ਕਰਤਾਰ ਸਿੰਘ ਸਰਾਭਾ
ਗੁਰਪ੍ਰੀਤ ਸਿੰਘ ਰਟੋਲ
ਕਰਤਾਰ ਸਿੰਘ ਸਰਾਭਾ ਮਹਿਜ਼ ਅਠਾਰਾਂ ਸਾਲ ਦਾ ਨੌਜਵਾਨ ਨਹੀਂ ਸੀ ਬਲਕਿ ਅਦੁੱਤੀ ਸ਼ਖ਼ਸੀਅਤ ਸੀ। ਉਸ ਦੇ ਕਾਰਨਾਮੇ ਬੇਮਿਸਾਲ ਸਨ। ਉਹ ਸੰਜੀਦਗੀ ਅਤੇ ਜੋਸ਼ ਦਾ ਸੁਮੇਲ ਸੀ। ਉਸ ਅੰਦਰ ਜਾਦੂਈ ਕ੍ਰਿਸ਼ਮਾ ਸੀ, ਉਹ ਮਿਲਣ ਵਾਲੇ ਨੂੰ ਦੋ ਪਲ ਵਿਚ ਆਪਣੇ ਵੱਲ ਖਿੱਚ ਲੈਂਦਾ। ਉਸ ਦੇ ਸ਼ਬਦਕੋਸ਼ ਵਿਚ ‘ਨਾਂਹ’ ਸ਼ਬਦ ਨਹੀਂ ਸੀ, ਇਸ ਲਈ ਹਰ ਕੰਮ ਵਿਚ ਉਹ ਮੋਹਰੀ ਰਹਿੰਦਾ। ਭਾਵੇਂ ਹੱਥ ਨਾਲ ਗ਼ਦਰ ਅਖਬਾਰ ਛਾਪਣ ਦਾ ਕੰਮ ਹੋਵੇ ਜਾਂ ਫਿਰ ਭਾਰਤ ਆ ਕੇ ਪੰਜਾਹ-ਪੰਜਾਹ ਮੀਲ ਸਾਈਕਲ ‘ਤੇ ਇਕ ਦਿਨ ਵਿਚ ਸਫ਼ਰ ਤੈਅ ਕਰਨਾ ਹੋਵੇ। ਉਹ ਸੁਭਾਅ ਦਾ ਦਲੇਰ ਅਤੇ ਸੂਝਵਾਨ ਸੀ। ਉਸ ਦੇ ਬਲਬੂਤੇ ਦਿਨਾਂ ਵਿਚ ਹੀ ਗ਼ਦਰੀਆਂ ਨੇ ਫ਼ੌਜੀ ਛਾਉਣੀਆਂ ਵਿਚ ਭਾਰਤੀ ਸਿਪਾਹੀਆਂ ਨਾਲ ਸਿੱਧਾ ਸੰਪਰਕ ਬਣਾ ਲਿਆ ਸੀ। ਸਰਾਭੇ ਨੂੰ ਗ੍ਰਿਫ਼ਤਾਰ ਕਰਨ ਲਈ ਸਭ ਤੋਂ ਵੱਧ ਇਨਾਮ ਰੱਖਿਆ ਗਿਆ ਸੀ ਪਰ ਉਹ ਭੇਸ ਬਦਲ ਕੇ ਕਈ ਵਾਰ ਦਿਨ ਦਿਹਾੜੇ ਪੁਲਿਸ ਛਾਉਣੀਆਂ ਵਿਚ ਸਿਪਾਹੀਆਂ ਨੂੰ ਮਿਲਣ ਚਲਾ ਜਾਂਦਾ ਸੀ। ਅਸਲ ਵਿਚ ਸਰਾਭਾ ਪੁਲਿਸ ਲਈ ਇਕ ਰਹੱਸ ਬਣ ਗਿਆ ਸੀ। ਜੇ ਸਾਡੇ ਆਪਣੇ ਗ਼ੱਦਾਰੀ ਨਾ ਕਰਦੇ ਤਾਂ ਪੁਲਿਸ ਲਈ ਉਸ ਨੂੰ ਫੜਨਾ ਅਸੰਭਵ ਸੀ।
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਵਿਚ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਚ ਹੋਇਆ ਸੀ। ਪੰਜ ਸਾਲ ਦੀ ਉਮਰ ਵਿਚ ਉਸ ਦਾ ਪਿਤਾ ਮੰਗਲ ਸਿੰਘ ਚਲਾਣਾ ਕਰ ਗਿਆ ਤੇ ਬਾਰ੍ਹਾਂ ਕੁ ਸਾਲ ਦੀ ਉਮਰ ਵਿਚ ਉਸ ਦੀ ਮਾਂ ਸਾਹਿਬ ਕੌਰ ਪੂਰੀ ਹੋ ਗਈ ਸੀ। ਸਰਾਭੇ ਦਾ ਪਾਲਣ ਪੋਸ਼ਣ ਉਸ ਦੇ ਦਾਦਾ ਬਦਨ ਸਿੰਘ ਤੇ ਵੱਡੀ ਭੈਣ ਧੰਨ ਕੌਰ ਨੇ ਕੀਤਾ ਸੀ। ਸਰਾਭਾ ਬਚਪਨ ਤੋਂ ਹੀ ਉਡਾਰੂ ਪ੍ਰਵਿਰਤੀ ਦਾ ਮਾਲਕ ਸੀ। ਛੋਟੇ ਹੁੰਦੇ ਨੂੰ ਸਕੂਲ ਵਿਚ ਉਸ ਦੇ ਸਾਥੀਆਂ ਨੇ ਉਸ ਦਾ ਨਾਮ ‘ਉਡਣਾ ਸੱਪ’ ਰੱਖਿਆ ਸੀ। ਸਕੂਲ ਦੀਆਂ ਕਈ ਸ਼ਰਾਰਤਾਂ ਕਰਕੇ ਹੀ ਉਸ ਦੇ ਦਾਦਾ ਨੇ ਉਸ ਨੂੰ ਪੜ੍ਹਨ ਲਈ ਉੜੀਸਾ ਭੇਜ ਦਿੱਤਾ ਸੀ ਜਿੱਥੇ ਉਸ ਦਾ ਵੱਡਾ ਚਾਚਾ ਜੰਗਲਾਤ ਮਹਿਕਮੇ ਵਿਚ ਨੌਕਰੀ ਕਰਦਾ ਸੀ। ਉੜੀਸਾ ਦੇ ਕਟਕ ਸ਼ਹਿਰ ਵਿਚ ਸਰਾਭਾ 1912 ਤਕ ਪੜ੍ਹਿਆ। ਇੱਥੋਂ ਹੀ ਅਗਲੇਰੀ ਪੜ੍ਹਾਈ ਵਾਸਤੇ ਉਹ ਅਮਰੀਕਾ ਦੇ ਸਾਨ ਫਰਾਂਸਿਸਕੋ ਸ਼ਹਿਰ ਚਲਾ ਗਿਆ।
ਅਮਰੀਕਾ ਦੀ ਧਰਤੀ ‘ਤੇ ਜਦੋਂ ਸਰਾਭੇ ਨੇ ਜੁਲਾਈ 1912 ਵਿਚ ਪੈਰ ਧਰਿਆ ਤਾਂ ਇਮੀਗ੍ਰੇਸ਼ਨ ਅਫਸਰਾਂ ਨੇ ਉਸ ਨੂੰ ‘ਏਲੀਅਨ’ ਕਹਿ ਕੇ ਅਵਾਜ਼ ਮਾਰੀ। ਅਮਰੀਕਾ ਵਿਚ ਉਸ ਵੇਲੇ ਭਾਰਤੀਆਂ ਖ਼ਾਸਕਰ ਪੰਜਾਬੀਆਂ ਨੂੰ ਗੋਰੇ ‘ਕਾਲੀਆਂ ਭੇਡਾਂ’, ‘ਦਾੜੀਆਂ ਵਾਲੀਆਂ ਔਰਤਾਂ’ ਕਹਿ ਕੇ ਛੇੜਦੇ ਸਨ। ਸਰਾਭਾ ਕੈਲੇਫਰੋਨੀਆ ਯੂਨੀਵਰਸਿਟੀ, ਬਰਕਲੇ ਵਿਚ ਉਸ ਸਮੇਂ ਇਲੈਕਟ੍ਰੀਕਲ ਇੰਜਨੀਅਰਿੰਗ ਪੜ੍ਹਨ ਗਿਆ ਸੀ। ਪਰ ਯੂਨੀਵਰਸਿਟੀ ਦੇ ਰਿਕਾਰਡ ਵਿਚ ਕਿਧਰੇ ਵੀ ਸਰਾਭੇ ਦੇ ਉੱਥੇ ਪੜ੍ਹਾਈ ਕਰਨ ਦਾ ਕੋਈ ਰਿਕਾਰਡ ਨਹੀਂ ਮਿਲਦਾ। ਦਰਅਸਲ, ਜੁਲਾਈ 1912 ਤੋਂ ਲੈ ਕੇ 21 ਅਪਰੈਲ 1913 ਵਿਚ ਗ਼ਦਰ ਪਾਰਟੀ ਬਣਨ ਤਕ ਦੇ ਸਮੇਂ ਵਿਚ ਸਰਾਭਾ ਕਿੱਥੇ ਰਿਹਾ, ਕੀ ਕਰਦਾ ਰਿਹਾ, ਇਸ ਸਭ ਬਾਰੇ ਬਹੁਤੀ ਖੋਜ ਨਹੀਂ ਮਿਲਦੀ ਹੈ। ਇਸ ਸਮੇਂ ਦੌਰਾਨ ਉਹ ਕਈ ਥਾਵਾਂ ‘ਤੇ ਕੰਮ ਕਰਦਾ ਰਿਹਾ। ਇਕ ਅਮਰੀਕਨ ਔਰਤ ਦੇ ਘਰ ਪੀਜੀ ਵੀ ਰਿਹਾ। ਫਿਰ ਆਪਣੇ ਪਿੰਡ ਦੇ ਰੁਲੀਆ ਸਿੰਘ ਕੋਲ ਅਸਟੋਰੀਆ ਚਲਾ ਗਿਆ। ਉੱਥੇ ਸੋਹਨ ਸਿੰਘ ਭਕਨਾ ਤੇ ਬਾਕੀ ਗ਼ਦਰੀਆਂ ਨਾਲ ਮੇਲ ਹੋਇਆ।
ਸਰਾਭੇ ਦਾ ਅਸਲ ਸਫ਼ਰ ਗ਼ਦਰ ਪਾਰਟੀ ਦੇ ਗਠਨ ਤੋਂ ਬਾਅਦ, ਖ਼ਾਸਕਰ ਯੁਗਾਂਤਰ ਆਸ਼ਰਮ ਵਿਚ ਗ਼ਦਰ ਅਖ਼ਬਾਰ ਛਾਪਣ ਤੋਂ ਸ਼ੁਰੂ ਹੁੰਦਾ ਹੈ। ਗ਼ਦਰ ਅਖ਼ਬਾਰ ਛਾਪਣ ਦੇ ਕੰਮ ਵਿਚ ਹੋ ਰਹੀ ਦੇਰੀ ਦਾ ਕਾਰਨ ਲਾਲਾ ਹਰਦਿਆਲ ਦੀ ਵਿਗੜਦੀ ਸਿਹਤ ਸੀ। ਸਰਾਭੇ ਨੇ ਕੈਲੇਫੋਰਨੀਆ ਜਾ ਕੇ ਉਨ੍ਹਾਂ ਨੂੰ ਪਹਿਲਾਂ ਤਾਂ ਸਰੀਰਿਕ ਤੌਰ ‘ਤੇ ਤੰਦਰੁਸਤ ਕੀਤਾ ਫੇਰ ਗ਼ਦਰ ਅਖ਼ਬਾਰ ਲਈ ਮਿਹਨਤ ਕੀਤੀ। ਉਸ ਦੇ ਸਾਥੀਆਂ ਦਾ ਕਹਿਣਾ ਸੀ ਕਿ ਸਰਾਭਾ ਅਠਾਰਾਂ-ਅਠਾਰਾਂ ਘੰਟੇ ਲਗਾਤਾਰ ਅਖ਼ਬਾਰ ਛਾਪਣ ਦਾ ਕੰਮ ਕਰਦਾ ਰਹਿੰਦਾ ਸੀ। ਫਿਰ ਸਾਈਕਲ ‘ਤੇ ਅਖ਼ਬਾਰ ਲੱਦ ਕੇ ਪੰਜਾਹ-ਸੱਠ ਮੀਲ ਦੂਰ ਮਿੱਲਾਂ ‘ਤੇ ਪਹੁੰਚਾ ਕੇ ਆਉਂਦਾ ਸੀ। ਕੰਮ ਲਈ ਐਨੀ ਲਗਨ ਤੇ ਹਿੰਮਤ ਸਦਕਾ ਹੀ ਸਰਾਭਾ ਗ਼ਦਰ ਪਾਰਟੀ ਵਿਚ ਸਭ ਤੋਂ ਛੋਟੀ ਉਮਰ ਦਾ ਹੋਣ ਦੇ ਬਾਵਜੂਦ ਸਿਰਕੱਢ ਨੇਤਾ ਬਣਦਾ ਜਾ ਰਿਹਾ ਸੀ। ਗ਼ਦਰ ਪਾਰਟੀ ਦੇ ਸਾਰੇ ਵੱਡੇ ਨੇਤਾ ਉਸ ਦੀ ਇੱਜ਼ਤ ਕਰਦੇ ਸਨ। ਸਿੱਖਣ ਦੀ ਕਲਾ ਸਰਾਭੇ ਵਿਚ ਐਨੀ ਜ਼ਿਆਦਾ ਸੀ ਕਿ ਜੋ ਕੰਮ ਸਾਧਾਰਨ ਬੰਦਾ ਦਸ ਦਿਨ ਵਿਚ ਸਿੱਖਦਾ ਸੀ ਤਾਂ ਸਰਾਭਾ ਉਹੀ ਕੰਮ ਚਾਰ ਦਿਨ ਵਿਚ ਸਿੱਖ ਲੈਂਦਾ ਸੀ। ਗ਼ਦਰ ਪਾਰਟੀ ਵੱਲੋਂ ਭਾਰਤ ਵਿਚ ਹਥਿਆਰਬੰਦ ਗ਼ਦਰ ਕਰਨ ਦੀ ਯੋਜਨਾ ਤਹਿਤ ਹੀ ਸਰਾਭੇ ਨੂੰ ਹਵਾਈ ਜਹਾਜ਼ ਚਲਾਉਣ ਦੀ ਟ੍ਰੇਨਿੰਗ ਵਾਸਤੇ ਚੁਣਿਆ ਗਿਆ ਸੀ। ਖੋਜ ਕੀਤਿਆਂ ਪਤਾ ਲਗਦਾ ਹੈ ਕਿ ਜੇ 1914 ਵਿਚ ਹਵਾਈ ਜਹਾਜ਼ ਦੀ ਟ੍ਰੇਨਿੰਗ ਲੈਣ ਵਾਲੇ ਸਰਾਭੇ ਨੂੰ ਭਾਰਤ ਦਾ ਪਹਿਲਾ ਪਾਇਲਟ ਕਿਹਾ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ।
ਅਗਸਤ 1914 ਵਿਚ ਇੰਗਲੈਂਡ ਅਤੇ ਜਰਮਨੀ ਵਿਚਕਾਰ ਲੜਾਈ ਸ਼ੁਰੂ ਹੋਈ ਤਾਂ ਗ਼ਦਰ ਪਾਰਟੀ ਨੇ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਹਥਿਆਰਬੰਦ ਗ਼ਦਰ ਕਰਨ ਲਈ ਭਾਰਤ ਵੱਲ ਵਹੀਰਾਂ ਘੱਤ ਲਈਆਂ ਸਨ। ਜਿਹੜੇ ਗ਼ਦਰੀ ਕਲਕੱਤੇ ਵਲੋਂ ਭਾਰਤ ਪਹੁੰਚੇ ਸਨ, ਉਨ੍ਹਾਂ ਨੂੰ ਬੰਦਰਗਾਹ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਸਰਾਭਾ ਆਪਣੀ ਸਮਝ ਨਾਲ ਕੋਲੰਬੋ ਵਾਲੇ ਪਾਸਿਓਂ ਭਾਰਤ ਵਿਚ ਦਾਖ਼ਲ ਹੋਇਆ ਸੀ। ਗ਼ਦਰ ਪਾਰਟੀ ਦੇ ਨੇਤਾ ਸੋਹਨ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ, ਕੇਸਰ ਸਿੰਘ ਠੱਠਗੜ੍ਹ, ਮਾਸਟਰ ਊਧਮ ਸਿੰਘ ਕਸੇਲ, ਸ਼ੇਰ ਸਿੰਘ ਵੇਈਂਪੂਈਂ ਆਦਿ ਜੇਲ੍ਹਾਂ ਵਿਚ ਬੰਦ ਹੋ ਗਏ ਸਨ। ਇਨ੍ਹਾਂ ਦੀ ਗ਼ੈਰ-ਮੌਜੂਦਗੀ ਕਾਰਨ ਹੀ ਸਰਾਭਾ ਗ਼ਦਰ ਪਾਰਟੀ ਦਾ ਸਿਪਹਾਸਾਲਾਰ ਬਣ ਕੇ ਉਭਰਿਆ ਸੀ। ਸਰਾਭਾ ਭਾਰਤ ਵਿਚ ਸਤੰਬਰ 1914 ਦੇ ਆਖ਼ਰ ਵਿਚ ਪਹੁੰਚਿਆ ਸੀ ਤੇ 2 ਮਾਰਚ 1915 ਨੂੰ ਗ੍ਰਿਫ਼ਤਾਰ ਹੋ ਗਿਆ ਸੀ। ਕਈ ਸਾਲਾਂ ਦਾ ਕੰਮ ਉਸ ਨੇ ਛੇ ਕੁ ਮਹੀਨਿਆਂ ਵਿਚ ਹੀ ਕਰ ਦਿੱਤਾ ਸੀ। ਗ਼ਦਰੀਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਮਾਝੇ, ਮਾਲਵੇ ਅਤੇ ਦੁਆਬੇ ਵਿਚ ਅਲੱਗ ਅਲੱਗ ਕਮੇਟੀਆਂ ਬਣਾਈਆਂ ਸੀ ਪਰ ਸਰਾਭਾ ਇਨ੍ਹਾਂ ਤਿੰਨਾਂ ਕਮੇਟੀਆਂ ਵਿਚਕਾਰ ਪੁਲ ਦਾ ਕੰਮ ਕਰਦਾ ਸੀ। ਉਹ ਇਕ ਦਿਨ ਵਿਚ ਪੰਜਾਹ-ਪੰਜਾਹ ਮੀਲ ਸਾਈਕਲ ਚਲਾਉਂਦਾ ਸੀ। ਉਸ ਦੀ ਸਖ਼ਸ਼ੀਅਤ ਵਿਚ ਇਕ ਖਿੱਚ ਸੀ ਜਿਸ ਨੂੰ ਵੀ ਪੰਜ ਮਿੰਟ ਲਈ ਮਿਲਦਾ ਉਸ ਨੂੰ ਆਪਣੇ ਵੱਲ ਅਕਰਸ਼ਿਤ ਕਰ ਲੈਂਦਾ ਸੀ। ਆਪਣੀ ਇਸੇ ਸਖ਼ਸ਼ੀਅਤ ਕਰਕੇ ਉਸ ਨੇ ਫ਼ਿਰੋਜ਼ਪੁਰ ਦੀ ਛਾਉਣੀ ਦੇ ਭਾਰਤੀ ਸਿਪਾਹੀਆਂ ਨਾਲ ਰਾਬਤਾ ਬਣਾ ਲਿਆ ਸੀ। ਉਨ੍ਹਾਂ ਨੂੰ ਗ਼ਦਰ ਵੇਲੇ ਸਾਥ ਦੇਣ ਲਈ ਤਿਆਰ ਕਰ ਲਿਆ ਸੀ। ਪਰ ਇਸ ਵੇਲੇ ਗ਼ਦਰੀਆਂ ਲਈ ਸਭ ਤੋਂ ਵੱਡੀ ਸਮੱਸਿਆ ਹਥਿਆਰਾਂ ਦਾ ਨਾ ਹੋਣਾ ਸੀ, ਜੋ ਹਥਿਆਰ ਪਿੱਛੋਂ ਅਮਰੀਕਾ ਤੋਂ ਆਉਣੇ ਸੀ, ਉਹ ਪਹੁੰਚੇ ਨਹੀਂ ਸਨ। ਹਥਿਆਰਾਂ ਦੀ ਘਾਟ ਕਾਰਨ ਹੀ ਗ਼ਦਰੀਆਂ ਨੇ ਮਜਬੂਰੀਵੱਸ ਡਾਕੇ ਮਾਰੇ। ਇਸ ਦਾ ਸਿੱਧਾ ਮਨੋਰਥ ਹਥਿਆਰਾਂ ਲਈ ਪੈਸਾ ਇਕੱਠਾ ਕਰਨਾ ਸੀ। 23 ਜਨਵਰੀ ਤੋਂ ਲੈ 3 ਫਰਵਰੀ 1915 ਤਕ ਸਾਹਨੇਵਾਲ, ਮਨਸੂਰਾਂ, ਝੁਨੀਰ, ਰੱਬੋਂ, ਝੁਨੇਰ ਅਤੇ ਚੱਬੇ ਪਿੰਡ ਵਿਚ ਡਾਕੇ ਮਾਰੇ। ਸਾਹਨੇਵਾਲ ਤੇ ਮਨਸੂਰਾਂ ਦੇ ਡਾਕਿਆਂ ਵਿਚ ਸਰਾਭਾ ਮੋਹਰੀ ਸੀ। ਇਨ੍ਹਾਂ ਡਾਕਿਆਂ ਵਿਚੋਂ ਮਿਲੇ ਪੈਸੇ ਤੇ ਗਹਿਣੇ ਗੱਟੇ ਨਾਲ ਕੁਝ ਹਥਿਆਰ ਖ਼ਰੀਦੇ ਗਏ ਸਨ। ਚੱਬੇ ਪਿੰਡ ਦੇ ਡਾਕੇ ਵਿਚ ਕਾਲਾ ਲੁਹਾਰ ਨਾਂ ਦਾ ਇਕ ਬੰਦਾ ਫੜਿਆ ਗਿਆ ਤੇ ਉਸ ਨੇ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ। ਇਥੋਂ ਹੀ ਪੁਲਿਸ ਨੇ ਕ੍ਰਿਪਾਲ ਸਿੰਘ ਨੂੰ ਪਾਰਟੀ ਵਿਚ ਸੂਹੀਆ ਬਣਾ ਕੇ ਵਾੜਿਆ ਤੇ ਦਿਨਾਂ ਵਿਚ ਹੀ ਗ਼ਦਰ ਦੀ ਸਾਰੀ ਖ਼ੁਫ਼ੀਆ ਜਾਣਕਾਰੀ ਪੁਲਿਸ ਕੋਲ ਪਹੁੰਚ ਗਈ। ਪਹਿਲਾਂ 21 ਫਰਵਰੀ ਨੂੰ ਗ਼ਦਰ ਹੋਣਾ ਸੀ ਪਰ ਮੁਖ਼ਬਰੀ ਕਰਕੇ ਤਾਰੀਖ਼ 19 ਫਰਵਰੀ ਕੀਤੀ ਗਈ ਪਰ ਐਨ ਮੌਕੇ ਇਸ ਤਾਰੀਖ ਦਾ ਵੀ ਪੁਲਿਸ ਨੂੰ ਪਤਾ ਲੱਗ ਗਿਆ। ਗ਼ਦਰ ਕਰਨ ਦਾ ਸੁਪਨਾ, ਸੁਪਨਾ ਹੀ ਰਹਿ ਗਿਆ। ਕਈ ਗ਼ਦਰੀ ਫੜੇ ਗਏ ਸਨ। ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਤਿੰਨੋਂ ਕੁਝ ਦਿਨਾਂ ਵਾਸਤੇ ਆਫ਼ਗਾਨਿਸਤਾਨ ਵੱਲ ਨਿਕਲ ਗਏ। ਪਰ ਐਨ ਮੌਕੇ ਸਰਾਭੇ ਦਾ ਮਨ ਬਦਲ ਗਿਆ ਉਸ ਨੂੰ ਲੱਗਾ ਕਿ ਦੇਸ਼ ਅਜ਼ਾਦ ਕਰਾਉਣ ਲਈ ਹਜ਼ਾਰਾਂ ਮੀਲ ਚੱਲ ਕੇ ਆਏ ਸੀ ਤੇ ਹੁਣ ਮੂੰਹ ਛੁਪਾ ਕੇ ਚੋਰਾਂ ਦੀ ਤਰ੍ਹਾਂ ਦੀ ਭੱਜ ਰਹੇ ਹਾਂ। ਤਿੰਨੋਂ ਵਾਪਸ ਮੁੜ ਆਏ ਤੇ ਸਰਗੋਧੇ ਕੋਲ ਚੱਕ ਨੰਬਰ-5 ਵਿਚ ਰਜਿੰਦਰ ਸਿੰਘ ਕੋਲ ਬੰਦੂਕਾਂ ਲੈਣ ਪਹੁੰਚੇ। ਇਥੇ ਹੀ ਗੰਡਾ ਸਿੰਘ ਰਸਾਲਦਾਰ ਨੇ ਤਿੰਨਾਂ ਨੂੰ 2 ਮਾਰਚ 1915 ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਪਹਿਲੇ ਲਾਹੌਰ ਸਾਜ਼ਿਸ਼ ਕੇਸ 26 ਅਪਰੈਲ 1915 ਨੂੰ ਲਗਭਗ 82 ਗ਼ਦਰੀਆਂ ‘ਤੇ ਮੁਕੱਦਮਾ ਚੱਲਿਆ। ਕਈ ਗ਼ਦਰੀ ਮੌਤ ਤੋਂ ਡਰਦੇ ਵਾਅਦਾ ਮੁਆਫ ਗਵਾਹ ਬਣ ਗਏ ਜਿਨ੍ਹਾਂ ਵਿਚ ਮੂਲਾ ਸਿੰਘ, ਅਮਰ ਸਿੰਘ, ਉਮਰਾਉ ਸਿੰਘ, ਨਰਾਇਣ ਸਿੰਘ, ਜਵਾਲਾ ਸਿੰਘ, ਸੁੱਚਾ ਸਿੰਘ ਆਦਿ ਪ੍ਰਮੁੱਖ ਸਨ। ਮੂਲਾ ਸਿੰਘ ਪਾਰਟੀ ਦਾ ਅਮਰੀਕਾ ਤੋਂ ਹੀ ਸਿਰਕੱਢ ਨੇਤਾ ਸੀ। ਉਸ ਨੇ ਸਭ ਤੋਂ ਵੱਧ ਗਵਾਹੀਆਂ ਦਿੱਤੀਆਂ। ਸਰਾਭੇ ਸਣੇ ਕੁੱਲ 24 ਗ਼ਦਰੀਆਂ ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਸਰਾਭੇ ਵਲੋਂ ਆਪਣੇ ਬਚਾਅ ਲਈ ਕੋਈ ਵਕੀਲ ਨਹੀਂ ਕੀਤਾ ਗਿਆ ਸੀ। ਕੋਰਟ ਦੀ ਕਾਰਵਾਈ ਦਿਖਾਵਾ ਮਾਤਰ ਸੀ ਜਿਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਕੇਸ ਵਿਚ ਅਦਾਲਤ ਦੇ ਫ਼ੈਸਲੇ ਵਿਰੁੱਧ ਕੋਈ ਵੀ ਗ਼ਦਰੀ ਅੱਗੇ ਅਪੀਲ ਨਹੀਂ ਸੀ ਕਰ ਸਕਦਾ। ਗ਼ਦਰੀਆਂ ਵਲੋਂ ਕੇਸ ਦੀ ਪੈਰਵੀ ਕਰ ਰਹੇ ਵਕੀਲ ਰਘੂਵਰ ਸਹਾਇ ਨੇ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਮੁੱਦਾ ਵਾਇਸਰਾਇ ਕੌਂਸਲ ਕੋਲ ਉਠਾਇਆ ਤੇ ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਨੇ ਕਾਨੂੰਨੀ ਪੈਂਤਰਿਆਂ ਦੀ ਨਜ਼ਰਸਾਨੀ ਤੋਂ ਬਾਅਦ 24 ਗ਼ਦਰੀਆਂ ਵਿਚੋਂ 17 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਤੋੜ ਕੇ ਸਜ਼ਾ-ਏ-ਕਾਲੇਪਾਣੀ ਕਰ ਦਿੱਤੀ। ਸਰ ਅਲੀ ਇਮਾਮ ਨੇ ਸਰਾਭੇ ਦੀ ਫਾਂਸੀ ਵੀ ਉਮਰ ਕੈਦ ਵਿਚ ਤਬਦੀਲ ਕਰਵਾਉਣ ਲਈ ਬਹੁਤ ਜੱਦੋ ਜਹਿਦ ਕੀਤੀ, ਕਿਉਂਕਿ ਸਰਾਭੇ ਦੀ ਉਮਰ ਉਸ ਵੇਲੇ ਸਭ ਤੋਂ ਘੱਟ ਸੀ। ਪਰ ਵਾਇਸਰਾਇ ਨੇ ਅਪੀਲ ਖਾਰਜ਼ ਕਰ ਦਿੱਤੀ ਸੀ। ਕੋਰਟ ਦੇ ਜੱਜਾਂ ਵਲੋਂ ਸਰਾਭੇ ਬਾਰੇ ਸਭ ਤੋਂ ਵੱਧ ਸੱਤ ਪੰਨਿਆਂ ਦਾ ਫ਼ੈਸਲਾ ਲਿਖਿਆ ਗਿਆ ਸੀ ਜਿਸ ਵਿਚ ਉਸ ਨੂੰ ਸਭ ਤੋਂ ਵੱਧ ‘ਖ਼ਤਰਨਾਕ’ ਦੱਸਿਆ ਗਿਆ ਸੀ। ਫ਼ੈਸਲੇ ਵਿਚ ਅਹਿਮ ਗੱਲ ਇਹ ਲਿਖੀ ਗਈ ਸੀ ਕਿ ਗ਼ਦਰ ਦੀ ਅਜਿਹੀ ਕੋਈ ਵੀ ਘਟਨਾ ਨਹੀਂ ਹੈ ਜਿਸ ਵਿਚ ਸਰਾਭਾ ਸ਼ਾਮਿਲ ਨਾ ਹੋਵੇ। ਆਖ਼ਰ ਸਰਾਭੇ ਤੇ ਉਸ ਦੇ ਛੇ ਸਾਥੀਆਂ ਜਿਨ੍ਹਾਂ ਵਿਚ ਵਿਸ਼ਣੂ ਗਣੇਸ਼ ਪਿੰਗਲੇ, ਜਗਤ ਸਿੰਘ ਸੁਰਸਿੰਘ, ਹਰਨਾਮ ਸਿੰਘ ਸਿਆਲਕੋਟ, ਸੁਰੈਣ ਸਿੰਘ ਵੱਡਾ, ਬਖਸ਼ੀਸ਼ ਸਿੰਘ ਤੇ ਸੁਰੈਣ ਸਿੰਘ ਛੋਟਾ ਨੂੰ 16 ਨਵੰਬਰ 1915 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਫਾਂਸੀ ਲਾ ਦਿੱਤਾ ਗਿਆ।
ਸਰਾਭੇ ਦੀ ਆਖਰੀ ਇੱਛਾ ਸੀ ਕਿ ਫਾਂਸੀ ਚੜ੍ਹਨ ਤੋਂ ਬਾਅਦ ਉਸ ਨੂੰ ਸ਼ਹੀਦ ਨਾ ਕਿਹਾ ਜਾਵੇ ਬਲਕਿ ਉਸ ਦੇ ਨਾਮ ਅੱਗੇ ‘ਬਾਗ਼ੀ’ ਲਗਾਇਆ ਜਾਵੇ। ਬਾਗ਼ੀ ਕਰਤਾਰ ਸਿੰਘ ਸਰਾਭਾ। ਫਾਂਸੀ ਚੜ੍ਹਨ ਵੇਲੇ ਉਸ ਦੇ ਜੇਲਰ ਨੂੰ ਬੋਲੇ ਗਏ ਆਖ਼ਰੀ ਬੋਲ ਸਨ, ‘ਜੇਲਰ ਸਾਬ੍ਹ ਯੇ ਮਤ ਸੋਚਨਾ ਕਿ ਬਾਗ਼ੀ ਕਰਤਾਰ ਸਿੰਘ ਮਰ ਜਾਏਗਾ, ਮੇਰੇ ਖੂਨ ਕੇ ਜਿਤਨੇ ਕਤਰੇ ਹੈਂ, ਉਤਨੇ ਕਰਤਾਰ ਸਿੰਘ ਔਰ ਪੈਦਾ ਹੋਂਗੇ। ਔਰ ਦੇਸ਼ ਕੀ ਅਜ਼ਾਦੀ ਕੇ ਲੀਏ ਕਾਮ ਕਰੇਂਗੇ। ਵੰਦੇ ਮਾਤਰਮ੩’।