Breaking News
Home / ਸੰਪਾਦਕੀ / ਸਮਾਜਿਕ ਪੱਖ ਤੋਂ ਨਿਘਰ ਰਹੇ ਨੇ ਪੰਜਾਬ ਦੇ ਲੋਕ

ਸਮਾਜਿਕ ਪੱਖ ਤੋਂ ਨਿਘਰ ਰਹੇ ਨੇ ਪੰਜਾਬ ਦੇ ਲੋਕ

ਕੁਦਰਤ ਦੀ ਰਚਨਾ 84 ਲੱਖ ਜੂਨਾਂ ਵਿਚੋਂ ਮਨੁੱਖ ਜਾਤੀ ਨੂੰ ਸਭ ਤੋਂ ਉਤਮ ਰਚਨਾ ਮੰਨਿਆ ਜਾਂਦਾ ਹੈ। ਮਨੁੱਖ ਨੂੰ ਕੁਦਰਤ ਵਲੋਂ ਬਖ਼ਸ਼ੀ ਬੁੱਧੀ ਅਤੇ ਚੇਤਨਾ ਹੀ ਪਸ਼ੂਆਂ ਨਾਲੋਂ ਵੱਖ ਕਰਦੀ ਹੈ। ਇਸੇ ਕਾਰਨ ਹੀ ਮਨੁੱਖ ਸਮਾਜਿਕ ਪ੍ਰਾਣੀ ਕਹਾਉਂਦਾ ਹੈ। ਚੇਤਨਾ ਅਤੇ ਬੁੱਧੀ ਹੀ ਹੈ ਜੋ ਮਨੁੱਖ ਨੂੰ ਮੰਦੇ-ਚੰਗੇ ਵਿਚਲਾ ਫ਼ਰਕ ਦੱਸਦੀ ਹੈ ਅਤੇ ਤਹਿਜ਼ੀਬ ਵਿਚ ਰਹਿਣਾ ਸਿਖਾਉਂਦੀ ਹੈ। ਇਸ ਕਰਕੇ ਸੱਭਿਅਕ ਅਤੇ ਅਨੁਸ਼ਾਸਨੀ ਮਨੁੱਖੀ ਜੀਵਨ ਜਾਚ ਨੂੰ ‘ਮਨੁੱਖਤਾ’ ਆਖਿਆ ਜਾਂਦਾ ਹੈ। ਧਰਮ ਵੀ ਮਨੁੱਖ ਨੂੰ ਸੁਚੱਜੀ ਜੀਵਨ ਜਾਚ ਦਾ ਹੀ ਰਾਹ ਦਿਖਾਉਂਦਾ ਹੈ। ਹਰੇਕ ਧਰਮ ਦਾ ਕੇਂਦਰੀ ਏਜੰਡਾ ਮਨੁੱਖ ਨੂੰ ਸੱਭਿਅਕ ਕਦਰਾਂ-ਕੀਮਤਾਂ ਅਤੇ ਜੀਵਨ ਦੀਆਂ ਚੰਗੀਆਂ ਆਦਤਾਂ ਗ੍ਰਹਿਣ ਕਰਵਾਉਣਾ ਹੀ ਹੈ।
ਧਾਰਮਿਕ ਕਿਰਿਆਵਾਂ ਪੂਜਾ-ਅਰਚਨਾ, ਭਜਨ-ਬੰਦਗੀ, ਪੁੰਨ-ਦਾਨ ਅਤੇ ਸੇਵਾ ਆਦਿ ਮਨੁੱਖ ਦੇ ਅੰਦਰ ਦਇਆ, ਸੰਤੋਖ, ਸਹਿਣਸ਼ੀਲਤਾ, ਨਿਮਰਤਾ ਅਤੇ ਸਦਭਾਵਨਾ ਅਤੇ ਅਨੁਸ਼ਾਸਨ ਵਰਗੇ ਗੁਣਾਂ ਦੇ ਠਹਿਰਾਅ ਦੇ ਅਭਿਆਸ ਕਰਮ ਹਨ। ਗੁਰਦੁਆਰੇ, ਮੰਦਰ ਅਤੇ ਮਸਜਿਦਾਂ ‘ਚ ਝਾੜੂ ਲਗਾਉਣਾ, ਜੂਠੇ ਬਰਤਨ ਮਾਂਜਣੇ, ਜੋੜੇ ਸਾਫ਼ ਕਰਨੇ ਆਦਿ ਸੇਵਾ ਕਰਮ ਮਨੁੱਖ ਨੂੰ ਨਿਮਰਤਾ, ਦੂਜਿਆਂ ਪ੍ਰਤੀ ਸਹਿਣਸ਼ੀਲ, ਸਹਿਯੋਗੀ ਅਤੇ ਵਧੇਰੇ ਸੱਭਿਅਕ ਜੀਵਨ ਜਾਚ ਦਾ ਧਾਰਨੀ ਬਣਾਉਂਦੇ ਹਨ। ਪਰ ਇਨ੍ਹਾਂ ਸੇਵਾ ਮਨੋਰਥਾਂ ਦੀ ਅਸਲ ਭਾਵਨਾ ਤੇ ਉਦੇਸ਼ ਅੱਜ ਮਨੁੱਖੀ ਤ੍ਰਿਸ਼ਨਾਵਾਂ ਅਤੇ ਮਨੋਕਾਮਨਾਵਾਂ ਦੀ ਅੱਗ ਕਾਰਨ ਸਵਾਰਥੀ ਕਰਮ-ਕਾਂਡਾਂ ਵਿਚ ਗੁਆਚ ਕੇ ਰਹਿ ਗਈ ਹੈ। ਅਜੋਕਾ ਮਨੁੱਖ ਸੇਵਾ ਕਰਮ ਜਾਂ ਪਰਉਪਕਾਰ ਸਿਰਫ਼ ਮਨੋਕਾਮਨਾਵਾਂ ਦੀ ਪੂਰਤੀ ਲਈ ਰੱਬ ਨੂੰ ‘ਰਿਝਾਉਣ’ ਦੇ ਤਰੀਕੇ ਵਜੋਂ ਹੀ ਕਰਦਾ ਹੈ।
ਗੁਰਦੁਆਰਿਆਂ ਅੰਦਰ ਤਾਂ ਰੋਜ਼ਾਨਾ ਨਿਯਮਤ ਰੂਪ ਵਿਚ ਝਾੜੂ, ਪੋਚਾ ਲਗਾਉਣ ਦੀ ਸੇਵਾ ਕਰਨ ਵਾਲੇ ਲੋਕ ਵੱਡੀ ਗਿਣਤੀ ਵਿਚ ਦੇਖਣ ਨੂੰ ਮਿਲਦੇ ਹਨ ਪਰ ਜੇਕਰ ਗੁਰਦੁਆਰੇ ਦੀ ਹਦੂਦ ਦੇ ਬਾਹਰ ਸੜਕ ‘ਤੇ ਕਿਤੇ ਗੰਦ ਪਿਆ ਹੋਵੇ ਤਾਂ ਕੋਈ ਵਿਰਲਾ ਹੀ ਉਥੇ ‘ਸੇਵਾ’ ਦਾ ਫ਼ਰਜ਼ ਨਿਭਾਉਂਦਾ ਦਿਖਾਈ ਦਿੰਦਾ ਹੈ। ਧਰਮ ਅਸਥਾਨ ਦੇ ਅੰਦਰ ਇਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਕਰਨ ਵਾਲੇ ਬਹੁਤੇ ਤਾਂ ਸੜਕ ‘ਤੇ ਪਈ ਗੰਦਗੀ ਦੇ ਅੱਗੋਂ ਅਕਸਰ ਨੱਕ ਬੁੱਲ ਵੱਟ ਕੇ ਕੋਲੋਂ ਦੀ ਲੰਘ ਜਾਂਦੇ ਹਨ।
ਸਾਡੇ ਲੋਕ ਅਕਸਰ ਧਾਰਮਿਕ ਅਸਥਾਨਾਂ ‘ਤੇ ਸੇਵਾ ਕਰਨ ਲਈ ਜਾਂਦੇ ਹਨ। ਦਰਅਸਲ ਸੇਵਾ ਦਾ ਅਸਲ ਮਨੋਰਥ ਤਾਂ ਸਾਨੂੰ ਦੂਜਿਆਂ ਪ੍ਰਤੀ ਵਧੇਰੇ ਮਦਦਗਾਰ ਅਤੇ ਉਦਾਰ ਹੋਣ ਦੀਆਂ ਭਾਵਨਾਵਾਂ ਸਿਖਾਉਣਾ ਹੁੰਦਾ ਹੈ। ਪਰ ਅਸੀਂ ਸ਼ਾਇਦ ਇਨ੍ਹਾਂ ਅਸਲ ਮਨੋਰਥਾਂ ਨੂੰ ਸਮਝ ਨਹੀਂ ਰਹੇ। ਧਾਰਮਿਕ ਅਸਥਾਨਾਂ ਦੇ ਲੰਗਰਾਂ ਵਿਚ ਕਿਸੇ ਚੀਜ਼ ਦੀ ਤੋਟ ਨਹੀਂ ਆਉਂਦੀ। ਦੁੱਧ ਦੇ ਭਰੇ ਡਰੰਮ ਸ਼ਰਧਾਲੂਆਂ ਵਲੋਂ ਭੇਜੇ ਜਾਂਦੇ ਹਨ। ਕਣਕ, ਚੌਲ ਅਤੇ ਹੋਰ ਅਨਾਜ ਮਣਾਂਮੂੰਹੀ ਆਉਂਦਾ ਦੇਖ ਕੇ ਲੋਕਾਂ ਦੀ ਸ਼ਰਧਾ ਅਤੇ ਸੇਵਾ ਭਾਵਨਾ ਤੋਂ ਮਨ ਕੁਰਬਾਨ ਹੋਣ ਨੂੰ ਕਰਦਾ ਹੈ। ਪਰ ਉਸ ਵੇਲੇ ਬੜਾ ਦੁੱਖ ਹੁੰਦਾ ਹੈ ਜਦੋਂ ਸਾਡੇ ਆਸੇ ਪਾਸੇ ਰਹਿਣ ਵਾਲੇ ਕਿਸੇ ਗਰੀਬ ਦਾ ਪਰਿਵਾਰ ਕਮਾਊ ਜੀਅ ਦੀ ਦਿਹਾੜੀ ਨਾ ਲੱਗਣ ਕਾਰਨ ਭੁੱਖੇ ਢਿੱਡ ਹੀ ਸੌਂ ਜਾਂਦਾ ਹੈ। ਅਸੀਂ ਆਪਣੇ ਘਰਾਂ ‘ਚ ਵੰਨ-ਸੁਵੰਨੇ ਪਕਵਾਨਾਂ ਦਾ ਸਵਾਦ ਮਾਣਦਿਆਂ ਕਿਥੇ ਸੋਚਦੇ ਹਾਂ ਕਿ ਸਾਡੇ ਆਸ ਪਾਸ ਕੋਈ ਜੀਅ ਭੁੱਖਾ ਤਾਂ ਨਹੀਂ ਸੌਂ ਰਿਹਾ। ਕੀ ਪੁੰਨ, ਦਾਨ ਸਿਰਫ਼ ਧਾਰਮਿਕ ਅਸਥਾਨਾਂ ਦੀ ਹਦੂਦ ਅੰਦਰ ਹੀ ਪਰਵਾਨ ਹੁੰਦਾ ਹੈ? ਮੈਨੂੰ ਇਸ ਗੱਲ ਦਾ ਕਿਸੇ ਨੇ ਜੁਆਬ ਨਹੀਂ ਦਿੱਤਾ।
ਅਸੀਂ ਮੰਨਦੇ ਹਾਂ ਕਿ ਸਾਡੇ ਪੂਰਬੀ ਦੇਸ਼ ਵਧੇਰੇ ਆਸਤਿਕ ਅਤੇ ਧਰਮੀ ਹਨ। ਪੱਛਮੀ ਮੁਲਕਾਂ ਦੇ ਲੋਕ ਨਾਸਤਿਕ ਸੋਚ ਵਾਲੇ ਮੰਨੇ ਜਾਂਦੇ ਹਨ। ਧਰਮੀ ਹੋਣ ਦੇ ਨਾਤੇ ਸਾਡੀ ਜੀਵਨ ਜਾਚ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਚੰਗੀ ਹੋਣੀ ਚਾਹੀਦੀ ਹੈ। ਪਰ ਹੈ ਬਿਲਕੁਲ ਇਸ ਦੇ ਉਲਟ। ਪੱਛਮੀ ਮੁਲਕਾਂ ਦੇ ਲੋਕ ਆਪਣੀਆਂ ਜ਼ਿੰਮੇਵਾਰੀਆਂ, ਫ਼ਰਜ਼ਾਂ ਅਤੇ ਦੂਜਿਆਂ ਦੀਆਂ ਤਕੀਲੀਫ਼ਾਂ ਦਾ ਜ਼ਿਆਦਾ ਧਿਆਨ ਰੱਖਦੇ ਹਨ। ਕਾਨੂੰਨ ਬਣਦੇ ਹਨ ਲੋਕਾਂ ਨੂੰ ਅਨੁਸ਼ਾਸਨ ਵਿਚ ਰੱਖਣ ਅਤੇ ਸਮਾਜ ਨੂੰ ਜ਼ਿਆਦਾ ਸੱਭਿਅਕ ਬਣਾਉਣ ਲਈ। ਅਸੀਂ ਰੋਜ਼ਾਨਾ ਕਾਨੂੰਨ ਤੋੜਦੇ ਹਾਂ। ਪੱਛਮੀ ਮੁਲਕਾਂ ਦੇ ਲੋਕ ਕਾਨੂੰਨਾਂ ਨੂੰ ਰੱਬ ਵਾਂਗ ਮੰਨਦੇ ਹਨ। ਮਾਨਵਤਾ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ। ਸੜਕ ‘ਤੇ ਇਕ ਤਿਲ ਵੀ ਡਿੱਗ ਜਾਵੇ ਤਾਂ ਤੁਰੰਤ ਚੁੱਕ ਕੇ ਨੇੜੇ ਪਏ ਕੂੜਾਦਾਨ ‘ਚ ਸੁੱਟਦੇ ਹਨ। ਪਰ ਦੂਜੇ ਪਾਸੇ ਸਾਡੇ ਪੂਰਬੀ ਮੁਲਕਾਂ ਵਿਚ ਕਾਨੂੰਨ ਬਣਦੇ ਹੀ ਤੋੜਨ ਲਈ ਹਨ। ਧਾਰਮਿਕ ਅਸਥਾਨਾਂ ‘ਤੇ ਸਫ਼ਾਈ ਅਤੇ ਸੇਵਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੁੰਦੀ ਪਰ ਸੜਕਾਂ ਕਿਨਾਰੇ ਥਾਂ ਥਾਂ ‘ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਦੂਜਿਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਿਖਾਉਣਾ ਸਾਨੂੰ ਬਿਹਤਰੀਨ ਆਉਂਦਾ ਹੈ ਪਰ ਕਦੇ ਵੀ ਆਪਣੇ ਫਰਜ਼ਾਂ ਵੱਲ ਝਾਤੀ ਨਹੀਂ ਮਾਰਦੇ। ਸੜਕਾਂ ਕਿਨਾਰੇ ਕੂੜੇ ਦੇ ਢੇਰ ਲੱਗੇ ਦੇਖ ਕੇ ਸਰਕਾਰ ਦੀ ਵਿਵਸਥਾ ਨੂੰ ਕੋਸਣਾ ਨਹੀਂ ਭੁੱਲਦੇ, ਪਰ ਕੀ ਕਦੇ ਆਪ ਇਹ ਸੋਚਦੇ ਕਿ ਅਸੀਂ ਸਫ਼ਾਈ ਨੂੰ ਬਰਕਰਾਰ ਰੱਖਣ ‘ਚ ਕਿੰਨਾ ਕੁ ਯੋਗਦਾਨ ਪਾਉਂਦੇ ਹਾਂ।
ਧਾਰਮਿਕ ਅਸਥਾਨਾਂ ‘ਤੇ ਜਾ ਕੇ ਸੇਵਾ ਕਰਨੀ ਮੁਬਾਰਕ ਹੈ। ਪਰ ਸਾਡੀ ਧਾਰਮਿਕ ਅਸਥਾਨਾਂ ‘ਤੇ ਜਾ ਕੇ ਸੇਵਾ ਕੀਤੀ ਕਿਸ ਲੇਖੇ, ਜੇਕਰ ਸਾਡੇ ਘਰ ‘ਚ ਕੋਈ ਬਜ਼ੁਰਗ ਹੀ ਸਾਨੂੰ ਭਾਰ ਵਾਂਗ ਜਾਪਦਾ ਹੈ। ਪੰਜਾਬ ‘ਚ ਹਜ਼ਾਰਾਂ ਬਜ਼ੁਰਗ ਆਪਣੇ ਬੁਢਾਪੇ ਨੂੰ ਬਿਰਧ ਆਸ਼ਰਮਾਂ ਵਿਚ ਕੱਟ ਰਹੇ ਹਨ। ਕਿੰਨੇ ਕੁ ਲੋਕ ਹਨ, ਜੋ ਆਪਣੇ ਘਰ ਬਜ਼ੁਰਗਾਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਦੇ ਹਨ ਅਤੇ ਧਾਰਮਿਕ ਅਸਥਾਨਾਂ ‘ਤੇ ਸੇਵਾ ਕਰਨ ਜਾਣ ਵਾਲਿਆਂ ਵਿਚੋਂ ਕਿੰਨੇ ਕੁ ਲੋਕਾਂ ਨੂੰ ਬਿਰਧ ਆਸ਼ਰਮਾਂ ਵਿਚ ਬੁਢਾਪਾ ਹੰਢਾਅ ਰਹੇ ਬਜ਼ੁਰਗਾਂ ਦੀ ਸੇਵਾ ਕਰਨ ਦਾ ਖਿਆਲ ਆਉਂਦਾ ਹੈ।
ਪੰਜਾਬ ‘ਚ ਰੋਜ਼ਾਨਾ ਸੜਕ ਹਾਦਸਿਆਂ ‘ਚ ਪਤਾ ਨਹੀਂ ਕਿੰਨੇ ਕੁ ਲੋਕ ਸੜਕਾਂ ਕੰਢੇ ਪਏ ਸਿਰਫ਼ ਇਸ ਕਰਕੇ ਹੀ ਜਾਨ ਗੁਆ ਬੈਠਦੇ ਹਨ ਕਿ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਹੀ ਨਹੀਂ ਪਹੁੰਚਾਇਆ ਜਾਂਦਾ। ਮਨੁੱਖਾ ਜਨਮ ਨੂੰ ਕਾਦਰ ਦੀ ਸਰਵੋਤਮ ਰਚਨਾ ਕਿਹਾ ਜਾਂਦਾ ਹੈ ਪਰ ਸਾਡੇ ਨਾਲੋਂ ਸ਼ਾਇਦ ਜਾਨਵਰ ਅਤੇ ਜੀਵ ਜੰਤੂ ਹੀ ਜ਼ਿਆਦਾ ਚੰਗੇ ਹਨ। ਅਸੀਂ ਬੜੀ ਵਾਰ ਦੇਖਿਆ ਹੈ ਕਿ ਕੋਈ ਕੀੜਾ ਮਕੌੜਾ ਮਰ ਜਾਵੇ ਤਾਂ ਉਸ ਦੇ ਸਾਥੀ ਕੀੜੇ ਉਸ ਨੂੰ ਚੁੱਕ ਕੇ ਸਹੀ ਥਾਂ ਲੈ ਜਾਂਦੇ ਹਨ। ਪੰਜਾਬ ‘ਚ ਅਕਸਰ ਸੜਕ ‘ਤੇ ਜ਼ਖ਼ਮੀ ਹੋਇਆ ਵਿਲਕ ਰਿਹਾ ਕੋਈ ਵਿਅਕਤੀ ਦੇਖਦੇ ਹਨ ਤਾਂ ਸਾਡੇ ਲੋਕ ਮੂੰਹ ਪਰ੍ਹੇ ਨੂੰ ਕਰਕੇ ਕੋਲੋਂ ਦੀ ਲੰਘ ਜਾਂਦੇ ਹਨ। ਕਈ ਸੜਕ ਹਾਦਸਿਆਂ ‘ਚ ਦੇਖਿਆ ਗਿਆ ਕਿ ਸੜਕ ‘ਤੇ ਜ਼ਖ਼ਮੀ ਹੋਇਆ ਵਿਅਕਤੀ ਤੜਫ਼ਦਾ ਰਹਿੰਦਾ ਹੈ ਪਰ ਉਸ ਨੂੰ ਕੋਈ ਚੁੱਕ ਕੇ ਹਸਪਤਾਲ ਲਿਜਾਉਣ ਤੱਕ ਦਾ ਤਹੱਈਆ ਨਹੀਂ ਕਰਦਾ। ਕਈ ਵਾਰ ਕਈ ਬਦਨਸੀਬ ਸੜਕ ਤੋਂ ਲੰਘ ਰਹੇ ਵਾਹਨਾਂ ਹੇਠਾਂ ਹੀ ਇੰਜ ਦਰੜੇ ਜਾਂਦੇ ਹਨ ਕਿ ਉਨ੍ਹਾਂ ਨੂੰ ਕਹੀਆਂ, ਸੱਬਲਾਂ ਦੇ ਨਾਲ ਸੜਕ ਤੋਂ ਚੁੱਕਣਾ ਪੈਂਦਾ ਹੈ। ਕੀ ਸਾਡੇ ਅੰਦਰ ਦੀ ਮਨੁੱਖਤਾ ਮਰ ਤਾਂ ਨਹੀਂ ਗਈ? ਤਹਿਜ਼ੀਬ ਮਨੁੱਖੀ ਜੀਵਨ-ਜਾਚ ਨੂੰ ਬਿਹਤਰੀਨ ਬਣਾਉਂਦੀ ਹੈ ਪਰ ਸਾਡਾ ਪੰਜਾਬ ਦਾ ਸਮਾਜ ਤਹਿਜ਼ੀਬ ਭੁੱਲਦਾ ਜਾ ਰਿਹਾ ਹੈ। ਹਰ ਸਮੱਸਿਆ, ਹਰ ਕੁਰੀਤੀ ਦਾ ਦੋਸ਼ ਸਿਆਸੀ ਵਰਗ ਨੂੰ ਦੇ ਕੇ ਖਹਿੜਾ ਛੁਡਾਉਣਾ ਗ਼ਲਤ ਹੈ, ਕਿਉਂਕਿ ਪੰਜਾਬੀ ਸਮਾਜ ਇਕ ਨਾਗਰਿਕ ਤੇ ਅਕਾਦਮਿਕ ਸਮਾਜ ਹੈ ਅਤੇ ਇਸ ਸਮਾਜ ਅੰਦਰ ਕੁਰੀਤੀਆਂ ਨੂੰ ਦੂਰ ਕਰਨ ਅਤੇ ਲੋਕਾਂ ਦਾ ਜੀਵਨ-ਜਾਚ ਸੁਚੱਜਾ ਬਣਾਉਣ ਵਿਚ ਸਾਰੇ ਵਰਗਾਂ ਦਾ ਯੋਗਦਾਨ ਲੋੜੀਂਦਾ ਹੈ।

Check Also

ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਭਾਰਤ

ਭਾਰਤ ਇਸ ਸਮੇਂ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਕੁਝ ਸਮੱਸਿਆਵਾਂ ਏਨੀਆਂ …