Breaking News
Home / ਪੰਜਾਬ / ਪੰਜਾਬ ਪੁਲਿਸ ਨੂੰ ਪੜ੍ਹਾਇਆ ਜਾਵੇਗਾ ਅਨੁਸ਼ਾਸਨ ਦਾ ਪਾਠ

ਪੰਜਾਬ ਪੁਲਿਸ ਨੂੰ ਪੜ੍ਹਾਇਆ ਜਾਵੇਗਾ ਅਨੁਸ਼ਾਸਨ ਦਾ ਪਾਠ

ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਦੀ ਅਨੁਸ਼ਾਸਨਹੀਣਤਾ ਨੂੰ ਕਾਬੂ ਕਰਨਾ ਨਵੀਂ ਸਰਕਾਰ ਤੇ ਪੁਲਿਸ ਅਧਿਕਾਰੀਆਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਵਧੀਕ ਡੀਜੀਪੀ (ਕਾਨੂੰਨ ਵਿਵਸਥਾ) ਰੋਹਿਤ ਚੌਧਰੀ ਵੱਲੋਂ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਮੀਟਿੰਗਾਂ ਵਿਚ ਪੁਲਿਸ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਦਾ ਏਜੰਡਾ ਵੀ ਮੁੱਖ ਹੈ। ਇਸ ਅਧਿਕਾਰੀ ਵੱਲੋਂ ਮੁਹਾਲੀ, ਰੋਪੜ ਤੇ ਪਟਿਆਲਾ ਜ਼ਿਲ੍ਹਿਆਂ ਦੇ ਪੁਲਿਸ ਅਫ਼ਸਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ।
ਇਨ੍ਹਾਂ ਮੀਟਿੰਗਾਂ ਦੌਰਾਨ ਇਹੀ ਤੱਥ ਸਾਹਮਣੇ ਆਏ ਹਨ ਕਿ ਸਿਆਸਤਦਾਨਾਂ, ਤਸਕਰਾਂ ਤੇ ਅਪਰਾਧੀਆਂ ਦਾ ਪੁਲਿਸ ਨਾਲ ਸਿੱਧਾ ਗੱਠਜੋੜ ਹੈ ਅਤੇ ਪੁਲਿਸ ਨੇ ਪਿਛਲੇ ਇੱਕ ਦਹਾਕੇ ਦੌਰਾਨ ਹਾਕਮਾਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਜ਼ਿਆਦਾ ਕੰਮ ਕੀਤਾ ਹੈ। ਚੋਣ ਕਮਿਸ਼ਨ ਵੱਲੋਂ ਥਾਣਿਆਂ ਤੋਂ ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਦਾ ‘ਪੱਕਾ ਕਬਜ਼ਾ’ ਤੋੜਨ ਲਈ ਕੀਤੇ ਅੰਤਰ ਰੇਂਜ ਤਬਾਦਲਿਆਂ ਦਾ ਅਮਲ ਚੋਣਾਂ ਲੰਘਦਿਆਂ ਹੀ ਖ਼ਤਮ ਹੋ ਗਿਆ ਤੇ ਚਿਰਾਂ ਤੋਂ ਥਾਣਿਆਂ ‘ਤੇ ਕਬਜ਼ਾ ਜਮਾਈ ਬੈਠੇ ਪੁਲਿਸ ਅਫ਼ਸਰਾਂ ਨੇ ਮੁੜ ਤੋਂ ਪਹਿਲੀਆਂ ਪੁਜੀਸ਼ਨਾਂ (ਥਾਣਾ ਮੁਖੀ ਵਜੋਂ) ਮੱਲ ਲਈਆਂ ਹਨ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇੱਕੋ ਪਾਰਟੀ ਦੇ ਇੱਕ ਦਹਾਕਾ ਲੰਮੇ ਰਾਜ ਕਾਰਨ ਸਿਪਾਹੀ ਤੋਂ ਲੈ ਕੇ ਐਸ.ਪੀ. ਰੈਂਕ ਤੱਕ ਦੇ ਬਹੁ ਗਿਣਤੀ ਅਫ਼ਸਰ ਤੇ ਨਫ਼ਰੀ ਪੂਰੀ ਤਰ੍ਹਾਂ ਅਨੁਸ਼ਾਸਨਹੀਣ ਹੋ ਚੁੱਕੇ ਹਨ।
ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ ਅਤੇ ਇੱਥੋਂ ਤੱਕ ਕਿ ਹੋਰਨਾਂ ਛੋਟੇ ਸ਼ਹਿਰਾਂ ਵਿੱਚ ਥਾਣਾ ਮੁਖੀਆਂ, ਡੀਐਸਪੀਜ਼ ਅਤੇ ਐਸਪੀਜ਼ ਦੇ ਪੂਰੀ ਤਰ੍ਹਾਂ ‘ਕਬਜ਼ੇ’ ਹਨ। ਜਿਹੜੇ ਅਫ਼ਸਰ ਕਿਸੇ ਜ਼ਿਲ੍ਹੇ ਵਿੱਚ ਐਸ.ਐਚ.ਓ.ਜਾਂ ਚੌਕੀ ਇੰਚਾਰਜ ਸਨ ਅੱਜ ਉਹੀ ਅਫ਼ਸਰ ਐਸ.ਪੀ. ਦੇ ਅਹੁਦੇ ‘ਤੇ ਪੁਰਾਣੇ ਜ਼ਿਲ੍ਹਿਆਂ ਵਿੱਚ ਤਾਇਨਾਤ ਹਨ। ਸੀਨੀਅਰ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਲੀਹ ‘ਤੇ ਲਿਆਉਣ ਲਈ ਥਾਣੇਦਾਰਾਂ ਤੱਕ ਤਬਾਦਲੇ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਪਰ ਤਬਾਦਲੇ ਕਰਨ ਦੀ ਥਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਤਬਾਦਲਿਆਂ ਨੂੰ ਵੀ ਲਾਗੂ ਨਹੀਂ ਰੱਖਿਆ ਜਾ ਸਕਿਆ। ਪੁਲਿਸ ਅਫ਼ਸਰਾਂ ਦੀ ਜਿਉਂ ਦੀ ਤਿਉਂ ਸਥਿਤੀ ਕਾਇਮ ਰੱਖਣ ਵਿਚ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਕਾਂਗਰਸੀ ਨੇਤਾਵਾਂ ਵੱਲੋਂ ਅਕਾਲੀਆਂ ਵਾਂਗ ਹੀ ਪੁਲਿਸ ਦੇ ਸਹਾਰੇ ‘ਸੇਵਾ’ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ ਪੁਲਿਸ ਦਾ ਰੇਤ ਮਾਫੀਆ ਨਾਲ ਵੀ ਡੂੰਘਾ ਗੱਠਜੋੜ ਹੋ ਚੁੱਕਾ ਹੈ। ਸਰਕਾਰ ਵੱਲੋਂ ਨਮੋਸ਼ੀ ਤੋਂ ਬਚਣ ਲਈ ਅੱਤਵਾਦ ਵਿਰੋਧੀ ਦਸਤਾ, ਵਿਸ਼ੇਸ਼ ਟਾਸਕ ਫੋਰਸ ਆਦਿ ਦਾ ਗਠਨ ਕਰਕੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਜਗਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਅਹਿਮ ਤੱਥ ਇਹ ਹੈ ਕਿ ਸੰਗੀਨ ਅਪਰਾਧਾਂ ਦੀ ਗੁੱਥੀ ਸੁਲਝ ਹੀ ਨਹੀਂ ਰਹੀ।
ਕਾਨੂੰਨ ਵਿਵਸਥਾ ਨੂੰ ਲੀਹ ‘ਤੇ ਲਿਆਉਣ ਅਤੇ ਅਨੁਸ਼ਾਸਨ ਪੈਦਾ ਕਰਨ ਲਈ ઠਵਧੀਕ ਡੀਜੀਪੀ ਕਾਨੂੰਨ ਵਿਵਸਥਾ ਵੱਲੋਂ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਅਨੁਸ਼ਾਸਨ ਲਿਆਉਣ ਲਈ ਸਭ ਤੋਂ ਪਹਿਲਾਂ ਹਰ ਹਫ਼ਤੇ ਸੋਮਵਾਰ ਦੇ ਦਿਨ ਪਰੇਡ ਲਾਜ਼ਮੀ ਕਰਾਈ ਜਾਵੇ। ਅਪਰਾਧ ‘ਤੇ ਕਾਬੂ ਪਾਉਣ ਲਈ ਅਪਰਾਧਾਂ ਦੀਆਂ ਕਿਸਮਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ। ਲੋਕਾਂ ਵਿੱਚ ਸੁਰੱਖਿਆ ਭਾਵਨਾ ਪੈਦਾ ਕੀਤਾ ਜਾਵੇ। ਕੰਟਰੋਲ ਰੂਮਜ਼ ਦੀ ਦਸ਼ਾ ਸੁਧਾਰਨ ਅਤੇ ਹਰ ਮਹੀਨੇ ਇਨ੍ਹਾਂ ਨੁਕਤਿਆਂ ‘ਤੇ ਕਾਰਗੁਜ਼ਾਰੀ ਰਿਪੋਰਟ ਭੇਜਣ ਲਈ ਕਿਹਾ ਹੈ।

Check Also

ਚੰਡੀਗੜ੍ਹ ’ਚ ਆਏਗਾ ‘ਇੰਡੀਆ’ ਗੱਠਜੋੜ ਦਾ ਲੋਕਲ ਚੋਣ ਮੈਨੀਫੈਸਟੋ

ਕਾਂਗਰਸ ਤੇ ‘ਆਪ’ ਨੇ ਬਣਾਈ ਕਮੇਟੀ, ਨਾਮਜ਼ਦਗੀ ਤੋਂ ਬਾਅਦ ਮੈਨੀਫੈਸਟੋ ਕੀਤਾ ਜਾਵੇਗਾ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ …