ਖੜਕਣ ਟਿੰਡਾਂ, ਹੋ ਗਈ ਖੂਹ ਦੀ ਮੌਣ ਪੁਰਾਣੀ
ਕਿੱਥੇ ਰਿਹਾ ਸੁਖਾਲਾ, ਹੁਣ ਕੱਢਣਾ ਡੂੰਘਾ ਪਾਣੀ
ਹਿੱਲੇ ਗੁੱਝ ਤੱਕਲ਼ਾ ਵਿੰਗਾ, ਮਾਲ੍ਹ ਕਈ ਵਾਰ ਟੁੱਟੀ
ਰੰਗਲਾ ਸੀ ਚਰਖਾ ਕੱਤੀ ਪੂਣੀ ਨਾ ਤੰਦ ਤਾਣੀ
ਛਿੱਕੂ ਪਿਆ ਏ ਖਾਲੀ, ਗਲੋਟਾ ਨਾ ਕੋਈ ਭਰਿਆ
ਹੋ ਕੇ ਦੁਖੀ ਅਟੇਰਨ ਦੱਸੇ ਸਾਰੀ ਦਰਦ ਕਹਾਣੀ
ਕਦੇ ਹੁੰਦਾ ਸੀ ਖਰਾ ਇਹ ਲੋਗੜ ਤਾਂ ਹੁਣ ਹੋਇਆ,
ਅਮੁੱਲਾ ਸਮਾਂ ਗੁਆਇਆ ਨਾ ਇਦ੍ਹੀ ਹੋਂਦ ਪਛਾਣੀ
ਬੰਭਲ ਕੀ ਵੱਟਣੇ ਕੋਈ ਖੇਸ ਤਿਆਰ ਨਾ ਕੀਤਾ
ਠੰਢ੍ਹ ਦਾ ਮੌਸਮ ਆਇਆ ਠੁਰ, ਠੁਰ ਕਰੇ ਪ੍ਰਾਣੀ
ਰੁੱਤ ਬਦਲ ਗਈ ਬੇਲੇ ਜਿਵੇਂ ਕਰਦੇ ਹੋਣ ਇਸ਼ਾਰੇ
ਆਖਰ ਨੂੰ ਆ ਕੇ ਰਹਿਣੀ ਪੱਤਝੜ ਵੀ ਮਰਜਾਣੀ
ਲਾਲ ਗੁਆਚੇ ਲੱਭਣੇ ਨਾਹੀਂ ਮਿੱਟੀ ਫੋਲਣ ਲੱਗੇ
ਹੱਥ ਛੁਡਾ ਕੇ ਤੁਰ ਜਾਂਦੇ ਨੇ ਸਾਥੋਂ ਜਿਗਰੀ ਹਾਣੀ
ਚੰਗੇ ਭਾਗੀਂ ਮਿਲਿਆ ਸੀ ਇਹ ਜੀਵਨ ਉੱਪਹਾਰ
ਭੰਗ ਦੇ ਭਾੜੇ ਆਉਧ ਗੁਆਈ ਤੇ ਖ਼ਾਕ ਹੀ ਛਾਣੀ
– ਸੁਲੱਖਣ ਮਹਿਮੀ
+647-786-6329