Breaking News
Home / ਨਜ਼ਰੀਆ / ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ

ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ

ਸਮਾਜਿਕ ਵਿਗਾੜ ਲਈ ਸਰਕਾਰਾਂ, ਅਦਾਰੇ ਤੇ ਮੀਡੀਆ ਜ਼ਿੰਮੇਵਾਰ : ਡਾ. ਸੇਖੋਂ
(ਕਿਸ਼ਤ ਦੂਜੀ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਡਾ: ਸਿੰਘ: ਤੁਹਾਡੇ ਵਿਚਾਰ ਅਨੁਸਾਰ ਵਿਗਿਆਨਕ ਖੋਜ ਅਤੇ ਧਾਰਮਿਕ ਪਰਿਪੇਖ ਵਾਲੀ ਸਾਹਿਤਕ ਖੋਜ ਵਿਚ ਕੀ ਅੰਤਰ ਹੈ?
ਡਾ: ਸੇਖੋਂ: ਡਾਕਟਰ ਸਾਹਿਬ, ਖੋਜ ਦੇ ਪੱਖੋਂ ਇਹ ਦੋਵੇਂ ਖੇਤਰ ਬਹੁਤ ਭਿੰਨ ਵੀ ਹਨ ਅਤੇ ਕੁਝ ਸਮਾਨਤਾਵਾਂ ਵੀ ਰੱਖਦੇ ਹਨ। ਵਿਗਿਆਨ ਦੀ ਖੋਜ ਅਧਿਕਤਰ ਪ੍ਰਯੋਗਸ਼ਾਲਾਵਾਂ ਵਿੱਚ ਹੁੰਦੀ ਹੈ ਅਤੇ ਇਸ ਵਾਸਤੇ ਕਈ ਆਧੁਨਿਕ ਯੰਤਰਾਂ ਦੀ ਲੋੜ ਵੀ ਪੈਂਦੀ ਹੈ। ਬਹੁਤੀ ਵਾਰੀ ਇਸ ਖੋਜ ਦੇ ਸਿੱਟੇ ਠੀਕ ਜਾਂ ਗ਼ਲਤ ਵੀ ਸਾਬਤ ਕੀਤੇ ਜਾ ਸਕਦੇ ਹਨ ਅਤੇ ਇਹਨਾਂ ਸਿੱਟਿਆਂ ‘ਤੇ ਆਧਾਰਿਤ ਹੋਰ ਹੋਰ ਕਾਢਾਂ ਵੀ ਕੱਢੀਆਂ ਜਾਂਦੀਆਂ ਹਨ। ਧਾਰਮਿਕ ਖੋਜ ਅਧਿਕਤਰ ਪੁਰਾਣੇ ਸਾਹਿਤ ‘ਤੇ ਨਿਰਭਰ ਕਰਦੀ ਹੈ ਜਿਹੜਾ ਕਿ ਕਈ ਵਾਰ ਆਪਣੇ ਮੌਲਿਕ ਰੂਪ ਦਾ ਵਿਗੜਿਆ ਸਰੂਪ ਹੁੰਦਾ ਹੈ ਅਤੇ ਇਤਿਹਾਸ ਕਈ ਵਾਰ ਨਿਰਪੱਖ ਨਹੀਂ ਹੁੰਦਾ। ਪਰ ਦੋਵਾਂ ਹੀ ਖੇਤਰਾਂ ਵਿੱਚ ਪੁਰਾਣੇ ਸਾਹਿਤ ਦੀ ਵਰਤੋਂ ਤਾਂ ਕਰਨੀ ਹੀ ਪੈਂਦੀ ਹੈ। ਵਿਗਿਆਨ ਦੀ ਖੋਜ ਨੂੰ ਵੀ ਅੱਗੇ ਵਧਾਉਣ ਲਈ ਹੁਣ ਤੱਕ ਹੋ ਚੁੱਕੀ ਖੋਜ ਦਾ ਅਧਿਐਨ ਤਾਂ ਕਰਨਾ ਹੀ ਪੈਂਦਾ ਹੈ। ਗਿਆਨ ਦੀ ਖੋਜ ਦੇ ਵਿਪ੍ਰੀਤ ਸਾਹਿਤਕ ਖੋਜ ਨੂੰ ਠੀਕ ਜਾਂ ਗ਼ਲਤ ਸਾਬਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਆਪਾਂ ਕਿਸੇ ਵਿਸ਼ੇ ਬਾਰੇ ਇਹ ਤਾਂ ਕਹਿ ਸਕਦੇ ਹਾਂ ਕਿ ਫਲਾਣੇ ਦੇ ਵਿਚਾਰ ਕਿਸੇ ਹੋਰ ਦੇ ਵਿਚਾਰਾਂ ਨਾਲੋਂ ਵੱਖਰੇ ਹਨ, ਪਰ ਇਹ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਕਿਹੜੇ ਠੀਕ ਹਨ ਅਤੇ ਕਿਹੜੇ ਗ਼ਲਤ। ਉਦਾਹਰਣ ਵਜੋਂ ਉਸੇ ਪਾਵਨ ਗੁਰੂ ਗਰੰਥ ਸਾਹਿਬ ਨੂੰ ਪੜ੍ਹ ਕੇ ਕਈ ਲੋਕ ਪੁਨਰਜਨਮ ਦੀ ਹੋਂਦ ਨੂੰ ਮੰਨਦੇ ਹਨ ਅਤੇ ਕਈ ਨਹੀਂ। ਇਸੇ ਤਰ੍ਹਾਂ ਕਈ ਲੋਕ ਇਸ ਵਿਸ਼ਵਾਸ ਦੇ ਪੱਕੇ ਧਾਰਨੀ ਹਨ ਕਿ ਰੋਜ਼ ਪਾਠ ਕਰਨਾ ਜ਼ਰੂਰੀ ਹੈ ਜਦ ਕਿ ਕੁਝ ਇਹ ਪ੍ਰਚਾਰ ਕਰ ਰਹੇ ਹਨ ਕਿ ਰੋਜ਼ ਪਾਠ ਕਰਨਾ ਜ਼ਰੂਰੀ ਨਹੀਂ।
ਡਾ: ਸਿੰਘ: ਆਪ ਭਾਰਤ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਹੋ ਰਹੀ ਵਿਗਿਆਨਕ ਖੋਜ ਕਾਰਜਾਂ ਅਤੇ ਧਾਰਮਿਕ ਸਾਹਿਤ ਰਚਨਾ/ਖੋਜ ਕਾਰਜਾਂ ਬਾਰੇ ਕੀ ਟਿੱਪਣੀ ਦੇਣਾ ਚਾਹੋਗੇ? ਕੋਈ ਸੁਝਾਅ ਵੀ ਜ਼ਰੂਰ ਦਿਉ।
ਡਾ: ਸੇਖੋਂ: ਵੀਰ ਜੀ ਮੈਂ ਸੰਨ 1972 ਵਿੱਚ ਭਾਰਤ ਛੱਡ ਕੇ ਅਮਰੀਕਾ ਆ ਗਿਆ ਸੀ। ਅਮਰੀਕਾ ਆਉਣ ਤੋਂ ਪਹਿਲਾਂ ਮੈਂ ਵੀ ਕੁਝ ਮਹੀਨੇ ਪੰਜਾਬੀ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਵਿਭਾਗ ਵਿੱਚ ਰੀਸਰਚ ਸਕਾਲਰ ਰਿਹਾ ਸੀ। ਉਸ ਸਮੇਂ ਤੱਕ ਉਥੇ ਰੀਸਰਚ ਲਈ ਬਹੁਤ ਘੱਟ ਸਹੂਲਤਾਂ ਉਪਲਬਧ ਸਨ ਅਤੇ ਰੀਸਰਚ ਦਾ ਮਿਆਰ ਵੀ ਬਹੁਤ ਨੀਵਾਂ ਸੀ। ਇਸ ਦੇ ਨਾਲ਼ ਹੀ ਰੀਸਰਚ ਲਈ ਮਾਹੌਲ ਵੀ ਬਹੁਤਾ ਉਸਾਰੂ ਨਹੀਂ ਸੀ। ਸ਼ਾਇਦ ਇਸੇ ਲਈ ਬਹੁਤ ਸਾਰੇ ਸਾਇੰਸ ਦੇ ਖੋਜੀ ਤੇ ਸਿੱਖਿਆਰਥੀ ਬਾਹਰਲੇ ਮੁਲਕਾਂ ਵਿੱਚ ਜਾਣਾ ਪਸੰਦ ਕਰਦੇ ਸਨ। ਕੁਰੂਕਸ਼ੇਤਰ ਯੂਨੀਵਰਸਿਟੀ, ਜਿੱਥੋਂ ਕਿ ਮੈਂ ਐੱਮ.ਐੱਸਸੀ.ਕੀਤੀ ਸੀ,ਦਾ ਮਾਹੌਲ ਅਤੇ ਸਹੂਲਤਾਂ ਪਟਿਆਲੇ ਨਾਲੋਂ ਕੁਝ ਉੱਚੇ ਮਿਆਰ ਦੀਆਂ ਸਨ, ਪਰ ਬਾਹਰਲੇ ਮੁਲਕਾਂ (ਜਿਵੇਂ ਕਿ ਮੈਂ ਕੈਲੀਫੋਰਨੀਆ ਆ ਕੇ ਵੇਖਿਆ) ਦੇ ਮੁਕਾਬਲੇ ਬਹੁਤ ਨੀਵੇਂ ਪੱਧਰ ਦੀਆਂ ਸਨ। ਕੈਲੀਫੋਰਨੀਆ ਆਉਣ ਤੋਂ ਪਿੱਛੋਂ ਭਾਰਤ ਨਾਲ਼ ਮੇਰਾ ਸਬੰਧ ਲਗਭੱਗ ਖ਼ਤਮ ਹੀ ਹੋ ਗਿਆ।
ਪਰ ਹੁਣ ਨਵੀਆਂ ਤਰੱਕੀਆਂ ਵੇਖ ਕੇ ਜਾਪਦਾ ਹੈ ਕਿ ਅੱਗੇ ਨਾਲੋਂ ਭਾਰਤ ਅਤੇ ਪੰਜਾਬ ਵਿੱਚ ਵੀ ਰੀਸਰਚ ਦਾ ਪੱਧਰ ਉੱਚਾ ਹੋ ਗਿਆ ਹੈ ਭਾਵੇਂ ਅਜੇ ਵੀ ਅਸੀਂ ਇਸ ਖੇਤਰ ਵਿੱਚ ਬਹੁਤ ਪਿੱਛੇ ਹਾਂ। ਜਿੱਥੋਂ ਤੱਕ ਮੇਰੇ ਸੁਝਾਵਾਂ ਦਾ ਸਬੰਧ ਹੈ, ਮੈਂ ਤਾਂ ਇਹੀ ਕਹਿ ਸਕਦਾ ਹਾਂ ਕਿ ਸਰਕਾਰਾਂ ਨੂੰ ਰੀਸਰਚ ਲਈ ਲੋੜੀਂਦੇ ਫੰਡ ਦੇਣੇ ਚਾਹੀਦੇ ਹਨ ਤਾਂ ਜੁ ਪੰਜਾਬ ਵੀ ਉੱਚ ਕੋਟੀ ਦੀਆਂ ਪ੍ਰਯੋਗਸ਼ਾਲਾਵਾਂ ਪ੍ਰਦਾਨ ਕਰ ਸਕੇ, ਵਿਗਿਆਨਕਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦਾ ਮਾਣ ਸਤਿਕਾਰ ਵਧਾਉਣਾ ਚਾਹੀਦਾ ਹੈ ਅਤੇ ਐਕਸਚੇਜ਼ ਪ੍ਰੋਗਰਾਮ ਵਧਾਉਣੇ ਚਾਹੀਦੇ ਹਨ ਤਾਂ ਜੁ ਉਹਨਾਂ ਦੇ ਗਿਆਨ ਵਿੱਚ ਹੋਰ ਵਾਧਾ ਹੋ ਸਕੇ।
ਜਿੱਥੋਂ ਤੱਕ ਧਾਰਮਿਕ ਤੇ ਸਾਹਿਤਕ ਰਚਨਾਵਾਂ ਅਤੇ ਖੋਜ ਦਾ ਸਬੰਧ ਹੈ, ਮੇਰੇ ਵਿਚਾਰ ਵਿੱਚ ਇਸ ਖੇਤਰ ਵਿੱਚ ਪੰਜਾਬੀ (ਅਤੇ ਭਾਰਤੀ) ਰਚਨਹਾਰਾਂ ਜਾਂ ਖੋਜੀਆਂ ਨੇ ਬਹੁਤ ਮੱਲਾਂ ਮਾਰੀਆਂ ਹਨ ਅਤੇ ਕਿਸੇ ਨਾਲੋਂ ਪਿੱਛੇ ਨਹੀਂ ਹਨ। ਖੋਜ ਪੱਖੋਂ ਵੀ ਸਾਡੇ ਵਿਦਵਾਨ ਕਿਸੇ ਨਾਲ਼ੋਂ ਪਿੱਛੇ ਨਹੀਂ ਹਨ। ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਦੋਵੇਂ ਹੀ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਜਿਹੜੀ ਸਭਿਅਤਾ ਕੋਲ ਧਾਰਮਿਕ ਖੇਤਰ ਵਿੱਚ ਗੁਰੂ ਗਰੰਥ ਸਾਹਿਬ ਵਰਗੇ ਅਨਮੋਲ ਖ਼ਜ਼ਾਨੇ ਅਤੇ ਸਾਹਿਤਕ ਖੇਤਰ ਵਿੱਚ ਬੁਲ੍ਹੇ ਸ਼ਾਹ, ਵਾਰਿਸ ਸ਼ਾਹ, ਪ੍ਰੋ.ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ,ਧਨੀ ਰਾਮ ਚਾਤ੍ਰਿਕ,ਸ਼ਿਵ ਕੁਮਾਰ ਅਤੇ ਸੁਰਜੀਤ ਪਾਤਰ ਵਰਗੇ ਉੱਚ ਕੋਟੀ ਦੇ ਸਾਹਿਤਕਾਰ ਹੋਣ, ਉਸ ਨੂੰ ਕੀ ਘਾਟਾ। ਸਾਹਿਤਕ ਸਭਾਵਾਂ ਵੀ ਆਪਣਾ ਚੰਗਾ ਯੋਗਦਾਨ ਪਾ ਰਹੀਆਂ ਹਨ।
ਪਰ ਇਸਨੂੰ ਤੁਸੀਂ ਮੇਰਾ ਸੁਝਾਅ ਸਮਝ ਲਉ ਜਾਂ ਬਹੁਤ ਵੱਡੀ ਸ਼ਕਾਇਤ। ਹਿੰਦੀ ਦੇ ਨਵੇਂ ਨਵੇਂ ਸ਼ਬਦ ਘੜ ਕੇ ਮੀਡੀਏ ਨੇ ਪੰਜਾਬੀ ਦਾ ਮੁਹਾਂਦਰਾ ਵਿਗਾੜ ਦਿੱਤਾ ਹੈ ਅਤੇ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਸਾਹਿਤਕਾਰ ਇਹਨਾਂ ਨਵੇਂ ਸ਼ਬਦਾਂ ਨੂੰ ਬੜਾ ਮਾਣ ਦੇ ਕੇ ਗਲੇ ਲਾ ਰਹੇ ਹਨ ਅਤੇ ਸਾਡੇ ਨੇਤਾ ਇਹਨਾਂ ਨੂੰ ਖ਼ੁਸ਼ੀ, ਖ਼ੁਸ਼ੀ ਵਰਤ ਕੇ ਇਹਨਾਂ ਦੀ ਮਸ਼ਹੂਰੀ ਕਰ ਰਹੇ ਹਨ। ਹੋਰ ਤਾਂ ਹੋਰ ਸਾਡੇ ਪੇਂਡੂ ਵੀਰ ਤੇ ਭੈਣਾਂ ਵੀ ਗੰਢੇ ਅਤੇ ਛੋਲੇ ਆਖਣ ਵਿੱਚ ਸ਼ਰਮ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਦੀ ਥਾਂ ਪਿਆਜ਼ ਅਤੇ ਚਨੇ ਆਖਣ ਲਗ ਪਏ ਹਨ। ”ਹੱਲ” ਦੀ ਥਾਂ ”ਸਮਾਧਾਨ” ਨੇ ਲੈ ਲਈ ਹੈ, ”ਦਿਸਦਾ” ਦੀ ”ਦਿਖਦਾ” ਨੇ ਪੂਰਤੀ ਦੀ ”ਭਰਪਾਈ” ਨੇ। ਇਹ ਲਿਸਟ ਬਹੁਤ ਲੰਮੀ ਹੈ। ਇਹ ਬਹੁਤ ਵੱਡੇ ਦੁਖ ਦੀ ਗੱਲ ਹੈ ਪੰਜਾਬੀ ਦੀ ਤਰੱਕੀ ਲਈ ਜਿਹੜਾ ਪ੍ਰਾਂਤ ਸਾਡੇ ਵੱਡਿਆਂ ਨੇ ਬਹੁਤ ਕੁਰਬਾਨੀਆਂ ਦੇ ਕੇ ਬਣਾਇਆ ਸੀ, ਉਥੋਂ ਪੰਜਾਬੀ ਦਾ ਹੀ ਸਫ਼ਾਇਆ ਹੁੰਦਾ ਜਾਪ ਰਿਹਾ ਹੈ।
ਡਾ: ਸਿੰਘ: ਆਪ ਦੀਆਂ ਪੁਸਤਕਾਂ ਦੇ ਪ੍ਰਮੁੱਖ ਸਰੋਕਾਰ ਧਾਰਮਿਕ,ਸਮਾਜਿਕ ਅਤੇ ਸਭਿਆਚਾਰ ਪਹਿਲੂਆਂ ਨਾਲ ਸੰਬੰਧਤ ਹਨ। ਕੀ ਸਮਾਜ ਨੂੰ ਅਜਿਹੇ ਸਰੋਕਾਰਾਂ ਪ੍ਰਤੀ ਚੇਤੰਨ ਕਰਨ ਲਈ ਪੁਸਤਕਾਂ ਦੇ ਨਾਲ-ਨਾਲ ਕੁਝ ਹੋਰ ਵੀ ਕੀਤਾ ਜਾ ਸਕਦਾ ਹੈ?
ਡਾ: ਸੇਖੋਂ: ਵੇਖੋ ਜੀ, ਕਿਸੇ ਵੀ ਕਿਸਮ ਦੇ ਗਿਆਨ ਲਈ ਪੁਸਤਕਾਂ (ਜਾਂ ਕੋਈ ਹੋਰ ਲਿਖਤੀ ਰੂਪ) ਤਾਂ ਜ਼ਰੂਰੀ ਹਨ ਕਿਉਂਕਿ ਇਹਨਾਂ ਦੀ ਹੋਂਦ ਹੀ ਸਦੀਵੀ ਹੁੰਦੀ ਹੈ। ਪੁਸਤਕਾਂ ਸਾਡੇ ਕੋਲ ਕਈ ਹਜ਼ਾਰ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਹਨ ਅਤੇ ਸਾਡੀ ਰਹਿਨੁਮਾਈ ਕਰਦੀਆਂ ਰਹੀਆਂ ਹਨ,ਪਰ ਅੱਜ ਦੇ ਆਧੁਨਿਕ ਯੁਗ ਵਿੱਚ ਹੋਰ ਵਸੀਲਿਆਂ ਦੀ ਵਰਤੋਂ ਵੀ ਬਹੁਤ ਪ੍ਰਭਾਵਸ਼ਾਲੀ ਹੋ ਸਕਦੀ ਹੈ। ਵੀਡੀਓ, ਟੇਪਾਂ, ਸੀਡੀਜ਼, ਫ਼ਿਲਮਾਂ ਆਦਿ ਦੀ ਵਰਤੋਂ ਕਰਕੇ ਅਸੀਂ ਕੋਈ ਵੀ ਵਿਚਾਰ ਲੱਖਾਂ ਕਰੋੜਾਂ ਮਨੁੱਖਾਂ ਤੱਕ ਪੁਚਾ ਸਕਦੇ ਹਾਂ ਅਤੇ ਪੜ੍ਹਨ ਦੇ ਮੁਕਾਬਲੇ, ਆਮ ਲੋਕਾਂ ਲਈ ਅਜਿਹੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਸੌਖਾ ਕੰਮ ਹੈ। ਭਾਰਤ ਦੇ ਟੀ.ਵੀ. ਪ੍ਰਸਾਰਣ ਕਾਰਜਾਂ ਨੇ ਤਾਂ ਰਮਾਇਣ ਅਤੇ ਮਹਾਭਾਰਤ ਦੇ ਦੇ ਡਰਾਮੇ ਵਿਖਾ ਵਿਖਾ ਕੇ ਇਹਨਾਂ ਦੋਵਾਂ ਮਹਾਂ ਗਾਥਾਵਾਂ ਨੂੰ ਲੋਕਾਂ ਦੇ ਮਨਾਂ ਵਿੱਚ ਡੂੰਘਾ ਗੱਡ ਦਿੱਤਾ ਹੈ। ਸੋ ਅਜਿਹੇ ਵਸੀਲੇ ਕਿਸੇ ਵੀ ਵਿਚਾਰ ਦੇ ਪ੍ਰਸਾਰ ਲਈ ਬਹੁਲ ਲਾਭਦਾਇਕ ਸਿੱਧ ਹੋ ਸਕਦੇ ਹਨ। ਚਾਰ ਸਾਹਿਬਜ਼ਾਦਿਆਂ ਦੀ ਮੂਵੀ ਨੇ ਵੀ ਸਾਡੇ ਨੌਜੁਆਨਾਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਛੱਡਿਆ ਸੀ। ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਸਾਰੇ ਵਸੀਲੇ ਪ੍ਰਸਾਰ ਦੇ ਜੰਤਰ ਹੀ ਹਨ, ਇਹਨਾਂ ਸਾਰਿਆਂ ਦਾ ਮੂਲ਼ ਸਰੂਪ ਲਿਖਤੀ ਪੁਸਤਕਾਂ ਹੀ ਹਨ, ਜਿਨ੍ਹਾਂ ਤੋਂ ਬਿਨਾਂ ਇਹ ਕੋਈ ਵੀ ਵਸੀਲਾ ਕੰਮ ਨਹੀਂ ਆ ਸਕਦਾ।
ਡਾ: ਸਿੰਘ: ਵਿਗੜ ਰਹੇ ਸਮਾਜਿਕ ਅਤੇ ਸਭਿਆਚਾਰਕ ਵਾਤਾਵਰਣ ਦਾ ਮੂਲ ਕਾਰਕ ਆਪ ਕਿਸ ਨੂੰ ਮੰਨਦੇ ਹੋ? ਵੱਡਾ ਦੋਸ਼ੀ ਕੌਣ ਹੈ ਤੇ ਕਿੰਨੀ ਕਿੰਨੀ ਅਨੁਪਾਤ ਵਿੱਚ?
ਡਾ: ਸੇਖੋਂ: ਡਾ: ਸਾਹਿਬ, ਸ਼ਾਇਦ ਇਸ ਇੰਟ੍ਰਵਿਊ ਦਾ ਇਹ ਸਭ ਤੋਂ ਮਹੱਤਵਪੂਰਨ ਸੁਆਲ ਹੋਵੇ। ਪੰਜਾਬ ਅਤੇ ਭਾਰਤ ਵਿੱਚ ਸਮਾਜਿਕ ਅਤੇ ਸਭਿਆਚਾਰਕ ਵਿਗਾੜ ਚਿੰਤਾਜਨਕ ਪੱਧਰ ਤੋਂ ਵੀ ਅੱਗੇ ਲੰਘ ਗਿਆ ਹੈ। ਹੁਣ ਤਾਂ ਪੰਜਾਬ ਉਹ ਪੰਜਾਬ ਹੀ ਨਹੀਂ ਰਿਹਾ ਜਿਹੜਾ ਕਿ ਅੱਜ ਤੋਂ ਪੰਝੀ -ਤੀਹ ਸਾਲ ਪਹਿਲਾਂ ਹੁੰਦਾ ਸੀ। ਹੁਣ ਤਾਂ ਇਹ ਪਤਾ ਹੀ ਨਹੀਂ ਲਗਦਾ ਹੈ ਕਿ ਸਾਡੇ ਲੋਕ ਇਥੋਂ ਦੇ ਵਸਨੀਕ ਹਨ ਜਾਂ ਕਿ ਕਿਸੇ ਗੁਆਂਢੀ ਪ੍ਰਾਂਤ ‘ਚੋਂ ਆਏ ਹਨ। ਨੌਜੁਆਨ ਵਿਹਲੇ ਤੁਰੇ ਫਿਰਦੇ ਹਨ ਅਤੇ ਨਸ਼ਿਆਂ ਦੀ ਵਰਤੋਂ ਆਮ ਹੀ ਹੋ ਗਈ ਹੈ। ਆਪਸੀ ਪਿਆਰ ਤਾਂ ਕਿਤੇ ਖੰਭ ਲਾ ਕੇ ਹੀ ਉੱਡ ਗਿਆ ਹੈ। ਮੂੰਹ-ਮੁਹਾਂਦਰੇ ਦੇ ਨਾਲ਼ ਨਾਲ਼ ਪੰਜਾਬ ਦੀ ਬੋਲੀ ਵੀ ਹੋਰ ਦੀ ਹੋਰ ਹੀ ਹੋ ਗਈ ਹੈ ਜਿਸਦੀ ਸਾਨੂੰ ਸਮਝ ਵੀ ਘੱਟ ਹੀ ਪੈਂਦੀ ਹੈ। ਕੁੜੀਆਂ ਨਾਲ ਛੇੜਖਾਨੀ ਬਹੁਤ ਵਧ ਗਈ ਹੈ ਅਤੇ ਬਦਮਾਸ਼ੀ ਸਭ ਹੱਦਾਂ ਪਾਰ ਕਰ ਗਈ ਹੈ। ਕਾਨੂੰਨ ਨੂੰ ਭੰਗ ਕਰਨਾ ਸਾਡੀ ਵਡਿਆਈ ਬਣ ਗਈ ਹੈ। ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਅਤੇ ਹਰ ਪਾਸੇ ਵੱਢੀਖੋਰੀ ਦਾ ਹੀ ਬੋਲ ਬਾਲਾ ਹੈ।
ਸਮਾਜ ਦੇ ਵਿਗੜਨ ਦੇ ਬਹੁਤ ਸਾਰੇ ਸ੍ਰੋਤ ਹਨ ਅਤੇ ਅਸੀਂ ਕਿਸੇ ਵੀ ਇੱਕ ਸ੍ਰੋਤ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਇਹਨਾਂ ਸਰੋਤਾਂ ਵਿੱਚ ਸਰਕਾਰਾਂ, ਮੀਡੀਆ, ਵਿੱਦਿਅਕ ਅਦਾਰੇ, ਸਮਾਜ ਅਤੇ ਨਵੀਂ ਪਨੀਰੀ ਸਭ ਜ਼ੁੰਮੇਵਾਰ ਹਨ। ਲੋਕਤੰਤਰ ਵਿੱਚ ਵੋਟਾਂ ਦੀ ਖ਼ਾਤਰ ਨੇਤਾ ਲੋਕ ਕਿਸੇ ਵੀ ਸਮਾਜਿਕ ਬੁਰਾਈ ਨੂੰ ਰੋਕਣ ਲਈ ਕੁਝ ਵੀ ਨਹੀਂ ਕਰਦੇ। ਭਾਰਤ ਵਿੱਚ ਚੱਪੇ, ਚੱਪੇ ਤੇ ਅਖਉਤੀ ਧਾਰਮਿਕ ਡੇਰੇ ਬਣੇ ਹੋਏ ਹਨ ਜਿਹਨਾਂ ਵਿੱਚੋਂ ਬਹੁਤ ਸਾਰੇ ਹਰ ਕਿਸਮ ਦੀ ਬੁਰਾਈ ਦਾ ਕੇਂਦਰ ਹਨ। ਕਿੰਨੇ ਵੱਡੇ ਵੱਡੇ ਧਾਰਮਿਕ ਆਗੂ ਅਜਿਹੇ ਹਨ ਜਿਹਨਾਂ ਤੇ ਕਤਲਾਂ ਅਤੇ ਸਰੀਰਕ ਸੋਸ਼ਣਾਂ ਦੇ ਮੁਕੱਦਮੇ ਚੱਲ ਰਹੇ ਹਨ ਅਤੇ ਕਿੰਨੇ ਅਜਿਹੇ ਹੋਣਗੇ ਜਿਨ੍ਹਾਂ ਬਾਰੇ ਅਜੇ ਅਸਲੀਅਤ ਸਾਹਮਣੇ ਨਹੀਂ ਆਈ। ਪਰ ਵੋਟਾਂ ਲੈਣ ਲਈ ਸਰਕਾਰਾਂ ਅਜਿਹੇ ਆਗੂਆਂ ਦੇ ਸਾਰੇ ਚਰਿੱਤ੍ਰਹੀਣ ਕੰਮਾਂ ਨੂੰ ਅੱਖੋਂ ਪ੍ਰੋਖੇ ਕਰ ਰਹੀਆਂ ਹਨ। ਕੁਝ ਕੁ ਕਰਮਚਾਰੀਆਂ ਨੂੰ ਛੱਡ ਕੇ ਬਾਕੀ ਸਾਰੀ ਸਰਕਾਰੀ ਮਸ਼ੀਨਰੀ ਵੱਢੀ ਲੈਣ ਨੂੰ ਆਪਣਾ ਹੱਕ ਸਮਝਦੀ ਹੈ ਅਤੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ। ਅਜਿਹੇ ਭ੍ਰਿਸ਼ਟਾਚਾਰੀ ਨੇਤਾਵਾਂ ਅਤੇ ਕਰਮਚਾਰੀਆਂ ਦੀ ਛੱਤਰ ਛਾਇਆ ਹੇਠ ਨਸ਼ੇ ਦੀਆਂ ਦਵਾਈਆਂ ਦੀ ਸ਼ਰ੍ਹੇਆਮ ਵਿਕਰੀ ਹੋ ਰਹੀ ਹੈ ਅਤੇ ਨੌਕਰੀਆਂ ਨਾ ਮਿਲਣ ਕਾਰਨ ਸਾਡੇ ਨੌਜੁਆਨ ਨਸ਼ੇ ਦੇ ਗ਼ੁਲਾਮ ਬਣ ਚੁੱਕੇ ਹਨ ਅਤੇ ਆਪਣੀ ਆਦਤ ਦੀ ਪੂਰਤੀ ਲਈ ਪੈਸੇ ਕਮਾਉਣ ਲਈ ਕਈ ਹੋਰ ਗੁਨਾਹ ਕਰ ਬੈਠਦੇ ਹਨ।
ਟੀ.ਵੀ., ਸਿਨੇਮੇ, ਖਬਰਾਂ ਅਤੇ ਸਮਾਜਿਕ ਮੀਡੀਆ ਜਿਵੇਂ ਕਿ ਫ਼ੇਸਬੁੱਕ, ਟਵਿੱਟਰ, ਇਨਸਟਾਗਰੈਮ ਅਤੇ ਮੋਬਾਇਲ ਫੋਨਾਂ ਨੇ ਵੀ ਸਮਾਜ ਅਤੇ ਸਭਿਆਚਾਰ ਨੂੰ ਵਿਗਾੜਨ ਵਿੱਚਬਹੁਤ ਤੇਜ਼ੀ ਲਿਆਂਦੀ ਹੈ। ਅੱਜ ਕੱਲ੍ਹ ਉਨੀਆਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਨਹੀਂ ਚੱਲ ਰਹੀਆਂ ਜਿੰਨੀਆਂ ਕਿ ਹਾਲੀਵੁੱਡ ਦੀਆਂ। ਇਹਨਾਂ ਵਿੱਚ ਨੰਗੇਜ ਅਤੇ ਸ਼ਰਾਬ ਆਦਿ ਦੀ ਖੁਲ਼੍ਹੀ ਵਰਤੋਂ ਵੇਖ ਕੇ ਸਾਡੇ ਨੌਜੁਆਨ ਉਹਨਾਂ ਤੋਂ ਵੀ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਹਨ। ਆਪਣੀ ਸਭਿਅਤਾ ਨੂੰ ਭੁੱਲ ਕੇ ਅਸੀਂ ਪੱਛਮੀ ਸਭਿਅਤਾ ਨੂੰ ਖੁੱਲ੍ਹੀਆਂ ਬਾਹਵਾਂ ਨਾਲ ਅਪਣਾ ਰਹੇ ਹਾਂ। ਹੁਣ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਜਨਮਦਿਨ ਤਾਂ ਭੁੱਲ ਸਕਦੇ ਹਾਂ ਪਰ ਕ੍ਰਿਸਮਸ ਅਤੇ ਵੈਲਨਟਾਇਨ ਦਾ ਦਿਨ ਨਹੀਂ ਭੁੱਲਦੇ। ਹੁਣ ਥਾਂ ਥਾਂ ਤੇ ਸੈਂਟਾ-ਕਲਾਜ਼ ਦਾ ਇੱਕ ਦੂਸਰੇ ਤੋਂ ਅੱਗੇ ਹੋ ਕੇ ਸੁਆਗਤ ਕਰਦੇ ਹਾਂ। ਚਾਰ-ਚੁਫ਼ੇਰੇ ਅਸ਼ਲੀਲ ਗੀਤਾਂ ਦੀ ਭਰਮਾਰ ਹੈ ਅਤੇ ਮੁੰਡੇ-ਕੁੜੀਆਂ ਦਾ ਬਾਹਵਾਂ ਵਿੱਚ ਬਾਹਵਾਂ ਪਾ ਕੇ ਘੁੰਮਣਾ ਫਿਰਨਾ ਇੱਕ ਸੁਭਾਵਿਕ ਗੱਲ ਬਣ ਗਈ ਹੈ। ਨਿਰਾ ਇਹੋ ਹੀ ਨਹੀਂ, ਹੁਣ ਵਿਆਹ ਤੋਂ ਪਹਿਲਾਂ ਸ਼ਹਿਰਾਂ ਵਿੱਚ ਮੁੰਡੇ-ਕੁੜੀਆਂ ਦੇ ਇਕੱਠੇ ਰਹਿਣਾ ਵੀ ਆਮ ਗੱਲ ਹੋਈ ਜਾ ਰਹੀ ਹੈ।
ਪੈਸੇ ਕਮਾਉਣ ਲਈ ਵਿੱਦਿਅਕ ਅਦਾਰੇ ਝੂਠੀਆਂ ਅਤੇ ਥੋਥੀਆਂ ਡਿਗਰੀਆਂ ਵੰਡੀ ਜਾ ਰਹੇ ਹਨ। ਸਕੂਲ਼ਾਂ ਕਾਲਜਾਂ ਵਿੱਚ ਨਕਲ ਮਾਰਨਾ ਇੱਕ ਰਿਵਾਜ ਹੀ ਬਣ ਗਿਆ ਹੈ ਜਦ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪ ਹੀ ਨਕਲਾਂ ਮਰਵਾ ਰਹੇ ਹਨ ਤਾਂ ਉਹਨਾਂ ਦੀ ਸਿੱਖਿਆ ਕਿਹੋ ਜਿਹੀ ਹੋਵੇਗੀ ਅਤੇ ਉਹਨਾਂ ਦਾ ਆਚਰਨ ਕੀ ਹੋਵੇਗਾ? ਉੱਚੀ ਪੜ੍ਹਾਈ ਲਈ ਇਹ ਸੰਸਥਾਵਾਂ ਇੰਨੀਆਂ ਫੀਸਾਂ ਲੈਂਦੀਆਂ ਹਨ ਕਿ ਨੌਕਰੀ ਲੈਣ ਤੋਂ ਪਿੱਛੋਂ ਪੈਸੇ ਕਮਾਉਣ ਲਈ ਚੰਗੇ ਵਿਦਿਆਰਥੀਆਂ ਨੂੰ ਵੀ ਗ਼ੈਰ-ਕਾਨੂੰਨੀ ਅਤੇ ਚਰਿੱਤਰ-ਹੀਨ ਕੰਮ ਕਰਨੇ ਪੈ ਰਹੇ ਹਨ। ਡਾਕਟਰੀ ਪੇਸ਼ੇ ਵਿੱਚ ਖ਼ਾਸ ਤੌਰ ‘ਤੇ ਬਹੁਤ ਗਿਰਾਵਟ ਆ ਗਈ ਹੈ। ਸਾਧਾਰਣ ਲੋਕਾਂ ਨੂੰ ਨਾ ਤਾਂ ਕਿਤੇ ਇਨਸਾਫ਼ ਮਿਲ਼ਦਾ ਹੈ ਅਤੇ ਨਾ ਹੀ ਬੀਮਾਰੀਆਂ ਦਾ ਇਲਾਜ। ਉਹਨਾਂ ਦੀ ਹਾਲਤ ਬਹੁਤ ਤਰਸਯੋਗ ਹੈ।
ਇਸ ਵਿਗੜਦੀ ਹਾਲਤ ਵਿੱਚ ਸਮਾਜ ਵੀ ਕਿਸੇ ਹੱਦ ਤੱਕ ਜ਼ੁੰਮੇਵਾਰ ਹੈ। ਅਸੀਂ ਇਕੱਠੇ ਹੋ ਕੇ ਸੱਚਾਈ ਤੇ ਪਹਿਰਾ ਨਹੀਂ ਦਿੰਦੇ ਸਗੋਂ ਆਪਣੇ ਨਿਜੀ ਹਿੱਤਾਂ ਲਈ ਹੀ ਕੰਮ ਕਰਦੇ ਹਾਂ ਜਿਸ ਦੇ ਸਿੱਟੇ ਵਜੋਂ ਨਾ ਤਾਂ ਅਸੀਂ ਚੰਗੀ ਸਰਕਾਰ ਚੁਣ ਸਕਦੇ ਹਾਂ ਅਤੇ ਨਾ ਹੀ ਬੁਰੇ ਕੰਮਾਂ ਦਾ ਵਿਰੋਧ ਕਰ ਸਕਦੇ ਹਾਂ। ਮਾੜੇ ਘਰੇਲੂ ਹਾਲਾਤਾਂ ਦੇ ਬਾਵਜੂਦ ਵੀ ਜੁਆਨ ਮੁੰਡੇ ਤੇ ਕੁੜੀਆਂ ਆਪਣੀਆਂ ਜ਼ੁੰਮੇਵਾਰੀਆਂ ਨੂੰ ਸਮਝਣ ਦੇ ਉਲਟ ਆਪਣੀਆਂ ਬੇਮਤਲਬੀਆਂ ਖ਼ਾਹਿਸ਼ਾਂ ਦੀ ਪੂਰਤੀ ਲਈ ਆਪਣੇ ਮਾਪਿਆਂ ਦੇ ਗਲ਼ਾਂ ਵਿੱਚ ਅੰਗੂਠੇ ਦਿੰਦੇ ਹਨ ਅਤੇ ਉਹਨਾਂ ਨੂੰ ਕਰਜ਼ਿਆਂ ਦੀ ਦਲਦਲ ਵਿੱਚ ਧਕੇਲ ਦਿੰਦੇ ਹਨ ਜਿਹਨਾਂ ਵਿੱਚੋਂ ਉਹਨਾਂ ਲਈ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ, ਅਤੇ ਕਈ ਵਾਰ ਬੜੀਆਂ ਦੁਖਦਾਈ ਘਟਨਾਵਾਂ ਵਾਪਰ ਜਾਂਦੀਆਂ ਹਨ। ਸੋ ਵਿਗੜਦੇ ਹਾਲਾਤਾਂ ਲਈ ਸਮਾਜ ਦੇ ਸਾਰੇ ਹੀ ਵਰਗ ਜ਼ੁੰਮੇਵਾਰ ਹਨ। ਜਿੱਥੋਂ ਤੱਕ ਅਨੁਪਾਤ ਦਾ ਸਬੰਧ ਹੈ ਕਿ ਕਿਹੜਾ ਵਰਗ ਵੱਧ ਜ਼ੁੰਮੇਵਾਰ ਹੈ,ਉਸ ਬਾਰੇ ਕਿਸੇ ਠੋਸ ਸਬੂਤ ਦੀ ਅਣਹੋਂਦ ਕਾਰਨ ਕੋਈ ਵੀ ਅੰਕੜੇ ਦੇਣੇ ਠੀਕ ਨਹੀਂ ਹੋਵੇਗਾ,ਪਰ ਮੇਰੀ ਤੁੱਛ ਸਮਝ ਅਨੁਸਾਰ ਇਹਨਾਂ ਦਾ ਅਨੁਪਾਤ ਇਸੇ ਹੀ ਤਰਤੀਬ ਵਿੱਚ ਹੈ ਜਿਸ ਵਿੱਚ ਇਹਨਾਂ ਦਾ ਵਿਚਾਰ ਕੀਤਾ ਗਿਆ ਹੈ।
(ਚੱਲਦਾ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …