ਰਾਜੀਵ ਸ਼ੁਕਲਾ ਬੋਲੇ : ਸਿਰਫ਼ ਕ੍ਰਿਕਟ ’ਤੇ ਫੋਕਸ ਅਤੇ ਰਾਜਨੀਤੀ ਨਹੀਂ
ਅਟਾਰੀ/ਬਿਊਰੋ ਨਿਊਜ਼
ਗੁਆਂਢੀ ਮੁਲਕ ਪਾਕਿਸਤਾਨ ਵਿਖੇ ਖ਼ੇਡੇ ਜਾਣ ਵਾਲੇ ਏਸ਼ੀਆ ਕੱਪ ਦੇ ਕਿ੍ਰਕਟ ਮੈਚ ਨੂੰ ਵੇਖਣ ਲਈ ਅੱਜ ਭਾਰਤ ਤੋਂ ਬੀ. ਸੀ. ਸੀ. ਆਈ. ਪ੍ਰਧਾਨ ਤੇ ਆਈ. ਪੀ. ਐਲ. ਦੇ ਚੇਅਰਮੈਨ ਦੀ ਅਗਵਾਈ ਵਿਚ ਚਾਰ ਮੈਂਬਰੀ ਉੱਚ ਪੱਧਰੀ ਵਫ਼ਦ ਭਾਰਤ ਤੋਂ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋ ਗਿਆ। ਪਾਕਿਸਤਾਨ ਜਾਣ ਤੋਂ ਪਹਿਲਾਂ ਅਟਾਰੀ ਸਰਹੱਦ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੀ. ਸੀ. ਸੀ. ਆਈ. ਦੇ ਪ੍ਰਧਾਨ ਰੋਜਰ ਮਾਈਕਲ ਬਿਨੀ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਆਈ. ਪੀ.ਐੱਲ ਦੇ ਚੇਅਰਮੈਨ ਰਾਜੀਵ ਸ਼ੁਕਲਾ ਐਮ. ਪੀ. ਮੈਂਬਰ ਰਾਜ ਸਭਾ, ਜਨਾਬ ਮੁਹੰਮਦ ਅਕਰਮ, ਯੁੱਧਵੀਰ ਸਿੰਘ ਸਮੇਤ ਚਾਰ ਮੈਂਬਰੀ ਵਫ਼ਦ ਪਾਕਿਸਤਾਨ ਕਿ੍ਰਕਟ ਬੋਰਡ ਦੇ ਸੱਦੇ ’ਤੇ 15 ਦਿਨਾਂ ਪਾਕਿਸਤਾਨੀ ਵੀਜੇ ’ਤੇ ਪਾਕਿਸਤਾਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਪਾਕਿਸਤਾਨ ’ਚ ਹੋਣ ਜਾ ਰਹੇ ਏਸ਼ੀਆ ਕੱਪ ਦੇ ਕਿ੍ਰਕਟ ਮੈਚ ਨੂੰ ਵੇਖਣ ਲਈ ਜਾ ਰਹੇ ਹਨ। ਇਸੇ ਦੌਰਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਸਾਡਾ ਪੂਰਾ ਧਿਆਨ ਕ੍ਰਿਕਟ ’ਤੇ ਹੀ ਰਹੇਗਾ ਅਤੇ ਇਸ ਵਿਚ ਕੋਈ ਰਾਜਨੀਤੀ ਨਹੀਂ ਹੈ। ਪਾਕਿਸਤਾਨ ਪਹੁੰਚੇ ਕਿ੍ਰਕਟ ਬੋਰਡ ਦੇ ਅਹੁਦੇਦਾਰ ਅਧਿਕਾਰੀਆਂ ਦਾ ਪਾਕਿਸਤਾਨ ਕਿ੍ਰਕਟ ਬੋਰਡ ਦੇ ਅਹੁਦੇਦਾਰਾਂ ਵਲੋਂ ਵਾਹਗਾ ਪਾਕਿਸਤਾਨ ਵਿਖੇ ਨਿੱਘਾ ਸੁਆਗਤ ਕੀਤਾ ਗਿਆ, ਜਿੱਥੋਂ ਭਾਰਤੀ ਵਫ਼ਦ ਨੂੰ ਸੁਰੱਖਿਆ ਤਹਿਤ ਪਾਕਿਸਤਾਨ ਸਰਕਾਰ ਦੇ ਅਧਿਕਾਰੀ ਲਾਹੌਰ ਵਿਖੇ ਲੈ ਕੇ ਗਏ।