ਦੇਸ਼ ਵਾਸੀਆਂ ਦਾ ਕੀਤਾ ਸ਼ੁਕਰੀਆ ਅਦਾ ਤੇ ਓਬਾਮਾ ਨੂੰ ਨਿੰਦਿਆ
ਹਵਾਨਾ/ਬਿਊਰੋ ਨਿਊਜ਼ : ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ ਆਪਣੇ 90ਵੇਂ ਜਨਮ ਦਿਨ ‘ਤੇ ਜਨਤਕ ਤੌਰ ‘ਤੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਸਰਕਾਰੀ ਮੀਡੀਆ ਵਿੱਚ ਲਿਖੇ ਲੰਮੇ ਪੱਤਰ ਵਿੱਚ ਦੇਸ਼ ਵਾਸੀਆਂ ਦੀਆਂ ਸ਼ੁਭਕਾਮਨਾਵਾਂ ਲਈ ਉਨ੍ਹਾਂ ਸ਼ੁਕਰੀਆ ਅਦਾ ਕੀਤਾ ਤੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਆਲੋਚਨਾ ਕੀਤੀ।
ਇਕ ਸਥਾਨਕ ਟੀਵੀ ਨੇ ਉਨ੍ਹਾਂ ਦੀ ਫੁਟੇਜ ਦਾ ਸਿੱਧਾ ਪ੍ਰਸਾਰਨ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਅਤੇ ਉਤਰਾਧਿਕਾਰੀ ਰਾਊਲ ਕਾਸਤਰੋ ਅਤੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵੀ ਸਨ। ਫੀਦਲ ਅਪਰੈਲ ਤੋਂ ਜਨਤਕ ਤੌਰ ‘ਤੇ ਨਜ਼ਰ ਨਹੀਂ ਆਏ। ਉਹ ਹਵਾਨਾ ਦੇ ਕਾਰਲ ਮਾਰਕਸ ਥੀਏਟਰ ਵਿੱਚ ਬੱਚਿਆਂ ਦੀ ਥੀਏਟਰ ਕੰਪਨੀ ਵੱਲੋਂ ਕਰਵਾਏ ਸਮਾਗਮ ਦੌਰਾਨ ਨਜ਼ਰ ਆਏ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਾਲ ਹੀ ਦੇ ਸਾਲਾਂ ਦੌਰਾਨ ਅੰਤੜੀਆਂ ਦੇ ਰੋਗ ਤੋਂ ਪੀੜਤ ਹਨ ਪਰ ਉਨ੍ਹਾਂ ਦੀ ਸਥਿਤੀ ਬਾਰੇ ਅਧਿਕਾਰਤ ਤੌਰ ‘ਤੇ ਰਿਪੋਰਟ ਗੁਪਤ ਹੀ ਰੱਖੀ ਜਾ ਰਹੀ ਹੈ। ਆਪਣੇ ਪੱਤਰ ਵਿੱਚ ਉਨ੍ਹਾਂ ਕਿਹਾ,’ਮੇਰੇ ਪ੍ਰਤੀ ਜੋ ਭਾਵਨਾਵਾਂ ਦੇਸ਼ ਵਾਸੀਆਂ ਨੇ ਦਿਖਾਈਆਂ ਹਨ ਉਸ ਲਈ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ।’ ਉਨ੍ਹਾਂ ਨੇ ਓਬਾਮਾ ਵੱਲੋਂ ਆਪਣੀ ਮਈ ਦੀ ਹੀਰੋਸ਼ੀਮਾ ਫੇਰੀ ਮੌਕੇ ਜਪਾਨੀਆਂ ਤੋਂ ਮੁਆਫ਼ੀ ਨਾ ਮੰਗਣ ਲਈ ਆਲੋਚਨਾ ਕੀਤੀ। ਕਾਸਤਰੋ ਦਾ ਵਿਚਾਰ ਹੈ ਕਿ ਦੂਜੀ ਸੰਸਾਰ ਜੰਗ ਵਿੱਚ ਅਮਰੀਕਾ ਨੇ ਪਰਮਾਣੂ ਬੰਬ ਸੁੱਟ ਕੇ ਜਪਾਨੀਆਂ ਦੀ ਨਸਲਕੁਸ਼ੀ ਕੀਤੀ। ਇਸ ਲਈ ਓਬਾਮਾ ਨੂੰ ਜਪਾਨ ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਸੀ।
Check Also
ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ
ਪੀਐਮ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਨਵੀਂ ਦਿੱਲੀ/ਬਿਊਰੋ …