Breaking News
Home / ਨਜ਼ਰੀਆ / ਦੋ ਸਿੱਖ ਮਹਾਰਾਜਿਆਂ ਦੇ ਜੀਵਨ ਆਧਾਰਿਤ ਨਾਵਲ ਅਤੇ ਫ਼ਿਲਮ ‘ਤੇ ਖ਼ੂਬ ਚੱਲ ਰਹੀ ਹੈ ਲੋਕ-ਚਰਚਾ

ਦੋ ਸਿੱਖ ਮਹਾਰਾਜਿਆਂ ਦੇ ਜੀਵਨ ਆਧਾਰਿਤ ਨਾਵਲ ਅਤੇ ਫ਼ਿਲਮ ‘ਤੇ ਖ਼ੂਬ ਚੱਲ ਰਹੀ ਹੈ ਲੋਕ-ਚਰਚਾ

ਡਾ. ਸੁਖਦੇਵ ਸਿੰਘ ਝੰਡ
ਬਲਦੇਵ ਸਿੰਘ ਸੜਕਨਾਮਾ ਦਾ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਨਾਵਲ ‘ਸੂਰਜ ਦੀ ਅੱਖ’ ਅਤੇ ਮਹਾਰਾਜਾ ਦਲੀਪ ਸਿੰਘ ਬਾਰੇ ਕਵੀਰਾਜ਼ ਤੇ ਉਨ੍ਹਾਂ ਦੀ ਟੀਮ ਵੱਲੋਂ ‘ਹੌਲੀਵੁੱਡ’ ਦੇ ਵੱਡੇ ਬੈਨਰ ਹੇਠ ਬਣਾਈ ਗਈ ਫ਼ਿਲਮ ‘ਬਲੈਕ ਪ੍ਰਿੰਸ’ ਦੋਵੇਂ ਹੀ ਅੱਜਕੱਲ੍ਹ ਖ਼ੂਬ ਚਰਚਾ ਵਿਚ ਹਨ। ਇਹ ਨਾਵਲ ਭਾਵੇਂ ਮੈਨੂੰ ਅਜੇ ਤੱਕ ਪ੍ਰਾਪਤ ਨਹੀਂ ਹੋ ਸਕਿਆ, ਅਲਬੱਤਾ ਫ਼ਿਲਮ ‘ਬਲੈਕ ਪ੍ਰਿੰਸ’ ਇਸ ਲੌਂਗ ਵੀਕ-ਐਂਡ ‘ਤੇ ਜ਼ਰੂਰ ਵੇਖ ਲਈ ਹੈ। ਨਾਵਲ ‘ਸੂਰਜ ਦੀ ਅੱਖ’ ਬਾਰੇ ਸੋਸ਼ਲ-ਮੀਡੀਏ ਉੱਪਰ ਅਤੇ ਅਖ਼ਬਾਰਾਂ ਵਿਚ ਵੇਖਣ ਤੇ ਪੜ੍ਹਨ ਨੂੰ ਮਿਲੀ ਹੈ ਜਿਸ ਵਿਚ ਕੁਝ ਵਿਅੱਕਤੀਆਂ (ਇੱਥੇ ਸ਼ਬਦ ‘ਫੇਸਬੁੱਕੀਆਂ’ ਲਿਖਣਾ ਮੈਨੂੰ ਨੀਵੇਂ ਪੱਧਰ ਦਾ ਲੱਗਦਾ ਹੈ) ਵੱਲੋਂ ਨਾਵਲ ਦੇ ਕਈ ਪੰਨੇ ‘ਕੋਟ’ ਕਰਕੇ ਇਨ੍ਹਾਂ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਅੱਯਾਸ਼ੀ, ਕਾਮੀ, ਗ਼ੈਰ-ਜਿੰਮੇਵਾਰ ਅਤੇ ਘਟੀਆ ਚਾਲਚਲਣ ਦਾ ਮਾਲਕ ਵਿਖਾਇਆ ਗਿਆ ਹੈ। ਉਨ੍ਹਾਂ ਵੱਲੋਂ ਇਹ ਇਤਰਾਜ਼ ਉਠਾਇਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ‘ਸਰਕਾਰ-ਏ-ਖ਼ਾਲਸਾ ਰਾਜ’ ਦੀਆਂ ਖ਼ੂਬੀਆਂ ਨਾਲੋਂ ਇਸ ਨਾਲ ਵਿਚ ਉਸ ਦੀਆਂ ‘ਮਹਾਂਰਾਜਿਆਂ’ ਵਾਲੀਆਂ ਨਿੱਜੀ ਕਮਜ਼ੋਰੀਆਂ ਨੂੰ ਵਧੇਰੇ ਉਛਾਲਿਆ ਗਿਆ ਹੈ ਅਤੇ ਇਹ ਸੱਭ ਲੇਖਕ ਵੱਲੋਂ ਜਾਣ ਬੁੱਝ ਕੇ ਗਿਣੀ-ਮਿਣੀ ਸਾਜਿਸ਼ ਅਧੀਨ ਕੀਤਾ ਗਿਆ ਹੈ ਅਤੇ ਇਹ ਕਾਫ਼ੀ ਵਾਦ-ਵਿਵਾਦ ਦਾ ਵਿਸ਼ਾ ਬਣ ਗਿਆ ਹੈ। ਕਈਆਂ ਨੇ ਤਾਂ ਫੇਸਬੁੱਕ ਉੱਪਰ ਆਪਣੇ ਕੁਮੈਂਟਾਂ ਵਿਚ ਲੇਖਕ ਦੇ ਵਿਰੁੱਧ ਗੁੱਸੇ ਅਤੇ ਗਾਹਲਾਂ ਭਰੀ ਘਟੀਆ ਸ਼ਬਦਾਵਲੀ ਦਾ ਵੀ ਪ੍ਰਯੋਗ ਕੀਤਾ ਹੈ ਜੋ ਮੇਰੀ ਜਾਚੇ ਠੀਕ ਨਹੀਂ ਹੈ। ਕਈਆਂ ਤਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਜੇਕਰ ਇਹ ਲੇਖਕ ਕਿਧਰੇ ਤੁਹਾਨੂੰ ‘ਰਾਹ-ਖੇੜੇ’ ਮਿਲ ਜਾਵੇ ਤਾਂ ਉਸ ਦੀ ਚੰਗੀ ਤਰ੍ਹਾਂ ‘ਭੁਗਤ’ ਵੀ ਸੰਵਾਰੋ। ਖ਼ੈਰ, ਇਹ ਤਾ ਬਿਲਕੁਲ ਹੀ ਗ਼ਲਤ ਅਤੇ ਕਾਨੂੰਨ ਹੱਥ ਵਿਚ ਲੈਣ ਵਾਲੀ ਗੱਲ ਹੈ। ਦੂਸਰੇ ਬੰਨੇ ਬਲਦੇਵ ਸਿੰਘ ਸੜਕਨਾਮਾ ਦੇ ਸਿੱਧੇ ਸਮੱਰਥਕ ਲੇਖਕ ਅਤੇ ਕੁਝ ਸਾਹਿਤਕ ਸੰਸਥਾਵਾਂ ਨਾਲ ਜੁੜੇ ਲੇਖਕ ਉਸ ਦੀ ਪਿੱਠ ਪਿੱਛੇ ਆਣ ਖੜੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ‘ਸਰਕਾਰੇ-ਦਰਬਾਰੇ’ ਵੀ ਪਹੁੰਚ ਕਰ ਰਹੇ ਹਨ ਕਿ ਸੋਸ਼ਲ-ਮੀਡੀਏ ‘ਤੇ ‘ਭੰਡੀ ਪ੍ਰਚਾਰ’ ਕਰਨ ਵਾਲਿਆਂ ਵਿਰੁੱਧ ‘ਸਾਈਬਰ-ਕਰਾਈਮ’ ਨਾਲ ਸਬੰਧਿਤ ਕੇਸ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਦੀ ‘ਫ਼ੇਸਬੁੱਕੀ ਜ਼ਬਾਨ’ ਬੰਦ ਕੀਤੀ ਜਾਵੇ, ਜਿਵੇਂ ਕਿ ਲੰਘੇ ਦਿਨੀਂ ਬਠਿੰਡੇ ਏਰੀਏ ਨਾਲ ਸਬੰਧਿਤ ਕੁਝ ਸਾਹਿਤਕਾਰ ਬਠਿੰਡਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਸ ਸਬੰਧੀ ਆਪਣਾ ਮੰਗ-ਪੱਤਰ ਦੇ ਕੇ ਆਏ ਹਨ। ਮੇਰੀ ਤੁੱਛ ਬੁੱਧੀ ਅਨੁਸਾਰ ਦੋਹਾਂ ਧਿਰਾਂ ਦੀ ਇਹ ਪਹੁੰਚ ਸਹੀ ਨਹੀਂ ਹੈ। ਭਾਰਤੀ ਸੰਵਿਧਾਨ ਅਤੇ ਹੋਰ ਵਿਕਸਿਤ ਦੇਸ਼ਾਂ ਦੇ ਸੰਵਿਧਾਨ ਅਨੁਸਾਰ ਹਰੇਕ ਨੂੰ ਲਿਖਣ ਅਤੇ ਬੋਲਣ ਦੀ ਆਜ਼ਾਦੀ ਪ੍ਰਦਾਨ ਕਰਦੇ ਹਨ। ਹਰ ਕੋਈ ਆਪਣੇ ਵਿਚਾਰ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰ ਸਕਦਾ ਹੈ ਅਤੇ ਜੇਕਰ ਕਿਸੇ ਵਿਅੱਕਤੀ ਨੂੰ ਉਸ ਦੇ ਵਿਚਾਰ ਚੰਗੇ ਨਹੀਂ ਲੱਗਦੇ ਤਾਂ ਉਸ ਨੂੰ ਆਪਣੀ ਗੱਲ ਦੂਸਰੇ ਨੂੰ ਦਲੀਲ ਨਾਲ ਸਮਝਾਉਣੀ ਚਾਹੀਦੀ ਹੈ। ਇਹ ਨਹੀਂ ਕਿ ਉਹ ਉਸ ਦੇ ਗਲ਼ ਹੀ ਪੈ ਜਾਵੇ ਜਾਂ ਗਾਹਲਾਂ ‘ਤੇ ਉੱਤਰ ਆਵੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਲਵੇ।
ਇੱਥੇ ਮੇਰਾ ਨਿੱਜੀ ਵਿਚਾਰ ਹੈ ਕਿ ਇਤਿਹਾਸ ਨੂੰ ਗਲਪ ਦਾ ਵਿਸ਼ਾ ਨਹੀਂ ਬਨਾਉਣਾ ਚਾਹੀਦਾ। ਇਤਿਹਾਸ ਨੂੰ ‘ਇਤਿਹਾਸ’ ਹੀ ਰਹਿਣ ਦੇਣਾ ਚਾਹੀਦਾ ਹੈ ਅਤੇ ਇਹ ਕੰਮ ਇਤਿਹਾਸਕਾਰਾਂ ਦੇ ‘ਅਧਿਕਾਰ-ਖ਼ੇਤਰ’ ਵਿਚ ਹੀ ਰਹਿਣਾ ਚਾਹੀਦਾ ਹੈ। ਨਾਵਲਾਂ ਤੇ ਕਹਾਣੀਆਂ ਲਈ ਸਮਾਜ ਵਿੱਚੋਂ ਸੈਂਕੜੇ ਨਹੀਂ, ਸਗੋਂ ਹਜ਼ਾਰਾਂ ਵਿਸ਼ੇ ਮਿਲ ਸਕਦੇ ਹਨ ਅਤੇ ਬਹੁਤ ਸਾਰੇ ਨਾਵਲਕਾਰ ਅਤੇ ਕਹਾਣੀਕਾਰ ਇਨ੍ਹਾਂ ਵਿਸ਼ਿਆਂ ਨਾਲ ਸਬੰਧਿਤ ਆਪਣੀਆਂ ਖ਼ੂਬਸੂਰਤ ਰਚਨਾਵਾਂ ਰਚ ਰਹੇ ਹਨ ਅਤੇ ਪਾਠਕ ਵੀ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦੇ ਰਹੇ ਹਨ। ਕੋਈ ਵੀ ਲੇਖਕ ਕਿਸੇ ਇਤਿਹਾਸਕ ਕਿਰਦਾਰ ਨੂੰ ਜਦੋਂ ਆਪਣੀ ਕਲਪਨਾ ਅਨੁਸਾਰ ਚਿਤਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਚ ਬਹੁਤ ਕੁਝ ਆਪਣੇ ਵੱਲੋਂ ‘ਰਲਗੱਡ’ ਕਰ ਜਾਂਦਾ ਹੈ ਜੋ ਉਸ ਇਤਿਹਾਸਕ ਪਾਤਰ ਦੇ ਕਿਰਦਾਰ ਨਾਲ ਮੇਲ ਨਹੀਂ ਖਾਂਦਾ। ਸਮਾਜ ਵਿੱਚੋਂ ਕੁਝ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਅਤੇ ਉਹ ਉਸ ਦੇ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਹੋਇਆਂ ‘ਵਾਵੇਲਾ’ ਖੜ੍ਹਾ ਕਰ ਦਿੰਦੇ ਹਨ। ਇਸ ਨਾਵਲ ਦੇ ਕੇਸ ਵਿਚ ਵੀ ਅਜਿਹਾ ਹੀ ਹੋਇਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਲਦੇਵ ਸਿੰਘ ਨੇ ‘ਅੰਨਦਾਤਾ’ ਅਤੇ ‘ਲਾਲਬੱਤੀ ਚੌਂਕ’ ਵਰਗੇ ਵਧੀਆ ਸਮਾਜਿਕ ਨਾਵਲ ਪੰਜਾਬੀ ਪਾਠਕਾਂ ਨੂੰ ਦਿੱਤੇ ਹਨ ਅਤੇ ਟਰੱਕ-ਡਰਾਈਵਰਾਂ ਦੀ ਜੀਵਨ-ਸ਼ੈਲੀ ਬਾਰੇ ਲਿਖੀ ਗਈ ਵਿਲੱਖਣ ਪੁਸਤਕ ‘ਸੜਕਨਾਮਾ’ ਕਰਕੇ ਉਸ ਦਾ ‘ਤਖ਼ਲੱਸ’ ਵੀ ‘ਸੜਕਨਾਮਾ’ ਪੈ ਗਿਆ, ਹਾਲਾਂ ਕਿ ਉਹ ਆਪ ਇਸ ਨੂੰ ਲਿਖਤ ਵਿਚ ਨਹੀਂ ਲਿਆਉਂਦਾ। ਫਿਰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹ ਇਤਿਹਾਸਕ ਨਾਵਲਕਾਰੀ ਦੇ ਚੱਕਰ ਵਿਚ ਕਿਉਂ ਪੈ ਗਿਆ? ਇਕ ਅਖ਼ਬਾਰ ਵਿਚ ਬਲਦੇਵ ਸਿੰਘ ਦੇ ਛਪੇ ਇਕ ਲੇਖ ਅਨੁਸਾਰ ਉਸ ਨੇ ਇਸ ਨਾਵਲ ਬਾਰੇ ਸਪੱਸ਼ਟੀਕਰਨ ਦਿੰਦਿਆਂ ਹੋਇਆਂ ਕਿਹਾ ਹੈ ਕਿ ਕੁਝ ਹੋਰ ਸਿੱਖ ਸ਼ਖ਼ਸੀਅਤਾਂ ਬਾਬਾ ਦੀਪ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ ਸਬੰਧੀ ਇਤਿਹਾਸਕ ਨਾਵਲ ਉਸ ਦੇ ਵਿਚਾਰ ਅਧੀਨ ਸੀ ਪਰ ਹੁਣ ਉਸ ਨੇ ਇਹ ਨਾ ਲਿਖਣ ਦਾ ਫੈਸਲਾ ਕਰ ਲਿਆ ਹੈ। ਉਪਰੋਕਤ ਲੇਖ ਵਿਚ ਉਸ ਨੇ ਮੰਨਿਆਂ ਹੈ ਕਿ ਪੁਸਤਕਾਂ ਵਿਚ ਦਰਜ ਵੇਰਵਿਆਂ ਅਤੇ ਲੋਕ-ਮਨਾਂ ਵਿੱਚ ਵੱਸੇ ਕਿਰਦਾਰਾਂ ਵਿਚ ਬੜਾ ਅੰਤਰ ਹੈ। ਲੋਕ ਆਪਣੇ ਮਨਾਂ ਵਿਚ ਵੱਸੇ ਹੋਏ ਕਿਰਦਾਰਾਂ ਦੇ ਵਿਰੁੱਧ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹਨ ਅਤੇ ਉਸ ਦੇ ਅਨੁਸਾਰ ਜੇਕਰ ਲੋਕ ਚਾਹੁਣ ਤਾਂ ਉਹ ਉਸਦੇ ਇਸ ਨਾਵਲ ਨੂੰ ਰੱਦ ਕਰ ਸਕਦੇ ਹਨ। ਏਸੇ ਅਖ਼ਬਾਰ ਦੇ ਏਸੇ ਹੀ ਪੰਨੇ ਉੱਪਰ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਨੇ ਆਪਣੇ ਲੇਖ ‘ਸੂਰਜ ਦੀ ਅੱਖ ਦੇ ਅੱਥਰੂ’ ਵਿਚ ਬਲਦੇਵ ਸਿੰਘ ਦੇ ਨਾਵਲ ਵਿਚ ਦਰਜ ਕੁਝ ਚੰਗੀਆਂ ਘਟਨਾਵਾਂ ਦੇ ਹਵਾਲੇ ਦਿੰਦਿਆਂ ਕਿਹਾ ਹੈ,”ਇਤਿਹਾਸਕ ਤੱਥਾਂ ਦੀ ਸੱਚਾਈ ਤਾਂ ਇਤਿਹਾਸਕਾਰ ਹੀ ਪਰਖ਼ ਸਕਦੇ ਹਨ ਪਰ ਤੱਥ ਜਦੋਂ ਇਤਿਹਾਸਕ ਪੁਸਤਕ ਤੋਂ ਨਾਵਲ ਜਾਂ ਫ਼ਿਲਮ ਵਿਚ ਆਉਂਦੇ ਹਨ ਤਾਂ ਇਹ ਕਈ ਗੁਣਾਂ ‘ਐਂਪਲੀਫ਼ਾਈ’ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਚਿਤਰਣ ਲਈ ਕਲਾਮਈ-ਸੰਜਮ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਉਹ ਕਹਿੰਦਾ ਹੈ,”ਮੈਨੂੰ ਇਸ ਨਾਵਲ ਵਿਚ ਉਸ ਕਲਾਮਈ-ਸੰਜਮ ਅਤੇ ਸ਼ਾਇਸਤਗ਼ੀ ਦੀ ਘਾਟ ਮਹਿਸੂਸ ਹੋਈ ਹੈ।” ਇਸ ਤੋਂ ਪਹਿਲਾਂ ਪ੍ਰਸਿੱਧ ਕਵੀ ਗੁਰਭਜਨ ਗਿੱਲ। ਜਨਮੇਜਾ ਸਿੰਘ ਜੌਹਲ ਅਤੇ ਕਈ ਹੋਰ ਲੇਖਕ ਵੀ ਇਸ ਸਬੰਧੀ ਇਨ੍ਹਾਂ ਨਾਲ ਮਿਲਦੇ-ਜੁਲਦੇ ਵਿਚਾਰ ਪ੍ਰਗਟ ਕਰ ਚੁੱਕੇ ਹਨ। ਲੱਗਦਾ ਹੈ ਕਿ ਇਨ੍ਹਾਂ ਲੇਖਕਾਂ ਵੱਲੋਂ ਦਿੱਤੀਆਂ ਗਈਆਂ ਰਾਵਾਂ ਅਤੇ ਸਲਾਹਾਂ ਦੇ ਮੱਦੇ-ਨਜ਼ਰ ਹੀ ਬਲਦੇਵ ਸਿੰਘ ਵੱਲੋਂ ਇਸ ਸਪੱਸ਼ਟੀਕਰਨ ਆਇਆ ਹੈ ਅਤੇ ਇਸ ਦੇ ਨਾਲ ਉਸ ਦੇ ਨਾਵਲ ‘ਸੂਰਜ ਦੀ ਅੱਖ’ ਬਾਰੇ ਛਿੜਿਆ ਇਹ ਵਿਵਾਦ ਮੱਠਾ ਪੈ ਜਾਵੇਗਾ ਅਤੇ ਇਤਿਹਾਸਕ ਨਾਵਲ ਲਿਖਣ ਵਾਲੇ ਲੇਖਕ ‘ਲੋਕ-ਮਨ’ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਭਵਿੱਖ ਵਿਚ ਕਾਫ਼ੀ ਸੋਚ-ਵਿਚਾਰ ਕੇ ਅਜਿਹੀਆਂ ਸਿਾਹਿਤਕ ਕਰਤਾਂ ਦੀ ਰਚਨਾ ਕਰਨਗੇ।
ਦੂਸਰੇ ਪਾਸੇ ਪਿਛਲੇ ਮਹੀਨੇ 21 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸੱਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਬਣੀ ਫ਼ਿਲਮ ‘ਬਲੈਕ ਪ੍ਰਿੰਸ’ ਦੀ ਵੀ ਬੜੀ ਚਰਚਾ ਚੱਲ ਰਹੀ ਹੈ। ਅਖ਼ਬਾਰਾਂ, ਰਸਾਲਿਆਂ ਅਤੇ ਇਲੈਕਟ੍ਰਾਨਿਕ ਮੀਡੀਏ ਵਿਚ ਇਸ ਦੇ ਬਾਰੇ ਬੜੇ ਵਧੀਆ ਰੀਵਿਊ ਆ ਰਹੇ ਹਨ। ਜਿਹੜੇ ਲੋਕ ਇਹ ਫ਼ਿਲਮ ਵੇਖ ਚੁੱਕੇ ਹਨ, ਉਹ ਇਸ ਬਾਰੇ ਵਧੀਆ ਤੇ ਉਸਾਰੂ ਚਰਚਾ ਕਰ ਰਹੇ ਹਨ। ਕੋਈ ਗਾਇਕ ਸਤਿੰਦਰ ਸਰਤਾਜ ਵੱਲੋਂ ਫ਼ਿਲਮ ਪਹਿਲੀ ਵਾਰ ਕੀਤੀ ਗਈ ਵਧੀਆ ਅਦਾਕਾਰੀ ਦੀ ਗੱਲ ਕਰ ਰਿਹਾ ਹੈ ਅਤੇ ਕੋਈ ਹਿੰਦੀ ਫ਼ਿਲਮਾਂ ਦੀ ਮਹਾਨ ਅਦਾਕਾਰਾ ਸ਼ਬਾਨਾ ਆਜ਼ਮੀ ਵੱਲੋਂ ਨਿਭਾਏ ਗਏ ਰਾਣੀ ਜਿੰਦਾਂ ਦੇ ਪ੍ਰਭਾਵਸ਼ਾਲੀ ਕਿਰਦਾਰ ਅਤੇ ਉਸ ਦੇ ਕਲਾਤਮਿਕ ਹਾਵ-ਭਾਵਾਂ ਦੀ ਤਾਰੀਫ਼ ਕਰ ਰਿਹਾ ਹੈ ਜਿਨ੍ਹਾਂ ਨਾਲ ਇਸ ਨਾਇਕਾ ਨੇ ‘ਰਾਣੀ ਜਿੰਦਾਂ’ ਦੇ ਕਿਰਦਾਰ ਵਿਚ ਜਾਨ ਪਾ ਦਿੱਤੀ ਹੈ।
ਫ਼ਿਲਮਾਂ ਮੈਂ ਵੈਸੇ ਘੱਟ ਹੀ ਵੇਖਦਾ ਹਾਂ ਪਰ ਇਸ ਫ਼ਿਲਮ ਦੀ ਸ਼ੋਭਾ ਚਾਰੇ ਪਾਸਿਉਂ ਸੁਣ ਕੇ ਇਹ ਵੇਖਣ ਦੀ ਇੱਛਾ ਮਨ ਵਿਚ ਪ੍ਰਗਟ ਹੋਈ ਅਤੇ ਲੰਘੇ ਸੋਮਵਾਰ ਆਪਣੀ ਪਤਨੀ ਦੇ ਨਾਲ ਇਹ ਇਤਿਹਾਸਕ ਫ਼ਿਲਮ ਵੇਖਣ ਗਿਆ। ਵੇਖ ਕੇ ਤਸੱਲੀ ਹੋਈ ਕਿ ਫਿਲਮ ਵਿਚ ਉੱਘੇ-ਗਾਇਕ ਸਤਿੰਦਰ ਸਰਤਾਜ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਕਿਰਦਾਰ ਨਾਲ ਕਾਫ਼ੀ ਹੱਦ ਤੱਕ ਇਨਸਾਫ਼ ਕੀਤਾ ਗਿਆ ਹੈ। ਸ਼੍ਰੋਮਣੀ-ਢਾਡੀ ਸੋਹਣ ਸਿੰਘ ਸੀਤਲ ਦੀਆਂ ਦੋ ਪੁਸਤਕਾਂ ‘ਸਿੱਖ ਰਾਜ ਕਿਵੇਂ ਗਿਆ?’ ਤੇ ‘ਦੁਖੀਏ ਮਾਂ-ਪੁੱਤ’ ਅਤੇ ਪੰਜਾਬ ਦੇ ਇਤਿਹਾਸ ਬਾਰੇ ਕਈ ਹੋਰ ਪੁਸਤਕਾਂ ਵਿਚ ਦਰਜ ਵੇਰਵਿਆਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ-ਰਾਜ ਦੀ ਦੁਰਗ਼ਤੀ ਅਤੇ ਮਹਾਰਾਜਾ ਦਲੀਪ ਸਿੰਘ ਤੇ ਰਾਣੀ ਜਿੰਦਾਂ ਦੇ ਦਰਦਨਾਕ-ਵਿਛੋੜੇ ਦੀ ਹਾਲਤ ਬਾਰੇ ਭਾਵੇਂ ਪਹਿਲਾਂ ਕਾਫ਼ੀ ਪੜ੍ਹਿਆ ਸੀ ਪਰ ਇਸ ਫ਼ਿਲਮ ਵਿਚ ਵੱਡੇ ਪਰਦੇ ਉੱਪਰ ਇਹ ਸੱਭ ਵੇਖ ਕੇ ਹੋਰ ਵੀ ਚੰਗਾ ਲੱਗਾ। ਕਿੰਨਾ ਕਰੁਣਾ-ਮਈ ਦ੍ਰਿਸ਼ ਹੈ ਜਦੋਂ ਸਾਜਿਸ਼ ਹੇਠ ਛੋਟੇ ਬੱਚੇ ਦਲੀਪ ਸਿੰਘ ਨੂੰ ਉਸ ਦੀ ਮਾਤਾ ਤੋਂ ਜੁਦਾ ਕਰ ਦਿੱਤਾ ਜਾਂਦਾ ਹੈ ਅਤੇ ਰਾਣੀ ਜਿੰਦਾਂ ਨੈਪਾਲ ਵਿਚ ਕੈਦ ਇਸ ‘ਪੁੱਤਰ-ਵਿਛੋੜੇ’ ਵਿਚ ਆਪਣੀ ਅੱਖਾਂ ਦੀ ਜੋਤ ਲੱਗਭੱਗ ਗਵਾ ਲੈਂਦੀ ਹੈ।
ਮਾਂ-ਪੁੱਤ ਦਾ ਕਲਕੱਤੇ ਵਿਚ ਮਿਲਾਪ ਅਤੇ ਫਿਰ ਇੰਗਲੈਂਡ ਦੀ ਰਾਣੀ ਮਲਕਾ ਵਿਕਟੋਰੀਆ ਦੇ ਸ਼ਾਹੀ-ਮਹੱਲ ਵਿਚ ਰਾਣੀ ਜਿੰਦਾਂ ਦੇ ਆਖ਼ਰੀ ਦਿਨਾਂ ਦੀ ਅਦਾਕਾਰੀ ਬੌਲੀਵੁੱਡ ਦੀ ਪ੍ਰੋੜ੍ਹ-ਕਲਾਕਾਰ ਸ਼ਬਾਨਾ ਆਜ਼ਮੀ ਵੱਲੋਂ ਸਿਖ਼ਰ ‘ਤੇ ਹੈ। ਉਸ ਦੇ ਸੀਮਤ ਜਿਹੇ ਰੋਲ ਵਿਚ ਡਾਇਲਾਗ ਭਾਵੇਂ ਸੀਮਤ ਹੀ ਹਨ ਪਰ ਉਸ ਦੇ ਹੈਦਰਾਬਾਦੀ ਪਿਛੋਕੜ ਹੋਣ ਦੇ ਬਾਵਜੂਦ ਇਹ ਬੜੀ ਠੇਠ-ਪੰਜਾਬੀ ਵਿਚ ਬੋਲੇ ਗਏ ਹਨ ਅਤੇ ਉਸ ਦੇ ਮੂੰਹੋਂ ਇਹ ਬੜੇ ਫੱਬੇ ਹਨ। ਉਦਾਰਹਣ ਵਜੋਂ, ਮਹਾਂਰਾਣੀ ਵਿਕਟੋਰੀਆ ਦੇ ਨਾਲ ਚਾਹ ਪੀਂਦਿਆਂ ਹੋਇਆਂ ਉਸ ਵੱਲੋਂ ਇਹ ਕਹਿਣਾ ਕਿ ”ਇਹ ਪਿਆਲੀਆਂ ਤਾਂ ਚੋਰੀ ਦੀਆਂ ਲੱਗਦੀਆਂ ਹਨ, ਤੁਸਾਂ ਤਾਂ ਇਨ੍ਹਾਂ ਦੇ ਨਾਲ ਸਾਡਾ ਰਾਜ ਵੀ ਚੁਰਾ ਲਿਆ” ਬੜਾ ਸੁਭਾਵਿਕ ਲੱਗਦਾ ਹੈ। ਇੰਜ ਹੀ, ਉਸ ਵੱਲੋਂ ਆਪਣੇ ਪੁੱਤਰ ਦਲੀਪ ਸਿੰਘ ਨੂੰ ਕਹਿਣਾ,”ਨਿਰੀ ਚਾਹ ਹੀ ਪਿਆ ਛੱਡੀ ਇਹਨੇ ਤਾਂ, ਨਾਲ ਕੁਝ ਖਵਾਇਆ ਵੀ ਨਹੀਂ” ਅਤੇ ”ਤੂੰ ਪ੍ਰਿੰਸ ਨਹੀਂ, ਮਹਾਰਾਜਾ ਹੈ, ਮਹਾਰਾਜਾ। ਜਾ ਕੇ ਆਪਣਾ ਰਾਜ-ਭਾਗ ਸੰਭਾਲ” ਬੜੇ ਹੀ ਕਲਾਤਮਕ ਅੰਦਾਜ਼ ਵਿਚ ਹਨ।
ਸਤਿੰਦਰ ਸਰਤਾਜ ਦੀ ਪਹਿਲੀ ਫ਼ਿਲਮ ਹੋਣ ਦੇ ਬਾਵਜੂਦ ਉਸ ਦੀ ਅਦਾਕਾਰੀ ਵਿਚ ਕਈ ਥਾਈਂ ਕਲਾਤਮਿਕ-ਛੋਹਾਂ ਹਨ। ਮਹਾਰਾਜਾ ਦਲੀਪ ਸਿੰਘ ਦੇ ਸੀਰੀਅਸ ਰੋਲ ਨੂੰ ਉਹ ਬਾਖ਼ੂਬੀ ਨਿਭਾ ਗਿਆ ਹੈ। ਉਸ ਦੇ ਵੱਲੋਂ ਲਿਖੇ ਅਤੇ ਗਾਏ ਗਏ ਦੋ-ਤਿੰਨ ਗੀਤ ‘ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ’,’ਚੰਨਾਂ ਵੇ ਤੇਰੀ ਚਾਨਣੀ ਦਾ, ਰੁੱਸਿਆ ਫਿਰੇ ਪਰਛਾਵਾਂ’ ਅਤੇ ‘ਟੁਰ ਜਾਣੀਆਂ ਇਹ ਰੁੱਤਾਂ ਟੁਰ ਜਾਣੀਆਂ’ ਜੋ ਬੈਕ-ਗਰਾਊਂਡ ਮਿਊਜ਼ਿਕ ਦੇ ਰੂਪ ਵਿਚ ਪੇਸ਼ ਕੀਤੇ ਗਏ ਹਨ, ਦਰਸ਼ਕਾਂ ਨੂੰ ਧੁਰ ਅੰਦਰੋਂ ਝੰਜੋੜਦੇ ਹਨ। ਅਰੂੜ ਸਿੰਘ, ਠਾਕਰ ਸਿੰਘ ਸੰਧਾਵਾਲੀਆ ਅਤੇ ਕਈ ਅੰਗਰੇਜ਼ ਪਾਤਰਾਂ ਦੇ ਰੂਪ ਵਿਚ ਹੋਰ ਸਹਾਇਕ ਕਲਾਕਾਰਾਂ ਨੇ ਵੀ ਆਪੋ-ਆਪਣੀਆਂ ਭੂਮਿਕਾਵਾਂ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਹੈ।
ਕਈ ਆਲੋਚਕ ਇਸ ਫ਼ਿਲਮ ਵਿਚ ਕਈ ਤਰ੍ਹਾਂ ਦੇ ਨੁਕਸ ਵੀ ਕੱਢ ਰਹੇ ਹਨ, ਅਖੇ ਇਸ ਵਿਚ ਇਤਿਹਾਸ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ, ਦਲੀਪ ਸਿੰਘ ਦੇ ਕਿਰਦਾਰ ਨੂੰ ਕਮਜ਼ੋਰ ਵਿਖਾਇਆ ਗਿਆ ਹੈ, ਆਦਿ। ਇਸ ਦੇ ਜੁਆਬ ਵਿਚ ਇਸ ਫ਼ਿਲਮ ਨੂੰ ਬਨਾਉਣ ਵਾਲੀ ਟੀਮ ਦੇ ਮੈਂਬਰ ਜਿਨ੍ਹਾਂ ਵਿਚ ਕੁਝ ਇਤਿਹਾਸਕਾਰ ਵੀ ਸ਼ਾਮਲ ਹਨ, ਆਲੋਚਕਾਂ ਵੱਲੋਂ ਉਠਾਏ ਗਏ ਨੁਕਤਿਆਂ ਦੇ ਜੁਆਬ ਵੀ ਤਸੱਲੀ-ਪੂਰਵਕ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਮਿਆਰੀ ਇਤਿਹਾਸਕ ਪੁਸਤਕਾਂ ਚੰਗੀ ਤਰ੍ਹਾਂ ਪੜ੍ਹ ਕੇ ਅਤੇ ਵਿਚਾਰ ਕੇ ਇਸ ਫ਼ਿਲਮ ਦੀ ਸਕਰਿਪਟ ਤਿਆਰ ਕੀਤੀ ਹੈ। ਕੁਲ ਮਿਲਾ ਕੇ ਇਹ ਫਿਲ਼ਮ ਸਿੱਖ ਇਤਿਹਾਸ ਦੇ ਦਰਦਨਾਕ ਵਰਕੇ ਫੋਲਣ ਵਿਚ ਕਾਮਯਾਬ ਹੋਈ ਹੈ। ਨਿਰੇ ਸਿੱਖ ਪਰਿਵਾਰਾਂ ਨੂੰ ਹੀ ਨਹੀਂ, ਸਗੋਂ ਸਾਰੇ ਪੰਜਾਬੀਆਂ ਨੂੰ ਇਹ ਫ਼ਿਲਮ ਆਪ ਜ਼ਰੂਰ ਵੇਖਣੀ ਹੀ ਚਾਹੀਦੀ ਹੈ ਅਤੇ ਇਹ ਬੱਚਿਆਂ ਨੂੰ ਵੀ ਵਿਖਾਉਣੀ ਚਾਹੀਦੀ ਹੈ ਤਾਂ ਜੋ ਉਹ ਵੀ ਮਾਣਮੱਤੇ ਸਿੱਖ ਇਤਿਹਾਸਕ-ਵਿਰਸੇ ਤੋਂ ਜਾਣੂੰ ਹੋ ਸਕਣ।
– 647-567-9128

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …