Breaking News
Home / ਪੰਜਾਬ / ਹਰਵਿੰਦਰ ਸਿੰਘ ਤਤਲਾ ਦਾ ਕਾਵਿ ਸੰਗ੍ਰਹਿ ‘ਲਫ਼ਜ਼ਾਂ ਦੀ ਲੱਜ਼ਤ’ ਹੋਇਆ ਲੋਕ ਅਰਪਣ

ਹਰਵਿੰਦਰ ਸਿੰਘ ਤਤਲਾ ਦਾ ਕਾਵਿ ਸੰਗ੍ਰਹਿ ‘ਲਫ਼ਜ਼ਾਂ ਦੀ ਲੱਜ਼ਤ’ ਹੋਇਆ ਲੋਕ ਅਰਪਣ

ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ 06 ਜਨਵਰੀ 2024, ਦਿਨ ਸ਼ਨੀਵਾਰ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਮਸ਼ਹੂਰ ਗੀਤਕਾਰ ਹਰਵਿੰਦਰ ਸਿੰਘ ਤਤਲਾ ਦੇ ਪਲੇਠੇ ਕਾਵਿ ਸੰਗ੍ਰਹਿ ‘ਲਫ਼ਜ਼ਾਂ ਦੀ ਲੱਜ਼ਤ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਤਤਲਾ ਪਰਿਵਾਰ ਦੇ ਮੈਂਬਰਾਂ, ਦੋਸਤਾਂ ਤੇ ਹੋਰ ਸ਼ੁਭਚਿੰਤਕਾਂ ਵੱਲੋਂ ਇਸ ਮੌਕੇ ਸ਼ਿਰਕਤ ਕੀਤੀ ਗਈ। ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਹਰਵਿੰਦਰ ਸਿੰਘ ਤਤਲਾ ਦੀ ਕਲਮ ਸੰਭਾਵਨਾਵਾਂ ਨਾਲ ਭਰੀ ਹੋਈ ਹੈ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਹ ਕਾਵਿ ਸੰਗ੍ਰਹਿ ਨਵੇਂ ਸਮਾਜ ਦੀ ਸਿਰਜਣਾ ਲਈ ਪਾਠਕਾਂ ਵਿੱਚ ਸੋਝੀ ਪੈਦਾ ਕਰਨ ਦੇ ਸਮਰੱਥ ਹੈ। ਪੁਸਤਕ ਰਿਲੀਜ਼ ਸਮਾਰੋਹ ਪੰਜਾਬੀ ਫ਼ਿਲਮਾਂ ਦੇ ਉੱਘੇ ਕਲਾਕਾਰ ਮਲਕੀਤ ਰੌਣੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਉੱਘੇ ਕਵੀ ਅਤੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਮਸ਼ਹੂਰ ਗਾਇਕ ਸਿਕੰਦਰ ਸਲੀਮ, ਉੱਘੇ ਗੀਤਕਾਰ ਤੇ ਫ਼ਿਲਮਸਾਜ਼ ਅਮਰਦੀਪ ਸਿੰਘ ਗਿੱਲ, ਉੱਘੀ ਰੰਗਮੰਚ ਅਤੇ ਫ਼ਿਲਮ ਅਦਾਕਾਰਾ ਅਨੀਤਾ ਸ਼ਬਦੀਸ਼, ਪੁਸਤਕ ਲੇਖਕ ਹਰਵਿੰਦਰ ਸਿੰਘ ਤਤਲਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਇਆ। ਸੁਰਜੀਤ ਸਿੰਘ ਧੀਰ ਨੇ ਤਤਲਾ ਦੀ ਕਵਿਤਾ ਸੋਹਣੇ ਤਰੀਕੇ ਨਾਲ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਿਕੰਦਰ ਸਲੀਮ ਨੇ ਕਿਤਾਬ ਵਿਚੋਂ ਖ਼ੂਬਸੂਰਤ ਕਵਿਤਾਵਾਂ ਆਪਣੀ ਮਨਮੋਹਕ ਆਵਾਜ਼ ਵਿੱਚ ਸੁਣਾ ਕੇ ਸਮਾਂ ਬਨ੍ਹਿਆ। ਸੁਰਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਅਜਿਹੀਆਂ ਕਿਤਾਬਾਂ ਪੰਜਾਬੀ ਸਾਹਿਤ ਦੇ ਉੱਜਲ ਭਵਿੱਖ ਦੀ ਪੌੜੀ ਹਨ।
ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਮਿਆਰੀ ਕਵਿਤਾ ਦਾ ਵਾਸਾ ਦਿਲਾਂ ਵਿਚ ਹੁੰਦਾ ਹੈ। ਪੰਜਾਬ ਇਪਟਾ ਪ੍ਰਧਾਨ ਸੰਜੀਵਨ ਸਿੰਘ ਨੇ ਹਰਵਿੰਦਰ ਤਤਲਾ ਨੂੰ ਉੱਚੀ ਉਡਾਣ ਦਾ ਗੀਤਕਾਰ ਦੱਸਿਆ। ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਤਤਲਾ ਸੁੱਚੇ ਪਾਣੀ ਵਰਗੇ ਸ਼ਬਦਾਂ ਨਾਲ ਮਾਲਾਮਾਲ ਹੈ ਜਿਹੜਾ ਲੋਕ ਪੱਖੀ, ਸਮਾਜ ਪੱਖੀ, ਪੰਜਾਬ ਪੱਖੀ ਗੀਤਾਂ, ਕਵਿਤਾਵਾਂ, ਰਚਨਾਵਾਂ ਦੀ ਸਿਰਜਣਾ ਕਰਨ ਦੇ ਹਰ ਹਾਲ ਵਿੱਚ ਸਮਰੱਥ ਹੈ।
‘ਲਫ਼ਜ਼ਾਂ ਦੀ ਲੱਜ਼ਤ’ ਦੇ ਰਚਨਹਾਰ ਹਰਵਿੰਦਰ ਸਿੰਘ ਤਤਲਾ ਨੇ ਕਿਹਾ ਕਿ ਉਹਨਾਂ ਇਹਨਾਂ ਲਿਖਤਾਂ ਨੂੰ ਜੀਵਿਆ, ਮਾਣਿਆ ਅਤੇ ਮਹਿਸੂਸ ਕੀਤਾ ਹੈ। ਮੁੱਖ ਮਹਿਮਾਨ ਮਲਕੀਤ ਰੌਣੀ ਨੇ ਅਦਬੀ ਸ਼ਖ਼ਸੀਅਤਾਂ ਨੂੰ ਕਿਹਾ ਕਿ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਹੀ ਸਾਹਿਤ ਦੀ ਗੁੜ੍ਹਤੀ ਹੈ।
ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬੀਅਤ ਦੀ ਰਵਾਇਤੀ ਜ਼ਿੰਮੇਵਾਰੀ ਨਾਲ ਲਬਰੇਜ਼ ਸਾਹਤਿਕ ਅੰਦਾਜ਼ ਹਰਵਿੰਦਰ ਦੀਆਂ ਕਵਿਤਾਵਾਂ ਦਾ ਬੁਨਿਆਦੀ ਸੁਰ ਹੈ। ਆਇਆਂ ਦਾ ਧੰਨਵਾਦ ਪੰਜਾਬੀ ਲੇਖਕ ਸਭਾ ਦੇ ਸਕੱਤਰ ਪਾਲ ਅਜਨਬੀ ਨੇ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਾਇਬ ਔਜਲਾ, ਮਨਜੀਤ ਕੌਰ ਮੀਤ, ਪੂਨਮਦੀਪ ਕੌਰ, ਬਲਜੀਤ ਕੌਰ, ਰਹਿਮਤ ਕੌਰ, ਪ੍ਰੀਤਮ ਕੌਰ, ਵਰਿੰਦਰ ਸਿੰਘ ਚੱਠਾ, ਹਰਨੂਰ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ, ਪ੍ਰੋ. ਆਰ. ਪੀ ਸੇਠੀ, ਏ. ਐੱਸ ਖੁਰਾਣਾ, ਫ਼ਤਿਹ ਜੁਝਾਰ ਸਿੰਘ, ਸੁਰਿੰਦਰ ਕੁਮਾਰ ਸੋਈਂ, ਰਮੇਸ਼ ਕੁਮਾਰ, ਅਮਨ ਜੌਹਲ, ਕੁਲਦੀਪ, ਰੂਪ ਸਤਵੰਤ, ਮਨਮੋਹਨ ਸਿੰਘ ਕਲਸੀ, ਲਿੱਲੀ ਸਵਰਨ, ਤੇਜਿੰਦਰ ਕੌਰ, ਕਰਮਪ੍ਰੀਤ ਕੌਰ, ਕਮਲਜੀਤ ਸਿੰਘ ਬਨਵੈਤ, ਤਰਨਦੀਪ ਸਿੰਘ, ਸ਼ਮਸ਼ੀਲ ਸਿੰਘ ਸੋਢੀ, ਮਨਜੀਤ ਸਿੰਘ, ਅਵਤਾਰ ਸਿੰਘ ਤਤਲਾ, ਕਰਮਜੀਤ ਸਿੰਘ ਤਤਲਾ, ਜਸਪਾਲ ਸਿੰਘ ਦੇਸੂਵੀ, ਬਾਬੂ ਰਾਮ ਦੀਵਾਨਾ, ਨਵਜੀਤ ਸਿੰਘ, ਮਨਵੀਰ ਸਿੰਘ ਤਤਲਾ, ਪ੍ਰਭਜੋਤ ਕੌਰ ਢਿੱਲੋਂ, ਅਮਰਜੀਤ ਸਿੰਘ ਢਿੱਲੋਂ, ਜੇ. ਐਣਲ ਕਨੌਜੀਆ, ਪਿਆਰਾ ਸਿੰਘ ਰਾਹੀ, ਡਾ. ਨੀਨਾ ਸੈਣੀ, ਅਜੀਤ ਸਿੰਘ ਧਨੋਤਾ, ਪ੍ਰੋ. ਦਿਲਬਾਗ ਸਿੰਘ, ਸ਼ਾਇਰ ਭੱਟੀ, ਡਾ. ਸੁਰਿੰਦਰ ਸਿੰਘ ਗਿੱਲ, ਨਿੰਮੀ ਵਸ਼ਿਸ਼ਟ, ਹਰਵਿੰਦਰ ਕੌਰ, ਰੁਕਸਾਨਾ ਸੁਲਤਾਨ, ਅਗਾਜ਼ ਅਖ਼ਤਰ, ਕੁਲਦੀਪ ਇੰਦਰ ਸਿੰਘ, ਪ੍ਰਿੰ. ਗੁਰਦੇਵ ਕੌਰ ਪਾਲ, ਸ਼ਬਦੀਸ਼, ਸੰਜੀਵ ਸਿੰਘ ਸੈਣੀ, ਅਸ਼ਵਨੀ ਕੁਮਾਰ, ਜਗਦੀਸ਼ ਸਿੰਘ ਖੁਸ਼ਦਿਲ, ਸਤਵਿੰਦਰ ਕੌਰ, ਕਰਮਜੀਤ ਸਿੰਘ ਬੱਗਾ, ਹਰਪਾਲ ਸਿੰਘ, ਪ੍ਰੀਤਮ ਸਿੰਘ ਰੁਪਾਲ, ਜੈ ਸਿੰਘ ਛਿੱਬਰ, ਹਰਬੰਸ ਸੋਢੀ, ਪਰਮਜੀਤ ਮਾਨ, ਨੀਰਜ ਸ਼ਰਮਾ, ਕੁਲਵਿੰਦਰ ਸਿੰਘ, ਦਵਿੰਦਰ ਪਾਠਕ, ਡਾ. ਲਾਭ ਸਿੰਘ ਖੀਵਾ, ਨਰਿੰਦਰ ਸਿੰਘ, ਦਰਸ਼ਨ ਤਿਊਣਾ ਨੇ ਮੋਜੂਦਗੀ ਦਰਜ ਕਰਵਾਈ।

 

Check Also

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਸਬੰਧੀ ਪੋਸਟਰ ਕੀਤਾ ਜਾਵੇਗਾ ਜਾਰੀ

32 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : …