ਚੰਗੀ ਕਾਰਗੁਜ਼ਾਰੀ ਲਈ ਦਿੱਤਾ ਜਾਵੇਗਾ ‘ਪੰਚਾਇਤੀ ਸਸ਼ਕਤੀਕਰਨ ਐਵਾਰਡ’
ਸੰਗਰੂਰ/ਬਿਊਰੋ ਨਿਊਜ਼ : ਜ਼ਿਲ੍ਹਾ ਸੰਗਰੂਰ ਦੇ ਇਤਿਹਾਸਕ ਪਿੰਡ ਬਡਰੁੱਖਾਂ ਦੀ ਪੰਚਾਇਤ ਨੂੰ ਚੰਗੀ ਕਾਰਗੁਜ਼ਾਰੀ ਲਈ ‘ਪੰਚਾਇਤੀ ਸਸ਼ਕਤੀਕਰਨ ਐਵਾਰਡ’ ਲਈ ਚੁਣਿਆ ਗਿਆ ਹੈ। ਪੰਚਾਇਤ ਨੂੰ ਇਹ ਐਵਾਰਡ 24 ਅਪਰੈਲ ਨੂੰ ਜਮਸ਼ੇਦਪੁਰ (ਝਾਰਖੰਡ) ਵਿੱਚ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਹੋਣ ਵਾਲੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਵੱਲੋਂ ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ ਇਸ ਐਵਾਰਡ ਲਈ ਆਨਲਾਈਨ ਅਰਜ਼ੀ ਦਿੱਤੀ ਗਈ ਸੀ।
ਪਹਿਲਾਂ ਹਰ ਬਲਾਕ ਵਿੱਚੋਂ ਤਿੰਨ ਪੰਚਾਇਤਾਂ ਦੀ ਚੋਣ ਕੀਤੀ ਗਈ ਜਿਸ ਤੋਂ ਬਾਅਦ ਹਰ ਜ਼ਿਲ੍ਹੇ ਵਿੱਚੋਂ ਇੱਕ ਪੰਚਾਇਤ ਦੀ ਚੋਣ ਕੀਤੀ ਗਈ। ਪੰਜਾਬ ਦੀਆਂ 22 ਪੰਚਾਇਤਾਂ ਵਿੱਚੋਂ ਕੁੱਲ 9 ਪੰਚਾਇਤਾਂ ਚੁਣੀਆਂ ਗਈਆਂ, ਜਿਨ੍ਹਾਂ ਵਿੱਚੋਂ ਚੰਗੀ ਕਾਰਗੁਜ਼ਾਰੀ ਲਈ ਪਹਿਲੀਆਂ 6 ਪੰਚਾਇਤਾਂ ਦੀ ‘ਪੰਚਾਇਤੀ ਸਸ਼ਕਤੀਕਰਨ ਐਵਾਰਡ’ ਲਈ ਚੋਣ ਕੀਤੀ ਗਈ। ਪਿੰਡ ਬਡਰੁੱਖਾਂ ਦੀ ਸਰਪੰਚ ਹਰਬੰਸ ਕੌਰ ਨੇ ਦੱਸਿਆ ਕਿ ਸਰਵੇਖਣ ਟੀਮਾਂ ਵੱਲੋਂ ਪੰਚਾਇਤੀ ਰਿਕਾਰਡ, ਵੱਖ-ਵੱਖ ਸਕੀਮਾਂ ਤਹਿਤ ਪ੍ਰਾਪਤ ਫੰਡਾਂ ਦੀ ਵਰਤੋਂ, ਪੰਚਾਇਤ ਵੱਲੋਂ ਪਾਸ ਕੀਤੇ ਮਤੇ, ਗ੍ਰਾਮ ਸਭਾ ਇਜਲਾਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕੰਮਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਮਤਿਆਂ ਵਿੱਚ ਐਸ.ਸੀ. ਪੰਚਾਂ ਅਤੇ ਮਹਿਲਾ ਪੰਚਾਂ ਦੀ ਹਾਜ਼ਰੀ ਦੀ ਵੀ ਚੈਕਿੰਗ ਕੀਤੀ ਗਈ। ਪਿੰਡ ਦੇ ਵਿਕਾਸ ਕਾਰਜਾਂ ਦੀ ਜਾਂਚ ਵੀ ਸਰਵੇਖਣ ਟੀਮਾਂ ਵੱਲੋਂ ਕੀਤੀ ਗਈ। ਕਰੀਬ 9 ਹਜ਼ਾਰ ਦੀ ਅਬਾਦੀ ਵਾਲੇ ਇਤਿਹਾਸਕ ਪਿੰਡ ਬਡਰੁੱਖਾਂ ਦੀਆਂ ਅੰਦਰੂਨੀ ਮੁੱਖ ਗਲੀਆਂ ਚੌੜੀਆਂ ਸੜਕਾਂ ਵਰਗੀਆਂ ਹਨ ਤੇ ਆਮ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲੱਗੀਆਂ ਹੋਈਆਂ ਹਨ। ਪਿੰਡ ਵਿੱਚ ਇੱਕ ਪਾਰਕ ਦਾ ਮੁਕੰਮਲ ਹੋ ਚੁੱਕਿਆ ਹੈ ਤੇ ਤਿੰਨ ਦਾ ਕੰਮ ਜਾਰੀ ਹੈ।
ਗਲੀਆਂ ਵਿਚ ਸੋਲਰ ਲਾਈਟਾਂ ਹਨ ਤੇ ਸਵੱਛ ਭਾਰਤ ਮਿਸ਼ਨ ਤਹਿਤ ਘਰਾਂ ਵਿੱਚ ਪਖ਼ਾਨੇ ਬਣਾਏ ਜਾ ਰਹੇ ਹਨ। ਮਗਨਰੇਗਾ ਭਵਨ ਦੀ ਉਸਾਰੀ ਚੱਲ ਰਹੀ ਹੈ ਤੇ ਲੋਕਾਂ ਦੀ ਸਹੂਲਤ ਲਈ ਪੰਚਾਇਤ ਵੱਲੋਂ ਇੱਕ ਪੈਲੇਸ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ।
ਸਰਪੰਚ ਹਰਬੰਸ ਕੌਰ ਦਾ ਕਹਿਣਾ ਹੈ ਕਿ ਭਾਵੇਂ ਪੰਚਾਇਤ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਪੰਚ ਹਨ, ਪਰ ਸਮੁੱਚੀ ਪੰਚਾਇਤ ਪਿੰਡ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇੱਕਜੁੱਟ ਹੈ। ਇਹ ਐਵਾਰਡ ਸਮੁੱਚੀ ਪੰਚਾਇਤ ਅਤੇ ਪਿੰਡ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਲਈ ਵੀ ਮਾਣ ਵਾਲੀ ਗੱਲ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਸਿੰਘ ਬਤਰਾ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜੋਗਿੰਦਰ ਕੁਮਾਰ ਨੇ ਦੱਸਿਆ ਕਿ 24 ਅਪਰੈਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਚਾਇਤੀ ਰਾਜ ਦਿਵਸ ਮੌਕੇ ਪਿੰਡ ਬਡਰੁੱਖਾਂ ਦੀ ਪੰਚਾਇਤ ਨੂੰ ‘ਪੰਚਾਇਤੀ ਸਸ਼ਕਤੀਕਰਨ ਐਵਾਰਡ’ ਦਿੱਤਾ ਜਾਵੇਗਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖਾਂ ਨੂੰ ਸ਼ੋਸ਼ਲ ਮੀਡੀਆ ’ਤੇ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਦਿੱਤੀ ਸਲਾਹ
ਕਿਹਾ : ਧਰਮਾਂ ਪ੍ਰਤੀ ਗਲਤ ਸੋਚ ਰੱਖਣ ਵਾਲਾ ਵਿਅਕਤੀ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ …