Breaking News
Home / ਦੁਨੀਆ / ਜ਼ੀਰੋ ਲਾਈਨ ‘ਤੇ ਬੈਠਕ : ਤੰਬੂ ਅਤੇ ਆਪਣੇ-ਆਪਣੇ ਝੰਡੇ ਫਹਿਰਾ ਕੇ 4 ਘੰਟਿਆਂ ਤੱਕ ਕੀਤੀ ਗੱਲਬਾਤ

ਜ਼ੀਰੋ ਲਾਈਨ ‘ਤੇ ਬੈਠਕ : ਤੰਬੂ ਅਤੇ ਆਪਣੇ-ਆਪਣੇ ਝੰਡੇ ਫਹਿਰਾ ਕੇ 4 ਘੰਟਿਆਂ ਤੱਕ ਕੀਤੀ ਗੱਲਬਾਤ

ਕਰਤਾਰਪੁਰ ਕੌਰੀਡੋਰ ਸਬੰਧੀ ਭਾਰਤ-ਪਾਕਿ ਦੀ ਮੀਟਿੰਗ
ਸੰਗਤ ਨੂੰ 4 ਘੰਟੇ ਤੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਨਹੀਂ ਕਰਨ ਦਿੱਤੇ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਲੈ ਕੇ ਦੂਜੀ ਵਾਰ ਜ਼ੀਰੋ ਲਾਈਨ ‘ਤੇ ਭਾਰਤ ਅਤੇ ਪਾਕਿਸਤਾਨ ਦੇ ਆਲਾ ਅਧਿਕਾਰੀਆਂ ਦੀ ਮੰਗਲਵਾਰ ਨੂੰ ਅਹਿਮ ਮੀਟਿੰਗ ਹੋਈ। ਮੀਟਿੰਗ ਵਿਚ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਭਾਰਤ ਅਤੇ ਪਾਕਿਸਤਾਨ ਨੇ ਹੋਮ ਮਨਿਸਟਰੀ, ਡਰੇਨੇਜ਼ ਵਿਭਾਗ, ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ, ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਅਤੇ ਬੀ.ਐਸ.ਐਫ. ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਤੋਂ ਪਹਿਲਾਂ ਜ਼ੀਰੋ ਲਾਈਨ ‘ਤੇ ਭਾਰਤ ਅਤੇ ਪਾਕਿਸਤਾਨ ਦਾ ਇਕ-ਇਕ ਝੰਡਾ ਲਗਾਇਆ ਗਿਆ। ਜ਼ੀਰੋ ਲਾਈਨ ‘ਤੇ ਹੋਈ ਮੀਟਿੰਗ ਲਈ ਦੋ ਤੰਬੂ ਲਗਾਏ ਗਏ ਸਨ। ਕਰੀਬ 4 ਘੰਟੇ ਤੱਕ ਚੱਲੀ ਮੀਟਿੰਗ ਵਿਚ ਕੌਰੀਡੋਰ ਨੂੰ ਲੈ ਕੇ ਵੱਖ-ਵੱਖ ਮਾਮਲਿਆਂ ‘ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਦੀ ਕਵਰੇਜ ਲਈ ਮੀਡੀਆ ਨੂੰ 200 ਮੀਟਰ ਪਿੱਛੇ ਹੀ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਦਰਸ਼ਨ ਸਥਲ ‘ਤੇ ਦੂਰਬੀਨ ਦੇ ਜ਼ਰੀਏ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਗਿਆ। ਪੁਲਿਸ ਅਤੇ ਬੀ.ਐਸ.ਐਫ. ਬੈਰੀਕੇਡ ਲਗਾ ਲਗਾਤਾਰ ਤੈਨਾਤ ਰਹੀ। ਹਾਲਾਂਕਿ ਮੀਟਿੰਗ ਖਤਮ ਹੋਣ ਤੋਂ ਬਾਅਦ ਮੀਟਿੰਗ ਦੇ ਏਜੰਡੇ ਬਾਰੇ ਕਿਸੇ ਵੀ ਭਾਰਤੀ ਅਧਿਕਾਰੀ ਨੇ ਮੀਡੀਆ ਨੂੰ ਕੁਝ ਵੀ ਨਹੀਂ ਦੱਸਿਆ।
ਮੀਟਿੰਗ ‘ਚ ਦੋਵੇਂ ਦੇਸ਼ਾਂ ਦੇ 20 ਅਧਿਕਾਰੀ ਹੋਏ ਸ਼ਾਮਲ
ਮੀਟਿੰਗ ਵਿਚ ਦੋਵੇਂ ਦੇਸ਼ਾਂ ਦੇ ਕਰੀਬ 20 ਅਧਿਕਾਰੀ ਸ਼ਾਮਲ ਸਨ। ਇਸ ਤੋਂ ਇਲਾਵਾ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਕਰੀਬ 20 ਪਾਕਿਸਤਾਨੀ ਰੇਂਜਰਜ਼ ਸਨ, ਜਦਕਿ ਭਾਰਤੀ ਅਧਿਕਾਰੀਆਂ ਨਾਲ ਵੀ 20 ਦੇ ਕਰੀਬ ਬੀ.ਐਸ.ਐਫ. ਦੇ ਜਵਾਨ ਮੌਜੂਦ ਰਹੇ। ਸੂਤਰਾਂ ਅਨੁਸਾਰ ਮੀਟਿੰਗ ਵਿਚ ਇਨ੍ਹਾਂ ਗੱਲਾਂ ‘ਤੇ ਅਹਿਮ ਚਰਚਾ ਕੀਤੀ ਗਈ ਕਿ ਟਰਮੀਨਲ ਕਿੱਥੇ ਬਣਾਇਆ ਜਾਣਾ ਹੈ, ਪੁਲ ਦੀ ਉਚਾਈ ਕਿੰਨੀ ਹੋਵੇਗੀ, ਤਕਨੀਕੀ ਮਾਮਲਿਆਂ ਆਦਿ ਬਾਰੇ ਵੀ ਚਰਚਾ ਕੀਤੀ ਗਈ। ਜਿੱਥੇ ਇਕ ਪਾਸੇ ਜ਼ੀਰੋ ਲਾਈਨ ‘ਤੇ ਮੀਟਿੰਗ ਚੱਲ ਰਹੀ ਸੀ ਤਾਂ ਦੂਜੇ ਪਾਸੇ ਇੰਟੀਗ੍ਰੇਟਿਡ ਚੈਕ ਪੋਸਟ ‘ਤੇ ਬਣਨ ਵਾਲੇ ਟਰਮੀਨਲ ਦਾ ਫਲੈਕਸ ਬੋਰਡ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੁਆਰਾ ਵੀ ਲਗਾਇਆ ਗਿਆ।
ਨਵੰਬਰ ਮਹੀਨੇ ਤੋਂ ਪਹਿਲਾਂ ਕਰਨਾ ਹੋਵੇਗਾ ਕੌਰੀਡੋਰ ਦਾ ਕੰਮ ਪੂਰਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ (ਨਵੰਬਰ ਮਹੀਨੇ) ਤੋਂ ਪਹਿਲਾਂ ਦੋਵੇਂ ਦੇਸ਼ਾਂ ਵਲੋਂ ਕਰਤਾਰਪੁਰ ਕੌਰੀਡੋਰ ਬਣਾਉਣਾ ਨਿਸਚਿਤ ਕੀਤਾ ਗਿਆ ਹੈ। ਮੀਟਿੰਗ ਵਿਚ ਲੈਂਡ ਪੋਰਟ ਆਫ ਅਥਾਰਟੀ ਇੰਡੀਆ ਦੇ ਪਲਾਨਿੰਗ ਡਿਪਾਰਟਮੈਂਟ ਦੇ ਮੈਂਬਰ ਅਖਿਲ ਸਕਸੈਨਾ, ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਜਨਰਲ ਮੈਨੇਜਰ ਮਨੀਸ਼ ਰਸਤੋਗੀ, ਚੀਫ ਇੰਜੀਨੀਅਰ ਡਰੇਨੇਜ਼ ਵਿਭਾਗ ਏ.ਐਸ. ਸੰਧੂ, ਐਮ.ਈ.ਏ. ਸੰਦੀਪ ਕੁਮਾਰ, ਗ੍ਰਹਿ ਮੰਤਰਾਲੇ ਦੇ ਡਿਪਟੀ ਸੈਕਟਰੀ ਐਸ.ਵੀ. ਕੋਹਲੀ, ਡਰੇਨੇਜ਼ ਵਿਭਾਗ ਦੇ ਐਸ.ਸੀ. ਮਨਜੀਤ ਸਿੰਘ, ਐਨ.ਐਚ.ਏ.ਆਈ. ਦੇ ਪ੍ਰੋਜੈਕਟਿਵ ਡਾਇਰੈਕਟਰ ਯਸ਼ਪਾਲ, ਮਨੀਸ਼ ਰਸਤੋਗੀ, ਸਿੰਗਲ ਕੰਪਨੀ ਦੇ ਵਾਈਸ ਪ੍ਰੈਜੀਡੈਂਟ ਜਤਿੰਦਰ ਸਿੰਘ ਅਤੇ ਬੀ.ਐਸ.ਐਫ. ਦੇ ਆਲਾ ਅਧਿਕਾਰੀਆਂ ਸਮੇਤ ਕਈ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਵਿਚ ਨਵਾਜ਼ ਸ਼ਰੀਫ ਵੀ ਰਹੇ ਹਾਜ਼ਰ ਇਸਲਾਮਾਬਾਦ/ਬਿਊਰੋ ਨਿਊਜ਼ ਸ਼ਾਹਬਾਜ਼ ਸ਼ਰੀਫ਼ ਨੇ 2022 …