ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਨੇੜੇ ਸਥਿਤ ਗੋਬਿੰਦ ਸਾਗਰ ਝੀਲ ਵਿਚ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਕਸਬੇ ਬਨੂੜ ਦੇ 7 ਨੌਜਵਾਨਾਂ ਦੇ ਡੁੱਬ ਕੇ ਮਰ ਜਾਣ ਦੀ ਘਟਨਾ ਨਾਲ ਇਕ ਪਾਸੇ ਜਿਥੇ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਗਹਿਰਾ ਸਦਮਾ ਲੱਗਾ ਹੈ, ਉਥੇ ਇਸ ਘਟਨਾ ਨੇ ਕੁਦਰਤੀ ਆਫ਼ਤਾਂ ਅਤੇ ਮਨੁੱਖੀ ਲਾਪਰਵਾਹੀ ਨਾਲ ਵਾਪਰਦੀਆਂ ਇਹੋ ਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਨੂੰ ਵੀ ਹੋਰ ਵਧਾਇਆ ਹੈ। ਉੱਤਰੀ ਭਾਰਤ ਵਿਚ ਜ਼ਿਆਦਾਤਰ ਧਾਰਮਿਕ ਅਸਥਾਨ ਹਿਮਾਚਲ ਦੀ ਧਰਤੀ ‘ਤੇ ਸਥਿਤ ਹੋਣ ਅਤੇ ਇਸ ਦੇ ਪਹਾੜੀ ਰਾਜ ਹੋਣ ਕਾਰਨ ਸੈਰ ਸਪਾਟੇ ਲਈ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਸੈਲਾਨੀ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਇਸ ਪਾਸੇ ਆਉਂਦੇ ਰਹਿੰਦੇ ਹਨ। ਇਸੇ ਕਾਰਨ ਵਾਹਨ ਹਾਦਸੇ ਤੇ ਹੋਰ ਦੁਰਘਟਨਾਵਾਂ ਵੀ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਹਿਮਾਚਲ ਤੋਂ ਉਤਰਨ ਵਾਲੇ ਨਦੀਆਂ, ਨਾਲੇ ਅਤੇ ਖ਼ਾਸ ਤੌਰ ‘ਤੇ ਬਰਸਾਤ ਵਿਚ ਆਉਂਦੇ ਹੜ੍ਹਾਂ ਕਾਰਨ ਵੀ ਲੋਕਾਂ ਦੇ ਡੁੱਬਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਤਿਉਹਾਰਾਂ ਆਦਿ ਮੌਕੇ ਧਾਰਮਿਕ ਅਸਥਾਨਾਂ ਵਿਚ ਜੁੜਦੀ ਵੱਡੀ ਭੀੜ ਕਾਰਨ ਭਾਜੜ ਮਚਣ ਨਾਲ ਲੋਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਧਾਰਮਿਕ ਅਸਥਾਨਾਂ ‘ਤੇ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ। ਕੁਝ ਸਾਲ ਪਹਿਲਾਂ ਨੈਣਾਂ ਦੇਵੀ ਮੰਦਰ ਵਿਚ ਭਾਜੜ ਮਚ ਜਾਣ ਨਾਲ ਦਰਜਨਾਂ ਲੋਕ ਮਾਰੇ ਗਏ। ਉਕਤ ਗੋਬਿੰਦ ਸਾਗਰ ਝੀਲ ਦੀ ਘਟਨਾ ਇਸ ਲਈ ਵੀ ਜ਼ਿਆਦਾ ਦੁਖਦਾਈ ਹੈ ਕਿਉਂਕਿ ਮਾਰੇ ਗਏ 7 ਨੌਜਵਾਨਾਂ ਵਿਚੋਂ 2 ਸਕੇ ਭਰਾਵਾਂ ਸਮੇਤ 4 ਮੈਂਬਰ ਇਕ ਹੀ ਪਰਿਵਾਰ ਦੇ ਸਨ ਅਤੇ ਸਾਰੇ ਹੀ ਨੌਜਵਾਨ ਛੋਟੀ ਉਮਰ ਦੇ ਸਨ।
ਅਕਸਰ ਹੁੰਦਾ ਇਹ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਸਮਾਜ, ਸਰਕਾਰ ਅਤੇ ਹੋਰ ਕਈ ਵਰਗਾਂ ਵਿਚ ਕੁਰਲਾਹਟ ਮਚਦੀ ਹੈ। ਘਟਨਾ ਨੂੰ ਲੈ ਕੇ ਬਿਆਨਬਾਜ਼ੀ ਅਤੇ ਐਲਾਨ ਵੀ ਬਹੁਤ ਹੁੰਦੇ ਹਨ ਪਰ ਸਮੇਂ ਦੇ ਬੀਤਣ ਤੋਂ ਬਾਅਦ ਇਹ ਸਾਰੇ ਬਿਆਨ ਹਵਾ ਵਿਚ ਉੱਡ ਜਾਂਦੇ ਹਨ ਅਤੇ ਸਾਰੇ ਇਸ ਤਰ੍ਹਾਂ ਦੀ ਵਾਪਰੀ ਘਟਨਾ ਨੂੰ ਭੁੱਲ ਜਾਂਦੇ ਹਨ। ਦੇਸ਼ ਅਤੇ ਦੁਨੀਆ ਵਿਚ ਅੱਜ ਗਿਆਨ-ਵਿਗਿਆਨ ਅਤੇ ਤਕਨੀਕੀ ਖੇਤਰ ਏਨੇ ਵਿਕਸਿਤ ਅਤੇ ਵਿਸਥਾਰਤ ਹੋ ਚੁੱਕੇ ਹਨ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ। ਜੇਕਰ ਵਾਪਰ ਵੀ ਜਾਣ ਤਾਂ ਏਨੇ ਵੱਡੇ ਨੁਕਸਾਨ ਦੀ ਸੰਭਾਵਨਾ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਰੋਕ ਲੈਣ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਮੰਦਰਾਂ ਅਤੇ ਤੀਰਥ ਸਥਾਨਾਂ ‘ਤੇ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਸਰਕਾਰੀ ਪ੍ਰਸ਼ਾਸਨਾਂ ਵਲੋਂ ਅਜਿਹੇ ਕੇਂਦਰਾਂ ‘ਤੇ ਸੁਰੱਖਿਆ ਪ੍ਰਬੰਧਾਂ ਅਤੇ ਅਗਾਊਂ ਚਿਤਾਵਨੀਆਂ ਸੰਬੰਧੀ ਸੂਚਨਾਵਾਂ ਮਹੱਤਵਪੂਰਨ ਥਾਵਾਂ ‘ਤੇ ਲਗਾਏ ਜਾਣ ਦੀ ਵਿਵਸਥਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਤਿਉਹਾਰਾਂ ਮੌਕੇ ਅਤੇ ਆਸਥਾ ਦੇ ਅਧੀਨ ਸ਼ਰਧਾਲੂ ਖ਼ਤਰੇ ਦੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਅਣਗਹਿਲੀ ਨਾਲ ਅਕਸਰ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਧਾਰਮਿਕ ਸਥਾਨਾਂ ਵਿਚ ਵੱਡੇ ਪੱਧਰ ‘ਤੇ ਧਨ ਰਾਸ਼ੀ ਦੇ ਰੂਪ ਵਿਚ ਚੜ੍ਹਾਵਾ ਚੜ੍ਹਦਾ ਹੈ। ਸਰਕਾਰਾਂ ਨੂੰ ਵੀ ਇਥੋਂ ਸ਼ਰਧਾਲੂਆਂ ਅਤੇ ਸੈਲਾਨੀਆਂ ਤੋਂ ਵੱਡਾ ਮਾਲੀਆ ਪ੍ਰਾਪਤ ਹੁੰਦਾ ਹੈ ਪਰ ਇਥੇ ਨਾ ਤਾਂ ਜ਼ਰੂਰਤ ਅਨੁਸਾਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਸਮੁੱਚੀ ਸੁਰੱਖਿਆ ਦੇ ਉਪਾਅ ਕੀਤੇ ਜਾਂਦੇ ਹਨ। ਅਸੀਂ ਸਮਝਦੇ ਹਾਂ ਕਿ ਅਜਿਹੇ ਸਾਰੇ ਧਾਰਮਿਕ ਸਥਾਨਾਂ ‘ਤੇ ਸਥਾਨਕ ਸੁਰੱਖਿਆ ਲਈ ਲੋੜੀਂਦੇ ਸੁਰੱਖਿਆ ਕਰਮੀ ਤਾਇਨਾਤ ਹੋਣੇ ਚਾਹੀਦੇ ਹਨ। ਧਾਰਮਿਕ ਸਥਾਨਾਂ ਵਿਚ ਸਮੁੱਚੇ ਬਚਾਅ ਪ੍ਰਬੰਧ ਵਿਕਸਿਤ ਕੀਤੇ ਜਾਣੇ ਚਾਹੀਦੇ ਹਨ, ਜੋ ਸਥਾਈ ਤੌਰ ‘ਤੇ ਉਥੇ ਬਰਕਰਾਰ ਰਹਿਣ। ਮੌਜੂਦਾ ਘਟਨਾ ਸੋਮਵਾਰ ਦੁਪਹਿਰ 3.30 ਵਜੇ ਵਾਪਰੀ ਪਰ ਸਵਾ ਘੰਟੇ ਬਾਅਦ ਹੀ ਬਚਾਅ ਦਲ ਨੇ ਉਥੇ ਪਹੁੰਚ ਕੇ ਕੋਸ਼ਿਸ਼ਾਂ ਆਰੰਭ ਕੀਤੀਆਂ, ਜਦੋਂ ਕਿ ਗੋਬਿੰਦ ਸਾਗਰ ਦੇ ਗੋਤਾਖੋਰ ਪੌਣੇ 6 ਵਜੇ ਤੱਕ ਪਹੁੰਚੇ।
ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਅਤੇ ਮੰਦਰਾਂ ਆਦਿ ਦੀ ਮੌਜੂਦਾ ਸਥਿਤੀ ਨੂੰ ਸਮਝ ਕੇ ਸਮੁੱਚੇ ਤੌਰ ‘ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣੇ ਚਾਹੀਦੇ ਹਨ, ਖ਼ਾਸ ਤੌਰ ‘ਤੇ ਮੇਲੇ ਤੇ ਤਿਉਹਾਰਾਂ ਮੌਕੇ ਜਾਂ ਬਾਰਿਸ਼ ਦੇ ਸਮੇਂ ਪ੍ਰਸ਼ਾਸਨ ਵਲੋਂ ਨਿਰੰਤਰ ਪਹਿਰੇਦਾਰੀ ਅਤੇ ਚੌਕਸੀ ਰਹਿਣੀ ਚਾਹੀਦੀ ਹੈ। ਅਸੀਂ ਸਮਝਦੇ ਹਾਂ ਕਿ ਸਰਕਾਰਾਂ, ਪ੍ਰਸ਼ਾਸਨ ਅਤੇ ਆਮ ਲੋਕ ਜੇਕਰ ਏਨੇ ਵੱਡੇ ਦੁਖਾਂਤ ਤੋਂ ਬਾਅਦ ਵੀ ਕੋਈ ਸਿੱਖਿਆ ਨਹੀਂ ਲੈਂਦੇ ਤਾਂ ਦੁਰਘਟਨਾਵਾਂ ਨੂੰ ਵਾਰ-ਵਾਰ ਰੋਕਣਾ ਮੁਸ਼ਕਿਲ ਹੋਵੇਗਾ। ਇਥੇ ਅਸੀਂ ਇਹ ਵੀ ਸੁਝਾਅ ਦੇਣਾ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਸਕੂਲਾਂ ਦੀ ਪੱਧਰ ‘ਤੇ ਪਾਣੀ, ਅੱਗ ਤੇ ਭੁਚਾਲ ਆਦਿ ਤੋਂ ਬਚਣ ਦੇ ਗੁਰ ਜ਼ਰੂਰ ਸਿਖਾਏ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਯਤਨਾਂ ਨਾਲ ਵੀ ਹਾਦਸੇ ਘਟਾਏ ਜਾ ਸਕਦੇ ਹਨ।
Check Also
ਹਰਿਆਣਾ ਤੇ ਜੰਮੂ-ਕਸ਼ਮੀਰ ਚੋਣ ਨਤੀਜਿਆਂ ਦੇ ਅਰਥ
ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਦੇਸ਼ ਭਰ ‘ਚ ਬੇਸਬਰੀ …