
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ, ਜੋ ਪਾਲਾ ਬਦਲ ਕੇ ਕਾਂਗਰਸ ਵਿਚ ਆਉਣਾ ਚਾਹੁੰਦੇ ਹਨ। ਬਾਜਵਾ ਨੇ ਸੂਬਾ ਸਰਕਾਰ ’ਤੇ ਆਰੋਪ ਲਗਾਇਆ ਕਿ ਉਹ ਹੁਣ ਮਹਿਲਾਵਾਂ ਦੇ ਖਾਤਿਆਂ ਵਿਚ ਇਕ ਹਜ਼ਾਰ ਰੁਪਏ ਪਾਉਣ ਤੋਂ ਭੱਜ ਰਹੀ ਹੈ। ਇਸੇ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੜਾ ਅਫਸੋਸ ਹੈ ਕਿ ਪੰਜਾਬ ਸਰਕਾਰ ਲੰਬੇ ਸੈਸ਼ਨ ਕਰਵਾਉਣ ਲਈ ਤਿਆਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਵੱਲੋਂ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦਿੱਤਾ ਜਾਵੇਗਾ।