਸ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਲੰਘੇ ਜੁਲਾਈ ਮਹੀਨੇ ਵਿਚ ਵੀ ਇਕ ਸਰਕਾਰੀ ਸਕੂਲ ਦੀ ਬਾਹਰੀ ਦੀਵਾਰ ਡਿੱਗਣ ਨਾਲ ਤਿੰਨ ਬੱਚਿਆਂ ਦੀ ਜਾਨ ਚਲੇ ਗਈ ਸੀ।

