Home / Uncategorized / ਵਿਗਿਆਨ ਗਲਪ ਕਹਾਣੀ

ਵਿਗਿਆਨ ਗਲਪ ਕਹਾਣੀ

ਅਜਬ ਮੁਲਾਕਾਤ
ਡਾ. ਦੇਵਿੰਦਰ ਪਾਲ ਸਿੰਘ
ਸੰਨ 1980 ਦੀ ਗੱਲ ਹੈ। ਤਦ ਮੈਂ ਭਾਰਤੀ ਮੌਸਮ ਵਿਭਾਗ ਦਾ ਮੁਲਾਜ਼ਮ ਸਾਂ। ਇਨ੍ਹੀ ਦਿਨ੍ਹੀ ਮੇਰੀ ਡਿਊਟੀ ਹਿਮਾਲੀਆਂ ਪਹਾੜੀ ਖੇਤਰ ਵਿਚ ਵਾਪਰ ਰਹੀਆਂ ਜਲ-ਵਾਯੂ ਤਬਦੀਲੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਸੀ। ਇਕ ਦਿਨ ਮੈਂ ਮਾਨਸਰੋਵਰ ਝੀਲ ਨੇੜਲੇ ਖੇਤਰ ਵਿਚ ਕੁਝ ਸੈਂਪਲ ਇਕੱਠੇ ਕਰਨ ਵਿਚ ਮਸਰੂਫ਼ ਸਾਂ ਕਿ ਅਚਾਨਕ ਕਿਸੇ ਮਸ਼ੀਨਰੀ ਦੇ ਰੁੱਕਣ ਦੀ ਹਲਕੀ ਜਿਹੀ ਆਵਾਜ਼ ਸੁਣਾਈ ਦਿੱਤੀ। ਮੈਨੂੰ ਇਥੇ ਪੁੰਚਾਣ ਵਾਲਾ ਹੈਲੀਕਾਪਟਰ ਤਾਂ ਕਦੋਂ ਦਾ ਜਾ ਚੁੱਕਾ ਸੀ। ਮੈਨੂੰ ਵਾਪਸ ਲਿਜਾਣ ਲਈ ਉਸ ਨੇ ਅਜੇ ਚਾਰ ਘੰਟੇ ਬਆਦ ਆਉਣਾ ਸੀ। ਫਿਰ ਇਹ ਆਵਾਜ਼ ਕਿਸ ਦੀ ਸੀ? ਮੈਂ ਹੈਰਾਨ ਸਾਂ। ਆਵਾਜ਼ ਦਾ ਕਾਰਣ ਜਾਨਣ ਲਈ ਮੈਂ ਆਲੇ ਦੁਆਲੇ ਨਜ਼ਰ ਮਾਰੀ।
ਆਸਮਾਨ ਵਿਚ ਛਾਏ ਸਲੇਟੀ ਰੰਗੇ ਬੱਦਲਾਂ ਵਿਚੋਂ ਛਣ ਕੇ ਆ ਰਹੀ ਹਲਕੀ-ਹਲਕੀ ਰੌਸ਼ਨੀ ਵਿਚ, ਕੁਝ ਦੂਰ, ਦੂਧੀਆਂ ਬਰਫ਼ ਨਾਲ ਢੱਕੇ ਪਹਾੜ ਦੇ ਪੈਰਾਂ ਕੋਲ, ਧੁੰਦਲਾ ਜਿਹਾ ਇਕ ਸਫ਼ੈਦ ਰੰਗ ਦਾ ਗੋਲਾ ਨਜ਼ਰ ਆਇਆ। ਚਾਰੇ ਪਾਸੇ ਫੈਲੀ ਬਰਫ਼ ਦੀ ਚਿੱਟੀ ਚਾਦਰ ਉਸ ਗੋਲੇ ਨੂੰ ਆਪਣੇ ਵਿਚ ਸਮੋਈ ਜਾਪ ਰਹੀ ਸੀ।
ਆਲੇ ਦੁਆਲੇ ਫੈਲੀ ਚੁੱਪ ਚਾਂ ਵਿਚ ਅਚਾਨਕ ਹਲਕੀ ਜਿਹੀ ਚਰਮਰਾਹਟ ਸੁਣਾਈ ਦਿੱਤੀ। ਜਿਵੇਂ ਕੋਈ ਦਰਵਾਜ਼ਾ ਖੁੱਲਿਆ ਹੋਵੇ। ਅਗਲੇ ਹੀ ਪਲ ਇਕ ਉੱਚਾ-ਲੰਮਾ ਆਕਾਰ, ਅਜੀਬ ਪਹਿਰਾਵਾ ਪਾਈ ਮੇਰੇ ਕੋਲ ਖੜ੍ਹਾ ਸੀ।
”ਹੈਲੋ! ਕੌਣ ਹੈ ਤੂੰ? ਕਿਥੋਂ ਆਇਆ ਹੈ ਤੇ ਇਥੇ ਕੀ ਕਰ ਰਿਹਾ ਹੈ?” ਉਤਸੁਕਤਾ ਵੱਸ ਕਈ ਸਵਾਲ ਆਪ ਮੁਹਾਰੇ ਮੇਰੇ ਮੂੰਹ ਵਿਚੋਂ ਨਿਕਲ ਗਏ। ‘ਮੈਂ ਜੋਜੋ ਹਾਂ!’ ਉਸ ਨੇ ਦੋਸਤਾਨਾ ਲਹਿਜ਼ੇ ਵਿਚ ਕਿਹਾ। ”ਮੈਂ ਅਲੋਹ ਗ੍ਰਹਿ ਤੋਂ ਆਇਆ ਹਾਂ।”
‘ਅਲੋਹ ਗ੍ਰਹਿ? ਮੈਂ ਤਾਂ ਇਹ ਨਾਮ ਕਦੀ ਨਹੀਂ ਸੁਣਿਆ। ਕਿਥੇ ਹੈ ਇਹ ਗ੍ਰਹਿ?’
”ਅਲੋਹ ਗ੍ਰਹਿ ਤੁਹਾਡੀ ਧਰਤੀ ਤੋਂ ਬਹੁਤ ਦੂਰ ਹੈ, ਕਈ ਬਿਲੀਅਨ ਕਿਲੋਮੀਟਰ ਦੂਰ………ਉਸ ਦਿਸ਼ਾ ਵਿਚ।” ਉਸ ਨੇ ਆਕਾਸ਼ ਵਿਚ ਓਰੀਅਨ ਤਾਰਾ ਸਮੂੰਹ ਬਣਤਰ ਵਾਲੇ ਖੇਤਰ ਵਲ ਇਸ਼ਾਰਾ ਕਰਦੇ ਹੋਏ ਕਿਹਾ।
‘ਹੂੰ! ਭਲਾ ਤੂੰ ਸਾਡੀ ਬੋਲੀ ਕਿਵੇਂ ਜਾਣਦਾ ਹੈ ਅਤੇ ਬਿਲੀਅਨ ਤੇ ਕਿਲੋਮੀਟਰ ਮਾਪ ਇਕਾਈਆਂ ਬਾਰੇ ਤੈਨੂੰ ਕਿਵੇਂ ਪਤਾ ਹੈ?’
”ਇਹ ਸੱਭ ਇਸ ਯੰਤਰ ਦਾ ਕਮਾਲ ਹੈ।” ਉਸ ਨੇ ਗਲੇ ਵਿਚ ਲਟਕ ਰਹੀਂ ਡਿਸਕ ਨੂੰ ਆਪਣੀਆਂ ਉਗਲਾਂ ਨਾਲ ਛੂੰਹਦਿਆਂ ਕਿਹਾ।
‘ਕੀ ਤੂੰ ਪਹਿਲੀ ਵਾਰ ਇਥੇ ਆਇਆ ਹੈ?’
‘ਨਹੀਂ ਤਾਂ! ਮੈਂ ਅਕਸਰ ਇਥੇ ਆਉਂਦਾ ਰਹਿੰਦਾ ਹਾਂ।’
‘ਪਰ ਪਹਿਲਾਂ ਤਾਂ ਕਦੇ ਤੇਰੀ ਕੋਈ ਖ਼ਬਰ ਨਹੀਂ ਸੁਣੀ।’
‘ਮੈਂ ਜਿਸ ਨੂੰ ਖੁਦ ਚਾਹਾਂ ਉਸੇ ਨੂੰ ਦਿਖਾਈ ਦਿੰਦਾ ਹਾਂ।’ ਜੋਜੋ ਦੇ ਬੋਲ ਸਨ।
‘ਤਾਂ ਫ਼ਿਰ ਮੈਨੂੰ ਹੀ ਕਿਉਂ ਦਿਖਾਈ ਦੇ ਰਿਹਾ ਹੈ ਤੂੰ? ਕੀ ਮੈਂ ਕੋਈ ਖਾਸ ਹਾਂ?’ ਮੈਂ ਇਸ ਗਲਬਾਤ ਤੋਂ ਕਾਫ਼ੀ ਹੈਰਾਨ ਪ੍ਰੇਸ਼ਾਨ ਸਾਂ। ਕਿਸੇ ਅਣਕਿਆਸੇ ਖ਼ਤਰੇ ਦੇ ਆਭਾਸ ਪ੍ਰਤਿ ਚੇਤੰਨ ਵੀ ਸਾਂ।
‘ਤੇਰੇ ਨਾਲ ਮੁਲਾਕਾਤ ਦਾ ਖਾਸ ਸਬੱਬ ਹੈ।’
‘ਕੀ ਮਤਲਬ?’
‘ਉਹ ਮੈਂ ਬਾਅਦ ਵਿਚ ਦੱਸਾਗਾਂ, ਪਹਿਲਾਂ ਤੈਨੂੰ ਇਕ ਕਹਾਣੀ ਸੁਨਣੀ ਹੋਵੇਗੀ।’
‘ਜਲਦੀ ਗੱਲ ਮੁਕਾ, ਮੈਂ ਆਪਣਾ ਕੰਮ ਵੀ ਮੁਕਾਉਣਾ ਹੈ।’ ਮੈਂ ਉਸ ਦੀ ਲੰਮੀ ਵਾਰਤਾਲਾਪ ਤੋਂ ਖਹਿੜਾ ਛੁਡਾਉਣ ਦੇ ਰੌਅ ਵਿਚ ਕਿਹਾ।
‘ਚਿੰਤਾ ਨਾ ਕਰ। ਬਹੁਤੀ ਲੰਮੀ ਕਹਾਣੀ ਨਹੀਂ ਤੇ ਨਾਲੇ ਤੇਰੇ ਕੰਮ ਨਾਲ ਖ਼ਾਸ ਨੇੜਤਾ ਵੀ ਰੱਖਦੀ ਹੈ।’
‘ਹੂੰ! ਤਾਂ ਸੁਣਾ।’
ਪੰਜ ਸੌ ਮਿਲੀਅਨ ਸਾਲ ਪਹਿਲਾਂ, ਅਲੋਹ ਗ੍ਰਹਿ ਦੇ ਵਾਸੀਆਂ ਨੇ ਵਿਗਿਆਨ ਤੇ ਤਕਨੀਕੀ ਖੇਤਰ ਵਿਚ ਵੱਡੀ ਉਨਤੀ ਕਰ ਲਈ। ਤਦ ਸਾਡੇ ਵਿਗਿਆਨੀ ਵੰਨ-ਸੁਵੰਨੀਆਂ ਕਿਸਮਾਂ ਦੇ ਨਵੇਂ ਜੀਵ ਪੈਦਾ ਕਰਨ ਦੇ ਸਮਰਥ ਹੋ ਗਏ। ਉਹ ਅਜਿਹੇ ਨਵੇਂ ਗ੍ਰਹਿ ਦੀ ਭਾਲ ਵਿਚ ਜੁੱਟ ਗਏ ਜਿਥੇ ਉਹ ਇਨ੍ਹਾਂ ਜੀਵਾਂ ਨੂੰ ਯੋਗ ਵਾਤਾਵਰਣ ਦੇ ਸਕਣ ਤਾਂ ਕਿ ਇਹ ਜੀਵ ਵੰਨਗੀਆਂ ਵਧ-ਫੁੱਲ ਸਕਣ…… । ਆਖ਼ਰਕਾਰ ਉਨ੍ਹਾਂ ਪ੍ਰਿਥਵੀ ਗ੍ਰਹਿ ਲੱਭ ਲਿਆ। ਉਸ ਸਮੇਂ ਤੁਹਾਡੀ ਧਰਤੀ ਪਾਣੀ ਤੇ ਗੈਸਾਂ ਦੇ ਧੁੰਦ ਗੁਬਾਰ ਨਾਲ ਢੱਕੀ ਹੋਈ ਸੀ।
ਸਾਡੇ ਮਾਹਿਰਾਂ ਨੇ ਸਮੁੰਦਰਾਂ ਦੀ ਤਹਿ ਤੋਂ ਮਿੱਟੀ ਨੂੰ ਬਾਹਰ ਲਿਆ ਵਿਸ਼ਾਲ ਮਹਾਂਦੀਪ ਤਿਆਰ ਕੀਤਾ ਤਾਂ ਜੋ ਨਵੀਆਂ ਜੀਵ ਵੰਨਗੀਆਂ ਨੂੰ ਵਸੇਰਾ ਦਿੱਤਾ ਜਾ ਸਕੇ। ਉਨ੍ਹਾਂ ਨੇ ਧਰਤੀ ਦੀ ਹਵਾ, ਪਾਣੀ ਤੇ ਮਿੱਟੀ ਤੋਂ ਲਏ ਰਸਾਇਣਾਂ ਦੀ ਵਰਤੋਂ ਨਾਲ ਡੀ.ਐਨ.ਏ. ਤਿਆਰ ਕੀਤਾ। ਜਲਦੀ ਹੀ ਉਨ੍ਹਾਂ ਸੂਖ਼ਮ ਜੀਵਾਣੂੰ ਪੈਦਾ ਕਰ ਲਏ। ਸਮੇਂ ਦੇ ਬੀਤਣ ਨਾਲ ਉਨ੍ਹਾਂ ਪੌਦੇ, ਜਲ-ਜੀਵਾਂ, ਪੰਛੀਆਂ ਤੇ ਪਸ਼ੂਆਂ ਦੀ ਸਿਰਜਣਾ ਕਰ ਲਈ। ਆਖ਼ਰ ਵਿਚ ਉਹ ਮਨੁੱਖੀ ਪੈਦਾਇਸ਼ ਦੇ ਹਾਲਾਤ ਪੈਦਾ ਕਰਨ ਵਿਚ ਸਫਲ ਹੋ ਗਏ।
ਸਮੇਂ ਦੇ ਗੁਜ਼ਰਣ ਨਾਲ ਸਾਡੇ ਖੋਜਕਾਰਾਂ ਨੇ ਉਸ ਖਿੱਤੇ ਦੀ ਪਛਾਣ ਕੀਤੀ, ਜਿਸ ਨੂੰ ਤੁਸੀਂ ਅੱਜ ਕੱਲ੍ਹ ਏਸ਼ੀਆ ਕਹਿੰਦੇ ਹੋ। ਇਥੋਂ ਦੇ ਬਰਫ਼ਾਨੀ ਸਿਖ਼ਰਾਂ ਵਾਲੇ ਪਹਾੜਾਂ, ਵੰਨ-ਸੁਵੰਨੇ ਫੁੱਲਾਂ ਲੱਦੇ ਜੰਗਲ, ਮਹਿਕਾਂ ਲੱਦੀਆਂ ਹਵਾਵਾਂ ਨਾਲ ਖੇਤਾਂ ਵਿਚ ਲਹਿਲਹਾਉਂਦੀਆਂ ਹਰੀਆਂ-ਕਚੂਰ ਫ਼ਸਲਾਂ, ਵਿਖੇ ਸ਼ਾਂਤਮਈ ਸੁਭਾਅ ਵਾਲੇ ਸੂਝਵਾਨ ਮਨੁੱਖ ਵੱਸਦੇ ਸਨ।
‘ਇਹ ਤਾਂ ਧਰਤੀ ਦੇ ਇਤਿਹਾਸ ਦਾ ਸਾਰ ਹੀ ਹੈ। ਇਸ ਵਿਚ ਨਵੀਂ ਗੱਲ ਹੈ ਕੀ?’ ਮੈਂ ਜਲਦੀ ਤੋਂ ਜਲਦੀ ਉਸ ਦੀ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ ਸਾਂ।
‘ਅਲੋਹਾ ਦੀ ਸਰਕਾਰ ਧਰਤੀ ਉੱਤੇ ਪੱਲਰ ਰਹੇ ਜੀਵਨ ਉੱਤੇ ਨਜ਼ਰ ਰੱਖ ਰਹੀ ਸੀ। ਉਨ੍ਹਾਂ ਦੀ ਸ਼ੰਕਾ ਸੀ ਕਿ ਧਰਤੀ ਵਾਸੀ ਜਿਸ ਦਰ ਨਾਲ ਤਰੱਕੀ ਕਰ ਰਹੇ ਹਨ ਅਜਿਹਾ ਉਨ੍ਹਾਂ ਲਈ ਹਾਨੀਕਾਰਕ ਹੋ ਸਕਦਾ ਹੈ। ਤੇ ਅਜਿਹੀ ਧਾਰਣਾ ਸੱਚ ਵੀ ਸਾਬਤ ਹੋਈ ਜਦ ਵੀਹਵੀਂ ਸਦੀ ਦੌਰਾਨ ਇਥੋਂ ਦੇ ਅਮਰੀਕਾ ਵਾਸੀਆਂ ਨੇ ਏਸ਼ੀਆ ਦੇ ਛੋਟੇ ਜਿਹੇ ਦੇਸ਼ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਐਟਮੀ ਬੰਬਾਂ ਨਾਲ ਉਡਾ ਦਿੱਤਾ। ਬੇਸ਼ਕ ਇਸ ਘਟਨਾ ਤੋਂ ਧਰਤੀ ਵਾਸੀਆਂ ਨੇ ਸਬਕ ਤਾਂ ਸਿੱਖਿਆ ਤੇ ਜ਼ਮੀਨ ਹੇਠਲੇ ਤੇ ਹਵਾਈ ਨਿਊਕਲੀ ਵਿਸਫੋਟਾਂ ਉੱਤੇ ਬੰਦਸ਼ ਲਗਾ ਲਈ। ਪਰ ਮਨੁੱਖੀ ਲਾਲਸਾਵਾਂ ਤੇ ਸੁੱਖ ਸੁਵਿਧਾਵਾਂ ਦੀ ਪ੍ਰਾਪਤੀ ਦੇ ਲਾਲਚ ਨੇ, ਉਨ੍ਹਾਂ ਨੂੰ ਕੁਦਰਤੀ ਸਰੋਤਾਂ ਉੱਤੇ ਕਬਜ਼ੇ ਦੀ ਦੌੜ ਵਿਚ ਉਲਝਾ, ਅੰਤਰਦੇਸ਼ੀ ਜੰਗਾਂ ਤੇ ਘਾਤਕ ਵਾਤਾਵਰਣੀ ਤਬਦੀਲੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ।’
‘ਇਹ ਤਾਂ ਠੀਕ ਹੈ। ਪਰ ਮੈਨੂੰ ਇਹ ਸੱਭ ਕੁਝ ਦੱਸਣ ਦਾ ਕੀ ਲਾਭ? ਮੈਂ ਤਾਂ ਪਹਿਲਾਂ ਹੀ ਇਹ ਸੱਭ ਕੁਝ ਜਾਣਦਾ ਹਾਂ। ਵਾਤਾਵਰਣੀ ਸਮੱਸਿਆ ਦੇ ਹੱਲ ਲਈ ਹੀ ਤਾਂ ਮੈਂ ਖੋਜ ਕਰ ਰਿਹਾ ਹਾਂ।’ ਮੈਂ ਕਾਹਲਾ ਪੈਂਦਾ ਹੋਇਆ ਬੋਲਿਆ। ਮੈਨੂੰ ਲੱਗ ਰਿਹਾ ਸੀ ਕਿ ਉਹ ਕੋਈ ਸਨਕੀ ਵਿਅਕਤੀ ਸੀ ਜੋ ਸਮਾਂ ਟਪਾਉਣ ਲਈ ਝੱਖ ਮਾਰੀ ਜਾ ਰਿਹਾ ਸੀ।
‘ਤੇ ਜੇ ਤੁਸੀਂ ਲੰਮੇ ਅਰਸੇ ਤੋਂ ਧਰਤੀ ਵਾਸੀਆਂ ਉੱਤੇ ਨਜ਼ਰ ਰੱਖ ਰਹੇ ਸੀ ਤਾਂ ਵਾਤਾਵਰਣੀ ਹਾਲਾਤਾਂ ਨੂੰ ਇੰਨ੍ਹੇ ਵਿਗੜਣ ਕਿਉਂ ਦਿੱਤਾ? ਪਹਿਲਾਂ ਹੀ ਦੱਸ ਦਿੰਦੇ। ਹੁਣ ਦੱਸਣ ਦਾ ਕੀ ਲਾਭ, ਜਦ ਕਿ ਅਸੀਂ ਇਸ ਸਮੱਸਿਆ ਦਾ ਸ਼ਿਕਾਰ ਬਣ ਚੁੱਕੇ ਹਾਂ।’ ਮੇਰੇ ਖਿੱਝ ਭਰੇ ਬੋਲ ਸਨ।
‘ਅਸੀਂ ਧਰਤੀ ਵਾਸੀਆਂ ਨੂੰ ਪਿਆਰ ਕਰਦੇ ਹਾਂ। ਅਤੇ ਉਨ੍ਹਾਂ ਦੀ ਚਿਰ-ਸਲਾਮਤੀ ਚਾਹੁੰਦੇ ਹਾਂ। ਆਖ਼ਰ ਤਾਂ ਉਹ ਸਾਡੇ ਤਜ਼ਰਬਿਆਂ ਦੀ ਹੀ ਪੈਦਾਇਸ਼ ਹਨ। ਕੋਈ ਵਿਗਿਆਨੀ ਆਪਣੇ ਤਜਰਬੇ ਨੂੰ ਫੇਲ੍ਹ ਹੁੰਦਾ ਕਿਵੇਂ ਦੇਖ ਸਕਦਾ ਹੈ? ਇਸੇ ਲਈ ਮੈਨੂੰ ਇਥੇ ਭੇਜਿਆ ਗਿਆ ਹਾਂ, ਇਕ ਬਹੁਤ ਹੀ ਮਹੱਤਵਪੂਰਣ ਸੁਨੇਹਾ ਦੇਣ ਲਈ।’
‘ਹੂੰਂ! ਤੇ ਉਹ ਸੁਨੇਹਾ ਹੈ ਕੀ?’ ਮੈਂ ਪੁੱਛਿਆ।
‘ਧਰਤੀ ਵਾਸੀਆਂ ਵਿਚ ਸਵੈ-ਵਿਨਾਸ਼ ਦੇ ਖ਼ਤਰੇ ਦੀ ਮਾਤਰਾ ਬਹੁਤ ਵਧੇਰੇ ਹੈ। ਅਜਿਹਾ ਵਿਸ਼ਵ ਭਰ ਵਿਚ ਫੈਲੇ ਅਵਿਸ਼ਵਾਸ ਤੇ ਡਰ ਦੇ ਮਾਹੌਲ ਕਾਰਣ ਹੈ। ਪਰ ਜੇ ਉਹ ਸ਼ਾਂਤੀ ਤੇ ਭਰਾਤਰੀਭਾਵ ਦੇ ਰਾਹ ਉੱਤੇ ਚਲਦੇ ਹੋਏ ਹਿੰਸਾ ਤੇ ਜ਼ਬਰ-ਜ਼ੁਲਮ ਦੀਆਂ ਰੁਚੀਆਂ ਉੱਤੇ ਕਾਬੂ ਪਾ ਲੈਣ ਤਾਂ ਧਰਤੀ ਉੱਤੇ ਮਨੁੱਖ ਦੀ ਚਿਰ-ਸਥਾਪਤੀ ਸਹਿਜੇ ਹੀ ਸੰਭਵ ਹੈ। ਵਿਸ਼ਵਭਰ ਵਿਚ ਸ਼ਾਂਤੀ ਦਾ ਮਾਹੌਲ ਕਾਇਮ ਕਰਨ ਲਈ ਜ਼ਰੂਰੀ ਹੀ ਕਿ ਸਾਰੇ ਦੇਸ਼ ਹਰ ਤਰ੍ਹਾਂ ਦੇ ਜੰਗੀ ਹਥਿਆਰਾਂ ਦੇ ਨਿਰਮਾਣ, ਭੰਡਾਰੀਕਰਣ ਤੇ ਵਰਤੋਂ ਤੋ ਤੋਬਾ ਕਰ ਲੈਣ। ਨਿਊਕਲੀ ਸ਼ਕਤੀ ਦੀ ਵਰਤੋਂ ਸਿਰਫ਼ ਸ਼ਾਂਤਮਈ ਕਾਰਜਾਂ ਲਈ ਕਰਨ ਦਾ ਅਹਿਦ ਕਰਨ। ਆਪਣੀ ਫੌਜੀ ਤਾਕਤ ਵਿਚ ਸੁਧਾਰ ਕਰ ਇਸ ਨੂੰ ਸਿਰਫ਼ ਜਨ-ਸੇਵਾ ਕਾਰਜਾਂ ਲਈ ਵਰਤਣ।’
‘ਹਾਂ। ਜੇ ਅਜਿਹਾ ਹੋ ਜਾਵੇ ਤਾਂ ਅੰਤਰਦੇਸ਼ੀ ਜੰਗਾਂ ਤੇ ਕਈ ਦੇਸ਼ਾਂ ਵਿਚ ਵਾਪਰ ਰਹੀ ਖਾਨਾਜੰਗੀ ਨੂੰ ਨੱਥ ਪੈ ਸਕਦੀ ਹੈ। ਪਰ ਵਾਤਾਵਰਣੀ ਤਬਦੀਲੀਆਂ ਦੀ ਸਮੱਸਿਆ ਦਾ ਕੀ ਹੱਲ ਹੈ?’
‘ਇਸ ਲਈ ਵਧੇਰੇ ਆਬਾਦੀ ਦੇ ਭੂਤ ਨੂੰ ਨੱਥ ਪਾਉਣ ਦੀ ਲੋੜ ਹੈ। ਅਗਰ ਇਕ ਔਰਤ ਨੂੰ ਸਿਰਫ਼ ਦੋ ਬੱਚੇ ਪੈਦਾ ਕਰਨ ਤਕ ਸੀਮਿਤ ਰਹਿਣ ਦਾ ਕਾਨੂੰਨ ਵਿਸ਼ਵ ਭਰ ਵਿਚ ਲਾਗੂ ਕੀਤਾ ਜਾਵੇ ਤਾਂ ਆਬਾਦੀ ਵਿਚ ਬੇਤਹਾਸ਼ਾ ਵਾਧਾ ਰੋਕਿਆ ਜਾ ਸਕਦਾ ਹੈ। ਇੰਝ ਵਧੇਰੇ ਆਬਾਦੀ ਲਈ ਲੋੜੀਂਦੇ ਘਰਾਂ, ਸੁਖ-ਸੁਵਿਧਾਵਾਂ ਦੀ ਉਪਲਬਧੀ ਲਈ ਕੁਦਰਤੀ ਸਰੋਤਾਂ ਉੱਤੇ ਪੈ ਰਿਹਾ ਬੋਝ ਘੱਟ ਜਾਵੇਗਾ। ਬੱਚਿਆਂ ਨੂੰ ਨੈਤਿਕਤਾ ਦੇ ਗੁਣਾਂ ਭਰਪੂਰ ਅਤੇ ਕੁਦਰਤ ਨਾਲ ਸੁਮੇਲਤਾ ਵਿਚ ਰਹਿਣ ਦੀ ਸਿੱਖਿਆ ਮਨੁੱਖੀ ਜਾਤੀ ਦਾ ਭਵਿੱਖ ਖੁਸ਼ਹਾਲ ਬਣਾ ਸਕਦੀ ਹੈ। ਧਰਤੀ ਉੱਤੇ ਰਾਜਨੀਤਕ ਖੇਤਰ ਵਿਚ ਵੀ ਅਹਿਮ ਤਬਦੀਲੀਆ ਦੀ ਲੋੜ ਹੈ – ਰਿਸ਼ਵਤਖੋਰੀ ਤੇ ਕੁਨਬਾਪਰਬਰੀ ਤੋਂ ਮੁਕਤ, ਇਨਸਾਫ਼ ਤੇ ਬਰਾਬਰੀ ਅਧਾਰਿਤ ਨਿਜ਼ਾਮ ਦੀ ਸਖ਼ਤ ਜ਼ਰੂਰਤ ਹੈ। ਧਰਤੀ ਵਾਸੀਆਂ ਨੂੰ ਆਪਣੇ ਭਵਿੱਖ ਦੀ ਸੁਰੱਖਿਆ ਲਈ ਅਜਿਹੀ ਵਿਵਸਥਾ ਦੀ ਵੱਡੀ ਲੋੜ ਹੈ।’
‘ਇਹ ਗੱਲਾਂ ਤਾਂ ਠੀਕ ਹਨ। ਪਰ ਇਹ ਸਾਰਾ ਕੁਝ ਸੰਭਵ ਕਿਵੇਂ ਹੋਵੇਗਾ?’
‘ਅਜਿਹਾ ਵਾਪਰਣ ਲਈ ਇਥੋਂ ਦੇ ਗੁਣਵਾਨ ਮਨੁੱਖਾਂ ਨੂੰ ਜਨ-ਸਮੂਹ ਦੀ ਅਗਵਾਈ ਕਰਦੇ ਹੋਏ ਲੋੜੀਂਦੇ ਸੁਧਾਰਾਂ ਲਈ ਲਗਾਤਾਰ ਯਤਨ ਕਰਨੇ ਹੋਣਗੇ। ਅਜਿਹੇ ਬਦਲਾਅ ਦੀ ਸ਼ੂਰੂਆਤ ਕਰਨ ਲਈ ਤੈਨੂੰ ਖ਼ਾਸ ਤੌਰ ਉੱਤੇ ਚੁਣਿਆ ਗਿਆ ਹੈ।’
‘ਪਰ ਮੈਂ ਇੱਕਲਾ ਇਸ ਸੱਭ ਕੁਝ ਭਲਾ ਕਿਵੇਂ ਕਰ ਸਕਦਾ ਹਾਂ?’
‘ਕਿਸੇ ਸਿਆਣੇ ਦਾ ਕਥਨ ਹੈ: ”ਜੋ ਤਬਦੀਲੀ ਤੁਸੀਂ ਆਪਣੇ ਆਲੇ ਦੁਆਲੇ ਦੇਖਣਾ ਚਾਹੁੰਦੇ ਹੋ, ਉਹੀ ਤਬਦੀਲੀ ਪਹਿਲਾਂ ਤੁਸੀਂ ਆਪਣੇ ਰੋਜ਼ਾਨਾ ਜੀਵਨ ਚਲਣ ਵਿਚ ਲਿਆਉ।” ਜੇ ਹਰ ਮਨੁੱਖ ਇਸ ਸਿਧਾਂਤ ਦੀ ਪਾਲਣਾ ਕਰੇ ਤਾਂ ਕੁਝ ਵੀ ਪ੍ਰਾਪਤ ਕਰਨਾ ਅਸੰਭਵ ਨਹੀਂ।’
‘ਬਿਲਕੁਲ ਸਹੀ। ਮੈਂ ਤੁਹਾਡਾ ਇਹ ਸੁਨੇਹਾ ਆਮ ਲੋਕਾਂ ਤਕ ਪਹੁੰਚਾਵਾਂਗਾ। ਇਹ ਮੇਰਾ ਅਹਿਦ ਹੈ।’
‘ਬਿਲਕੁਲ ਠੀਕ! ਮੇਰਾ ਕੰਮ ਖ਼ਤਮ ਹੋ ਗਿਆ, ਹੁਣ ਮੈਂ ਜਾਂਦਾ ਹਾਂ, ਅਲਵਿਦਾ।’ ਉਹ ਬੋਲਿਆ ਤੇ ਅਗਲੇ ਹੀ ਪਲ ਉਹ ਗਾਇਬ ਹੋ ਗਿਆ।
ਮਸ਼ੀਨਰੀ ਦੇ ਚੱਲਣ ਦੀ ਹਲਕੀ ਘੂੰ-ਘੂੰ ਦੀ ਆਵਾਜ਼ ਸੁਣਾਈ ਦਿੱਤੀ ਤੇ ਅੱਖ ਝਪਕਣ ਦੇ ਸਮੇਂ ਵਿਚ ਹੀ ਸਫੈਦ ਗੋਲਾਕਾਰ ਵਸਤੂ ਅੱਖੌਂ ਓਝਲ ਹੋ ਗਈ।
ਉਹ ਥਾਂ ਜਿਥੇ ਪਹਿਲਾਂ ਉਹ ਗੋਲਾਕਾਰ ਵਸਤੂ ਖੜ੍ਹੀ ਸੀ ਉਥੇ ਹੁਣ ਸਿਰਫ਼ ਨਾਮਾਤਰ ਟੋਆ ਜਿਹਾ ਹੀ ਮੌਜੂਦ ਸੀ।
ਪਰ ਮੈਂ ਖੁਸ਼ ਸਾਂ ਮੈਨੂੰ ਮਨੁੱਖ ਜਾਤੀ ਦੀ ਚਿਰ-ਸਲਾਮਤੀ ਦਾ ਰਹੱਸ ਸਮਝ ਆ ਗਿਆ ਸੀ ਤੇ ਮੈਂ ਇਸ ਨੂੰ ਆਮ ਲੋਕਾਂ ਨਾਲ ਪੁਰਜ਼ੋਰ ਸਾਝਾਂ ਕਰ ਉਚਿਤ ਸੁਧਾਰ ਲਿਆਉਣ ਲਈ ਤੱਤਪਰ ਵੀ ਹਾਂ ਤੇ ਯਤਨਸ਼ੀਲ ਵੀ। ਇਹੋ ਹੀ ਮੇਰਾ ਅਗਾਮੀ ਮਨੁੱਖੀ ਪੀੜ੍ਹੀਆਂ ਲਈ ਤੋਹਫ਼ਾ ਹੋਵੇਗਾ।
‘ਧੰਨਵਾਦ ਤੇ ਅਲਵਿਦਾ! ਪਿਆਰੇ ਦੌਸਤ।’ ਮੈਂ ਓਰੀਅਨ ਤਾਰਾ ਸਮੂਹ ਵੱਲ ਹੱਥ ਹਿਲਾਂਉਂਦੇ ਹੋਏ ਇਸ ਆਸ ਨਾਲ ਕਿਹਾ ਕਿ ਦੂਰ ਪੁਲਾੜ ਵਿਚ ਕਿਧਰੇ ਅਲੌਹ ਵਾਸੀ ਸ਼ਾਇਦ ਮੇਰੇ ਇਸ ਪ੍ਰੇਮ ਸੁਨੇਹੇ ਨੂੰ ਸੁਣ ਰਹੇ ਹੋਣ।

Check Also

ਸੱਪ ਰੰਗੀ ਛੀਂਟ ਦੇਖ ਕੇ

ਦਰਸ਼ਨ ਸਿੰਘ ਕਿੰਗਰਾ ਪੁਰਾਤਨ ਸਮੇਂ ਵਿਚ ਪੰਜਾਬ ਦੀਆਂ ਸ਼ੁਕੀਨ ਮੁਟਿਆਰਾਂ ਆਪਣੇ ਪਹਿਰਾਵੇ ਲਈ ਅਨੇਕਾਂ ਵੰਨਗੀਆਂ …