ਰਾਜਵਿੰਦਰ ਸਿੰਘ ਰਾਜਾ
ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਹੈ। ਇਸ ਧਰਤੀ ਦੇ ਕਿਸਾਨ ਨੂੰ ਦੇਸ਼ ਦੇ ਅੰਨਦਾਤੇ ਦਾ ਦਰਜਾ ਮਿਲਿਆ ਹੈ। ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਿਹਾ, ਪਰ ਇਹ ਕਿਉਂ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਸਵੇਰ ਵੇਲੇ ਜਦੋਂ ਕੋਈ ਵੀ ਅਖ਼ਬਾਰ ਲੈ ਲਵੋ ਉਸ ਵਿੱਚ ਕਿਸਾਨ ਨੇ ਆਤਮ ਹੱਤਿਆ ਕੀਤੀ ਜਿਹੀ ਖ਼ਬਰ ਹਰੇਕ ਅਖ਼ਬਾਰ ਦੀ ਸੁਰਖੀਆਂ ਵਿੱਚ ਮਿਲ ਜਾਂਦੀ ਹੈ। ਕੀ ਕਦੇ ਸੋਚਿਆ ਅਜਿਹਾ ਕਿਉਂ?
ਪਹਿਲੀ ਗੱਲ ਖੇਤੀ ਵਿੱਚ ਲਗਾਤਾਰ ਘਾਟਾ ਪੈਣ ਕਾਰਨ ਕਿਸਾਨ ਦੀ ਹਾਲਤ ਬਹੁਤ ਤਰਸਯੋਗ ਹੋ ਚੁੱਕੀ ਹੈ। ਗੱਲ ਪੁਰਾਣੇ ਸਮੇਂ ਪਰਿਵਾਰਾਂ ਦਾ ਇਕੱਠ ਹੁੰਦਾ ਸੀ ਤੇ ਜ਼ਮੀਨ ਵੀ ਇਕੱਠੀ ਹੁੰਦੀ ਸੀ। ਪਰ ਅੱਜਕੱਲ੍ਹ ਪਰਿਵਾਰਾਂ ਦੀ ਵੰਡ ਹੋਣ ਕਾਰਨ ਜ਼ਮੀਨ ਦੀ ਵੰਡ ਵੀ ਹੁੰਦੀ ਹੈ। ਜੋ ਕਿ ਥੋੜ੍ਹੀ ਜ਼ਮੀਨ ਹੋਣ ਕਾਰਨ ਬਹੁਤ ਸਾਰੇ ਕਿਸਾਨ ਖੇਤੀ ਦੇ ਧੰਦੇ ਨੂੰ ਛੱਡ ਚੁੱਕੇ ਹਨ। ਜੋ ਖੇਤੀਬਾੜੀ ਧੰਦੇ ਨਾਲ ਜੁੜ ਚੁੱਕੇ ਹਨ ਉਹ ਸੋਚਦੇ ਹਨ ਕਿ ਖੇਤੀਬਾੜੀ ਦਾ ਕੰਮ ਤਾਂ ਕਰਨਾ ਹੀ ਪੈਣਾ ਹੈ, ਕਿਉਂਕਿ ਉਹ ਹੋਰ ਕੰਮ ਨਹੀ ਜਾਣਦੇ। ਇਸ ਲਈ ਉਹ ਆਪਣੇ ਨਾਲ ਲੱਗਦੀ ਜ਼ਮੀਨ ਵੀ ਠੇਕੇ ਤੇ ਲੈ ਲੈਂਦੇ ਹਨ। ਕਈ ਵਾਰ ਚੰਗੀ ਫਸਲ ਲੱਗ ਜਾਣ ਤੇ ਚੰਗਾ ਭਾਅ ਮਿਲ ਜਾਂਦਾ ਹੈ ਤੇ ਕਿਸਾਨ ਦੀ ਮਿਹਨਤ ਪੱਲੇ ਪੈ ਜਾਂਦੀ ਹੈ। ਪਰ ਇਸ ਤਰ੍ਹਾਂ ਹਰ ਵਾਰ ਨਹੀ ਹੁੰਦਾ, ਸ਼ਾਇਦ ਕੁਦਰਤ ਨੂੰ ਵੀ ਇਹ ਮਨਜੂਰ ਨਹੀ। ਚੰਗੀ ਫਸਲ ਅਤੇ ਚੰਗੇ ਭਾਅ ਲਈ ਚੰਗੇ ਬੀਜ ਤੇ ਖਾਦਾਂ ਦੀ ਲੋੜ ਹੁੰਦੀ ਹੈ। ਪਰ ਪਿੱਛੇ ਜਿਹੇ ਨਰਮੇ ਦੀ ਸਾਰੀ ਫਸਲ ਤੇ ਚਿੱਟੀ ਮੱਖੀ ਦਾ ਹਮਲਾ ਹੋਣ ਕਾਰਨ ਸਾਰੀ ਫਸਲ ਖ਼ਰਾਬ ਹੋ ਗਈ, ਜਿਸਨੇ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਕਿਉਂਕਿ ਕਿਸਾਨ ਫਸਲ ਤੇ ਹੀ ਨਿਰਭਰ ਹੁੰਦਾ ਹੈ। ਉਸਦੇ ਸਾਰੇ ਕੰਮ ਤੇ ਲੈਣ-ਦੇਣ ਫਸਲ ਆਉਣ ਤੇ ਹੀ ਨਿਰਭਰ ਹੁੰਦਾ ਹੈ। ਕਿਸਾਨ ਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਦੇ ਧੰਦੇ ਨਿਰਭਰ ਹਨ। ਫਸਲ ਨਾ ਹੋਣਾ, ਠੇਕੇ ਵਾਲੀ ਜ਼ਮੀਨ, ਵਿਆਹ ਸ਼ਾਦੀਆਂ ਦੇ ਖਰਚੇ ਅਤੇ ਹੋਰ ਅਨੇਕਾਂ ਖਰਚੇ ਕਿਸਾਨ ਦੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ।
ਕਿਸਾਨ ਜਿਸ ਬਾਰੇ ਅਕਸਰ ਕਹਾਵਤਾਂ ਬਣੀਆਂ ਹੋਈਆਂ ਹਨ ਕਿ ਇਹ ਵੱਡੀ-ਵੱਡੀ ਮੁਸੀਬਤ ਵੇਖ ਕੇ ਨਹੀ ਡਰਦਾ, ਪਰ ਅੱਜ ਹਲਾਤਾਂ ਦੀ ਮਾਰ ਬਰਦਾਸ਼ਤ ਨਾ ਕਰਦਾ ਹੋਇਆ ਉਹ ਆਤਮ ਹੱਤਿਆ ਦੇ ਰਾਹ ਪੈ ਚੁੱਕਾ ਹੈ। ਕਈ ਵਾਰ ਇਕ ਫ਼ਸਲ ਨਸ਼ਟ (ਖ਼ਰਾਬ) ਹੋ ਜਾਣ ਤੇ ਉਹ ਅਗਲੀ ਫ਼ਸਲ ਦੀ ਤਿਆਰੀ ਲਈ ਜੁਟ ਜਾਂਦਾ ਹੈ। ਚੰਗੀ ਫ਼ਸਲ ਹੋਣੀ ਪਰ ਚੰਗਾ ਭਾਅ ਨਾ ਮਿਲਣ ਕਰਕੇ ਕਿਸਾਨ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ। ਕਈ ਵਾਰ ਬਿਲਕੁਲ ਤਿਆਰ ਫਸਲ ਤੇ ਜਦ ਕੁਦਰਤ ਦਾ ਕਹਿਰ ਢਹਿੰਦਾ ਹੈ ਤਾਂ ਉਸ ਸਥਿਤੀ ਨੂੰ ਕਿਸਾਨ ਹੀ ਸਮਝ ਸਕਦਾ। ਕਿਉਂਕਿ ਪੁੱਤਾਂ ਵਾਂਗ ਦਿਨ-ਰਾਤ ਰਾਖੀ ਕਰਕੇ ਤਿਆਰ ਕੀਤੀ ਫਸਲ ਨੂੰ ਕੁਦਰਤ ਮਿੰਟਾਂ-ਸਕਿੰਟਾਂ ਵਿੱਚ ਤਬਾਹ ਕਰ ਦਿੰਦੀ ਹੈ। ਉਸ ਸਥਿਤੀ ਵਿਚ ਕਿਸਾਨ ਦੇ ਸੀਨੇ ਉੱਪਰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਸੱਪ ਉਸਦੇ ਸੀਨੇ ਵਿੱਚ ਡੰਗ ਮਾਰ ਰਿਹਾ ਹੋਵੇ। ਪਿੱਛੇ ਜਿਹੇ ਅਖ਼ਬਾਰ ਵਿਚ ਇਕ ਸੁਰਖੀ ਤੋਂ ਪਤਾ ਲੱਗਦਾ ਹੈ ਕਿ ਇਕ ਕਿਸਾਨ ਨੇ ਆਪਣੀ ਲੜਕੀ ਦੇ ਵਿਆਹ ਵਾਲੇ ਦਿਨ ਖੁਦਕੁਸ਼ੀ ਕਰ ਲਈ। ਇਸ ਤਰ੍ਹਾਂ ਹੋਰ ਅਨੇਕਾਂ ਪ੍ਰਕਾਰ ਦੀਆਂ ਘਟਨਾਵਾਂ ਮਿਲ ਜਾਂਦੀਆਂ ਹਨ।
ਡੇਅਰੀ ਦਾ ਧੰਦਾ ਕਿਸਾਨ ਦੇ ਨਾਲ ਸਬੰਧਤ ਧੰਦਾ ਹੈ, ਇਸਨੂੰ ਕਾਫੀ ਲਾਭਦਾਇਕ ਕਿਹਾ ਜਾਂਦਾ ਹੈ। ਪਰ ਅੱਜ ਉਹ ਵੀ ਖਰਚੇ ਵਧਣ ਕਰਕੇ ਘਾਟੇ ਦਾ ਕੰਮ ਬਣ ਚੁੱਕਿਆ ਹੈ। ਉਸਨੂੰ ਵੀ ਬਹੁਤ ਸਾਰੇ ਕਿਸਾਨ ਛੱਡ ਚੁੱਕੇ ਹਨ, ਕਿਉਂਕਿ ਮਹਿੰਗਾਈ ਦੇ ਦੌਰ ਵਿੱਚ ਇਹ ਧੰਦਾ ਵੀ ਘਾਟੇ ਵੱਲ ਜਾ ਰਿਹਾ ਹੈ। ਮੇਰਾ ਇਕ ਦੋਸਤ ‘ਰਾਜਾ ਕਿੱਕਰ ਖੇੜਾ’ ਜੋ ਇਸ ਧੰਦੇ ਨਾਲ ਜੁੜਿਆ ਸੀ, ਉਸਨੇ ਦੱਸਿਆ ਕਿ ‘ਬਾਈ ਜੀ ਇਸ ਵਿੱਚੋਂ ਕੁਝ ਨਹੀ ਬਚਦਾ ਮਸਾਂ ਖਰਚਾ ਹੀ ਪੂਰਾ ਹੁੰਦਾ ਸੀ।’ ਧੰਦੇ ਵਿੱਚ ਘਾਟੇ ਦੇ ਬਾਵਜੂਦ ਵੀ ਕਿਸਾਨ ਆਪਣੇ ਫ਼ਰਜ ਪੂਰੇ ਕਰਦਾ ਹੈ, ਕਿਉਂਕਿ ਸ਼ਾਹੂਕਾਰਾਂ ਤੋਂ ਲਏ ਕਰਜੇ ਹਜ਼ਾਰਾਂ ਤੋਂ ਲੱਖਾਂ ਰੁਪਏ ਬਣ ਜਾਂਦੇ ਹਨ ਪਰ ਉਹ ਇਹ ਕਰਜ਼ਾ ਨਹੀ ਮੋੜ ਸਕਦਾ। ਬੈਂਕਾਂ ਦੇ ਵਿਆਜ, ਬੈਂਕਾਂ ਦੀਆਂ ਲਿਮਟਾਂ ਵਾਲੇ ਹਰ ਰੋਜ਼ ਪੈਸੇ ਲੈਣ ਲਈ ਘਰੇ ਗੇੜੇ ਮਾਰਨ ਤੇ ਉਹ ਮਾਨਸਿਕ ਪ੍ਰੇਸ਼ਾਨੀ ਵਿੱਚ ਗੁਜ਼ਰਦਾ ਰਹਿੰਦਾ ਹੈ ਤੇ ਅੰਤ ਇਕ ਦਿਨ ਆਤਮ-ਹੱਤਿਆ ਕਰ ਲੈਂਦਾ ਹੈ।
ਸਾਰੇ ਦੇਸ਼ ਦਾ ਅੰਨਦਾਤਾ ਅਖ਼ਵਾਉਣ ਵਾਲਾ ਕਿਸਾਨ ਅੱਜ ਕਿਹੜੇ ਰਾਹ ਨੂੰ ਤੁਰ ਪਿਆ ਹੈ। ਪੋਹ ਮਾਘ ਦੀਆਂ ਠੰਡੀਆਂ ਰਾਤਾਂ, ਜੇਠ ਹਾੜ ਦੀ ਗਰਮੀ ‘ਤੇ ਸੱਪਾਂ ਦੇ ਸਿਰਾਂ ਤੇ ਪੈਰ ਰੱਖ ਕੇ ਆਪਣੇ ਕੰਮ ਵਿੱਚ ਲਗਾਤਾਰ ਜੁੜਿਆ ਰਹਿੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਬੀਜ, ਕੀਟਨਾਸ਼ਕ, ਰਸਾਇਣਕ ਖ਼ਾਦ ਪੂਰੀ ਜਾਂਚ ਤੋਂ ਬਾਅਦ ਕਿਸਾਨੀ ਨੂੰ ਮੁਹੱਈਆ ਕਰਾਇਆ ਜਾਵੇ। ਫਸਲਾਂ ਦੇ ਉਚਿਤ ਭਾਅ ਨਿਰਧਾਰਤ ਕੀਤੇ ਜਾਣ। ਕਿਸਾਨ ਵੀਰੋ! ਆਤਮ ਹੱਤਿਆ ਕੋਈ ਮੁਸ਼ਕਿਲ ਦਾ ਹੱਲ ਨਹੀਂ, ਤੁਸੀ ਤਾਂ ਆਤਮ ਹੱਤਿਆ ਕਰ ਲਈ ਪਰ ਕਦੇ ਸੋਚ ਕੇ ਵੇਖੋ ਬਾਕੀ ਪਰਿਵਾਰ ਦਾ ਕੀ ਬਣੂਗਾ ਜੋ ਤੁਹਾਡੇ ਤੇ ਨਿਰਭਰ ਹੈ। ਕਿਸਾਨ ਜੇ ਮੁੜ ਲੀਹ ਤੇ ਆਉਣਾ ਲੋਚਦਾ ਹੈ ਤਾਂ ਉਸਨੂੰ ਵੀ ਬੇਫਜੂਲ ਖਰਚਿਆਂ ਨੂੰ ਬੰਦ ਕਰਨਾ ਪਵੇਗਾ ਤਾਂ ਹੀ ਆਪਣੇ ਪਰਿਵਾਰ ਨਾਲ ਖੁਸ਼ੀ ਭਰੀ ਜਿੰਦਗੀ ਬਤੀਤ ਕਰੇ। ਹੇ ਪ੍ਰਮਾਤਮਾ ਤੇਰੇ ਅੱਗੇ ਅਰਦਾਸ ਕਰਦੇ ਹਾਂ ਕਿ ਮੇਰੇ ਦੇਸ਼ ਦੇ ਕਿਸੇ ਕਿਸਾਨ ਨੂੰ ਤੱਤੀ ਵਾਅ ਨਾ ਲੱਗੇ।
ਮੋਬਾ : 95691-04777