Breaking News
Home / ਭਾਰਤ / ਲੈਫਟੀਨੈਂਟ ਜਨਰਲ ਮਨੋਜ ਪਾਂਡੇ ਹੋਣਗੇ ਅਗਲੇ ਥਲ ਸੈਨਾ ਮੁਖੀ

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਹੋਣਗੇ ਅਗਲੇ ਥਲ ਸੈਨਾ ਮੁਖੀ

ਮਨੋਜ ਮੁਕੁੰਦ ਨਰਵਾਣੇ ਦੀ ਥਾਂ ਲੈਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੈਫਟੀਨੈਂਟ ਜਨਰਲ ਮਨੋਜ ਪਾਂਡੇ ਭਾਰਤੀ ਥਲ ਸੈਨਾ ਦੇ ਅਗਲੇ ਮੁਖੀ ਹੋਣਗੇ। ਉਹ ਜਨਰਲ ਮਨੋਜ ਮੁਕੁੰਦ ਨਰਵਾਣੇ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਅਪਰੈਲ ਨੂੰ ਖ਼ਤਮ ਹੋ ਰਿਹਾ ਹੈ।
ਲੈਫਟੀਨੈਂਟ ਜਨਰਲ ਪਾਂਡੇ ਇਸ ਵੇਲੇ ਥਲ ਸੈਨਾ ਦੇ ਉਪ ਮੁਖੀ ਹਨ। ਉਹ ਇੰਜਨੀਅਰਿੰਗ ਕੋਰ ਤੋਂ ਪਹਿਲੇ ਕਮਾਂਡਰ ਹੋਣਗੇ, ਜੋ 13 ਲੱਖ ਦੀ ਨਫਰੀ ਵਾਲੀ ਭਾਰਤੀ ਥਲ ਸੈਨਾ ਦੀ ਕਮਾਨ ਸੰਭਾਲਣਗੇ। ਇਸ ਤੋਂ ਪਹਿਲਾਂ ਇਨਫੈਂਟਰੀ, ਆਰਟਿਲਰੀ ਤੇ ਹਥਿਆਰਬੰਦ ਰਜਮੈਂਟਾਂ ਦੇ ਅਧਿਕਾਰੀ ਇਸ ਅਹੁਦੇ ‘ਤੇ ਤਾਇਨਾਤ ਹੁੰਦੇ ਰਹੇ ਹਨ। ਪਹਿਲੀ ਫਰਵਰੀ ਨੂੰ ਥਲ ਸੈਨਾ ਦਾ ਉਪ ਮੁਖੀ ਬਣਨ ਤੋਂ ਪਹਿਲਾਂ ਉਨ੍ਹਾਂ ਕੋਲ ਪੂਰਬੀ ਆਰਮੀ ਕਮਾਂਡ ਦੀ ਕਮਾਨ ਸੀ, ਜੋ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸੈਕਟਰਾਂ ਵਿੱਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਸੁਰੱਖਿਆ ਡਿਊਟੀ ‘ਚ ਤਾਇਨਾਤ ਸੀ। ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਲੈਫਟੀਨੈਂਟ ਜਨਰਲ ਪਾਂਡੇ ਦੀ ਅਗਲੇ ਥਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਹੈ। ਲੈਫਟੀਨੈਂਟ ਪਾਂਡੇ ਨੇ ਅੰਡੇਮਾਨ ਤੇ ਨਿਕੋਬਾਰ ਕਮਾਂਡ, ਜੋ ਭਾਰਤ ਦੀ ਇਕੋ-ਇਕ ਤਿੰਨ-ਸੇਵਾਵਾਂ ਵਾਲੀ ਕਮਾਂਡ ਹੈ, ਦੇ ਕਮਾਂਡਰ ਇਨ ਚੀਫ਼ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਇਸ ਦੌਰਾਨ ਥਲ ਸੈਨਾ ਨੇ ਟਵੀਟ ਕੀਤਾ ਕਿ ”ਜਨਰਲ ਐੱਮ.ਐੱਮ.ਨਰਵਾਣੇ ਨੇ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਥਲ ਸੈਨਾ ਦਾ 29ਵਾਂ ਮੁਖੀ ਨਿਯੁਕਤ ਕੀਤੇ ਜਾਣ ‘ਤੇ ਵਧਾਈ ਦਿੱਤੀ। ਲੈਫਟੀਨੈਂਟ ਜਨਰਲ ਪਾਂਡੇ ਪਹਿਲੀ ਮਈ 2022 ਤੋਂ ਅਹੁਦੇ ਦਾ ਚਾਰਜ ਲੈਣਗੇ।” ਨੈਸ਼ਨਲ ਡਿਫੈਂਸ ਅਕੈਡਮੀ ਦੇ ਐਲੂਮਨੀ ਲੈਫਟੀਨੈਂਟ ਜਨਰਲ ਪਾਂਡੇ ਨੂੰ ਦਸੰਬਰ 1982 ਵਿੱਚ ਇੰਜਨੀਅਰਾਂ ਦੀ ਕੋਰ (ਦਿ ਬੰਬੇ ਸੈਪਰਸ) ‘ਚ ਕਮਿਸ਼ਨ ਮਿਲਿਆ ਸੀ।

 

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …