ਕਿਸਾਨਾਂ ਨੂੰ ਮਿਲੇਗੀ ਵਿਸ਼ੇਸ਼ ਰਿਆਇਤ, ਆਮ ਲੋਕ ਵੀ ਕਰਵਾ ਸਕਣਗੇ ਬੁਕਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਮੰਡੀ ਬੋਰਡ ਨੇ ਆਮ ਲੋਕਾਂ ਦੀ ਸਹੂਲਤ ਲਈ ਚੰਡੀਗੜ੍ਹ ਦੇ ਸੈਕਟਰ-35 ਸਥਿਤ ਕਿਸਾਨ ਭਵਨ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਿਸਾਨ ਹਵੇਲੀ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਇਸ ਮਕਸਦ ਲਈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਚੰਡੀਗੜ੍ਹ ‘ਚ ਸਥਿਤ ਕਿਸਾਨ ਭਵਨ ‘ਚ ਵੈੱਬਸਾਈਟ ਲਾਂਚ ਕੀਤੀ ਹੈ।
ਵੈੱਬਸਾਈਟ ਰਾਹੀਂ ਕੋਈ ਵੀ ਵਿਅਕਤੀ ਕਿਸਾਨ ਭਵਨ ਤੇ ਕਿਸਾਨ ਹਵੇਲੀ ਵਿੱਚ ਸਸਤੇ ਭਾਅ ‘ਤੇ ਰਹਿਣ ਲਈ ਬੁਕਿੰਗ ਕਰਵਾ ਸਕਦਾ ਹੈ। ਪੰਜਾਬ ਮੰਡੀ ਬੋਰਡ ਨੇ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਨੂੰ ਨਵੀਂ ਦਿੱਖ ਦਿੱਤੀ ਹੈ।
ਬਰਸਟ ਨੇ ਕਿਹਾ ਕਿ ਕਿਸਾਨ ਭਵਨ ਵਿੱਚ 40 ਏਸੀ ਕਮਰੇ ਅਤੇ 115 ਡੋਰਮੈਟਰੀ ਬੈੱਡ ਹਨ। ਕਿਸਾਨ ਭਵਨ ਵਿੱਚ ਦੋ ਕਾਨਫਰੰਸ ਅਤੇ ਇਕ ਪਾਰਟੀ ਹਾਲ ਵੀ ਹਨ, ਜਿਥੇ 40 ਤੋਂ ਲੈ ਕੇ ਇਕ ਹਜ਼ਾਰ ਲੋਕਾਂ ਦਾ ਇਕੱਠ ਕੀਤਾ ਜਾ ਸਕਦਾ ਹੈ।
ਸ੍ਰੀ ਆਨੰਦਪੁਰ ਸਾਹਿਬ ‘ਚ ਕਿਸਾਨ ਹਵੇਲੀ ਅੰਦਰ ਆਧੁਨਿਕ ਸਹੂਲਤਾਂ ਨਾਲ ਲੈਸ 14 ਕਮਰੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਭਵਨ ਚੰਡੀਗੜ੍ਹ ਵਿੱਚ ਕਿਸਾਨਾਂ ਨੂੰ ਰਹਿਣ ਅਤੇ ਹੋਰ ਸਮਾਗਮਾਂ ਲਈ ਵਿਸ਼ੇਸ਼ ਰਿਆਇਤਾਂ ਦਿੱਤੀਆਂ ਗਈਆਂ ਹਨ ਜਦਕਿ ਆਮ ਲੋਕ ਵੀ ਬਾਜ਼ਾਰ ਨਾਲੋਂ ਘੱਟ ਕੀਮਤ ‘ਤੇ ਕਮਰੇ ਬੁੱਕ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ ਦੇ ਆਰਡੀਐੱਫ ਦੇ ਫੰਡ ਰੋਕ ਕੇ ਸੂਬੇ ਦੇ ਦਿਹਾਤੀ ਖੇਤਰ ਦੇ ਵਿਕਾਸ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਪਰ ਬੋਰਡ ਆਪਣੀ ਆਮਦਨ ਵਧਾਉਣ ਲਈ ਯਤਨ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਭਵਨ ਨੂੰ ਨਵਿਆਉਣ ਤੋਂ ਬਾਅਦ ਵਿੱਤੀ ਵਰ੍ਹੇ 2023-24 ਦੇ ਪਹਿਲੇ ਮਹੀਨੇ ਅਪਰੈਲ ਵਿੱਚ 7.08 ਲੱਖ ਦੀ ਆਮਦਨ ਹੋਈ ਸੀ, ਜੋ ਦਸੰਬਰ ਵਿੱਚ ਵਧ ਕੇ 43.02 ਲੱਖ ਰੁਪਏ ‘ਤੇ ਪਹੁੰਚ ਗਈ ਹੈ। ਇਸ ਤਰ੍ਹਾਂ ਮੰਡੀ ਬੋਰਡ ਨੇ 9 ਮਹੀਨਿਆਂ ਵਿੱਚ 2.63 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਪਿਛਲੀਆਂ ਸਰਕਾਰਾਂ ਵੇਲੇ ਦੇ 4.75 ਕਰੋੜ ਰੁਪਏ ਬਕਾਇਆ ਖੜ੍ਹੇ: ਬਰਸਟ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ‘ਚ ਕਿਸਾਨ ਭਵਨ ਵਿੱਚ ਲੋਕਾਂ ਦੀ ਥਾਂ ‘ਤੇ ਕੇਂਦਰੀ ਸੁਰੱਖਿਆ ਬੱਲਾਂ ਦੇ ਮੁਲਾਜ਼ਮ ਹੀ ਰਹਿੰਦੇ ਸਨ ਜਿਨ੍ਹਾਂ ਦੇ 4.75 ਕਰੋੜ ਰੁਪਏ ਪਿਛਲੀਆਂ ਸਰਕਾਰਾਂ ਵੱਲ ਬਕਾਇਆ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਸ ਰਕਮ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …